ਇਹ ਕਿਹੜਾ ਸਤਿਕਾਰ ——ਕੁਝ ਸੋਚੋ ?

ਦੋਸਤੋ ਅੱਜ ਆਪਣੇ ਮਿੱਤਰ ਦੇ ਸੱਦੇ ਤੇ ਉਹਨਾਂ ਵਲੋਂ ਕਰਵਾਏ ਅਖੰਡ ਪਾਠ ਦੇ ਭੋਗ ਤੇ ਸ਼ਾਮਿਲ ਹੋਣ ਲਈ ਗੁਰੂ ਘਰ ਪਹੁੰਚਣ ਤੇ ਬਹੁਤ ਹੀ ਤਰਸਯੋਗ ਸੀਨ ਵੇਖਣ ਨੂੰ ਮਿਲਿਆ,ਗੁਰੂ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਦੇਗ ਵਰਤਾਈ ਜਾ ਰਹੀ ਸੀ,ਦੇਗ ਲੈਣ ਸਾਰ ਹੀ ਲੋਕ ਖੜੇ ਹੋ ਹੋ ਕੇ ਆਪੋ ਆਪਣੀ ਜੁੰਡਲੀਆਂ ਬਣਾ ਆਪਣੀਆਂ ਜਕੜੀਆਂ ਵੱਢਣ ਲਗ ਪਏ,ਬੀਬੀਆਂ ਨੇ ਤਾਂ ਹੱਦ ਹੀ ਮੁਕਾ ਦਿੱਤੀ ਸੀ,ਉੱਚੀ ਆਵਾਜ਼ ਚ ਆਪਣੇ ਸੋਹਲੇ ਗਾਉਣ ਚ ਇਹ ਵੀ ਭੁੱਲ ਗਈਆਂ ਸਨ ਕੇ ਯੁਗੋਂ ਯੁਗ ਅਟੱਲ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਤਿਕਾਰ ਵੀ ਕਰਨਾ ਹੁੰਦਾ, ਮਹਾਰਾਜ ਦੀ ਤਾਬਿਆ ਬੈਠੇ ਭਾਈ ਸਾਹਿਬ ਨੂੰ ਵੀ ਗੋਲਕ ਦੀ ਮਾਇਆ ਦੇ ਗੱਫੇ ਨੂੰ ਵੇਖਦਿਆਂ ਇਹ ਯਾਦ ਨੀ ਆਇਆ ਕਿ ਮੈਂ ਇਹਨਾਂ ਸੰਗਤ ਰੂਪੀ ਬੰਦੇ ਬੰਦੀਆਂ ਨੂੰ ਮਾਈਕ ਤੋਂ ਸੰਬੋਧਨ ਕਰਕੇ ਕਹਾਂ ਕਿ ਤੁਹਾਡਾ ਪਿਓ ਹਾਲੇ ਤੁਹਾਡੇ ਸਾਮ੍ਹਣੇ ਬਿਰਾਜਮਾਨ ਹੈ,ਤੁਸੀਂ ਇਸ ਤਰਾਂ ਕਰਕੇ ਕਿਹੜਾ ਸਤਿਕਾਰ ਕਰ ਰਹੇ ਹੋ,ਪਰ ਦੋਵੇਂ ਪੱਖ (ਪ੍ਰਬੰਧਕ ਅਤੇ ਪ੍ਰਚਾਰਕ) ਹੀ ਆਪੋ ਆਪਣੀਆਂ ਜਿੰਮੇਵਾਰੀ ਤੋਂ ਬਾਗੀ ਦਿਖਾਈ ਦੇ ਰਹੇ ਸਨ।
ਇਹ ਸਭ ਵੇਖ ਮਨ ਵਿਚ ਕਈ ਸਵਾਲ ਆ ਰਹੇ ਸਨ:-

-ਕਿ ਪਰਲ ਐਸ ਬਕ ਨੇ ਇਹ ਸੱਚ ਹੀ ਕਿਹਾ ਹੈ ਕਿ ਸਿੱਖੀ ਨੂੰ ਜੇਕਰ ਖਤਰਾ ਹੈ ਤਾਂ ਕੇਵਲ ਸਿੱਖਾਂ ਕੋਲੋਂ,ਕਿਉਂਕਿ ਸਿੱਖ ਨਾ ਗੁਰਬਾਣੀ ਨੂੰ ਪੜ੍ਹ ਪਾਏ ਹਨ,ਨਾ ਹੀ ਸਮਝ ਪਾਏ ਹਨ ਅਤੇ ਨਾ ਹੀ ਇਸ ਦਾ ਗਿਆਨ ਵੰਡ ਪਾਏ ਹਨ।

-ਜਦੋਂ ਅਧਿਆਪਕ ਕਲਾਸ ਚ ਹੋਵੇ ਤਾਂ ਵਿਦਿਆਰਥੀ ਕਲਾਸ ਛੱਡ ਕੇ ਨਹੀਂ ਜਾਂਦੇ ਪਰ ਅਸੀਂ ਤਾਂ ਗੁਰੂ ਗਰੰਥ ਸਾਹਿਬ ਨੂੰ ਆਪਣੇ ਪਿਤਾ ਮੰਨਦੇ ਹਾਂ ਤੇ ਨਿਰਾਦਰ ਦੀਆਂ ਹੱਦਾਂ ਬੰਨੇ ਟੱਪ ਜਾਂਦੇ ਹਾਂ————ਕਿਉਂ

-ਜਦੋਂ ਗੁਰੂ ਦੇ ਦਰਬਾਰ ਵਿਚ ਜਾ ਕੇ ,ਵਿਚਰ ਕੇ ਅਸੀਂ ਸਤਿਕਾਰ ਨਹੀਂ ਦੇਂਦੋਂ ਫੇਰ ਕਾਰਾਂ ਚ ਲਟਕਾਏ ਵੱਡੇ ਵੱਡੇ ਖੰਡੇ ਕਿਸ ਨੂੰ ਵਿਖਾਉਣ ਲਈ—-?

-ਜਦੋਂ ਅਸੀਂ ਆਪ ਹੀ ਪਿਓ ਤੋਂ ਬਾਗੀ ਹੋ ਗਏ ਹਾਂ ਤਾਂ ਆਉਣ ਵਾਲੀ ਪੀੜ੍ਹੀ ਨੂੰ ਕੀ ਸਿਖਿਆ ਦੇਵਾਂਗਾ ਅਤੇ ਕੀ ਆਸ ਰੱਖਾਂਗੇ—?

-ਸਿਆਣੇ ਕਹਿੰਦੇ ਸਨ ਕਿ ਜੇਕਰ ਜਾਨਵਰ ਪਿਆਰ ਨਾਲ ਨਾ ਚੱਲੇ ਤਾਂ “ਆਰ” ਨਾਲ ਰਾਹ ਤੇ ਲਿਆਈਦਾ ਹੈ,ਜੇ ਕਰ ਭਵਿਖ ਚ ਸਾਡੇ ਪ੍ਰਚਾਰਕ ਇਸ ਤਰਾਂ ਹੀ ਆਪਣੇ ਫਰਜ਼ਾਂ ਤੋ ਭਜਦੇ ਰਹੇ,ਤਾਂ ਸਿੱਖ,ਸਿੱਖੀ ਦਾ ਤਾਂ ਰੱਬ ਹੀ ਰਾਖਾ।

ਸਾਨੂੰ ਆਪਣੇ ਆਪ ਨੂੰ ਵਾਚਣ ਦੀ ਲੋੜ ਹੈ ਤੇ ਆਪਾ ਸੁਧਾਰ ਹੀ ਕੁੱਝ ਚੰਗਾ ਲੋਚ ਸਕਦੇ ਹਾਂ,

ਗੁਰਮਿੰਦਰਪਾਲ ਸਿੰਘ