ਪੰਜਾਬੀ ਲੋਕ ਸਾਹਿਤ, ਲੋਕ ਸੰਗੀਤ ਅਤੇ ਲੋਕ ਕਲਾਵਾਂ ਦੀ ਤ੍ਰਿਵੈਣੀ

ਯੁਵਾ ਪੀੜੀ ਦੇ ਅਜ਼ਾਦ ਖਿਆਲ |

ਅੱਜ ਮੈਂ ਤਕਰੀਬਨ ੩ ਦਹਾਕੇ ਪੁਰਾਣੀ ਹੋ ਗਈ ਹਾਂ ਤੇ ਸ਼ਾਇਦ ਮੇਰੀ ਸੋਚ ਵੀ | ਮੈਨੂੰ ਅੱਜ ਵੀ ਇਹੋ ਮਹਿਸੂਸ ਹੁੰਦਾ ਕੀ ਜਦ ਤੱਕ ਮੁੰਡਾ ਕੁੜੀ ੨੩ ਸਾਲ ਦੀ ਉਮਰ ਭਾਵ Graduate / Post Graduate ਨਹੀ ਹੋ ਜਾਂਦੇ ਉਹਨਾ ਨੂੰ ਮਾਪਿਆਂ ਦੇ ਨਾਲ ਹੀ ਰਹਿਣਾ ਚਾਹਿਦਾ ਹੈ , ਇਹ ਮੇਰੀ ਆਪਣੀ ਸੋਚ ਹੈ , ਹਰ ਕਿਸੇ ਤੇ ਲਾਗੂ ਹੋਵੇ ਇਹ ਕੋਈ ਲਾਜ਼ਮੀ ਨਹੀ , ਪਰ ਇਸ ਸੋਚ ਪਿਛੇ ਇੱਕ ਠੋਸ ਵਜਾਹ ਵੀ ਹੈ ਜੋ ਮੈਨੂੰ ਪਿਛਲੇ ੩ ਸਾਲ ਤੋ ਅੰਦਰੋ ਅੰਦਰੀ ਖਾ ਰਹੀ ਹੈ , ਜਿਹਨੂੰ ਮੈਂ ਇੱਕ ਲੇਖ ਦੇ ਜ਼ਰੀਏ ਕਲਮਬੰਦ ਕਰ ਰਹੀ ਹਾਂ ਤੇ ਇਹ ਉਮੀਦ ਕਰਦੀ ਹਾਂ ਕੀ ਮੇਰੇ ਵਲੋਂ ਵਜਹ ਦੱਸੀ ਜਾਣ ਤੇ ਸ਼ਾਇਦ ਕੁਝ ਕੁ ਮਾਪੇ ਆਪਣੇ ਅਨਭੋਲ ਬਚਿਆਂ ਨੂੰ ਇਹ ਦਿਨੋ ਦਿਨ Student Visa ਦੀ ਘਰ ਘਰ ਚ ਵਧ ਰਹੀ ਅੱਗ ਤੋ ਬਚਾ ਸਕਣ | ਕੀ ਹੈ ਇਹ Student Visa ਵਿਦੇਸ਼ ਜਾਣ ਦਾ , ਭਵਿਖ ਬਨਾਉਣ ਦਾ ਸਭ ਤੋ ਸੋਖਾ ਜ਼ਰਿਆ , ਪਰ ਇਹ ਸੋਖਾ ਜ਼ਰਿਆ ਹਰ ਸਾਲ ਅਨਗਿਣਤ ਬਚਿਆ ਦਾ ਬਚਪਨ , ਜਵਾਨੀ ਰੋਲ ਰਿਹਾ ਕੀ ਕਿਸੇ ਨੂੰ ਇਹ ਖਬਰ ਹੈ , ਸੁਨਿਹਰੀ ਦੇਸ਼ਾ ਵਿੱਚ ਉੱਜਵਲ ਭਵਿਖ ਦੀ ਆਸ ਚ ਗਏ ਵਿਦਿਆਰਥੀ ਕਿਸ ਭੱਠੀ ਚ ਰੋਜ਼ ਝੁਲਸ ਦੇ ਨੇ ਸ਼ਾਇਦ ਇਸ ਗਲ ਦਾ ਇਲਮ ਤਾ ਮਾਪਿਆਂ ਨੂੰ ਹੈ ਹੀ ਨਹੀ , ਉਹਨਾ ਨੂੰ ਤਾਂ ਦਿਸਦੇ ਨੇ ਸਿਰਫ ( ਡਾਲਰ ) ਆਪਣੇ ਬਚਿਆਂ ਨੂੰ ਉਚੀ ਪੜਾਈ ਲਈ ਵਿਦੇਸ਼ ਭੇਜਣਾ ਕੋਈ ਬੁਰੀ ਗਲ ਨਹੀ , ਪਰ ਘਟੋ ਘੱਟ ਉਹਨਾ ਦੀ ਉਮਰ ਤਾਂ ਦੇਖੋ , ਇਹ ਤਾਂ ਸੋਚੋ ਕੀ ਇਹ ਉਥੇ ਜਾ ਕੇ ਕਿਦਾਂ ਰਹਿਣਗੇ , ੧੦੦ ਦੁੱਖ ਤਕਲੀਫਾ ਜ਼ਿੰਦਗੀ ਚ ਆਉਂਦੀਆਂ ਨੇ ਕਿਵੇਂ ਸਹਿਣਗੇ ਇਹਨਾ ਦੀ ਨਿਆਣੀ ਮੱਤ ਕੀਤੇ ਇਹਨਾ ਨੂੰ ਗਲਤ ਰਾਹ ਤੇ ਨਾ ਲੈ ਤੁਰੇ , ਅਣਭੋਲ ਉਮਰ ਚ ਕੀਤੇ ਕੋਈ ਗਲਤੀ ਨਾ ਕਰ ਬੈਠਣ ਜਿਹਦਾ ਨਤੀਜਾ ਚੰਗਾ ਤੇ ਮੰਦਾ ਵੀ ਹੋ ਸਕਦੇ | ਅਕਸਰ ਸਿਆਣੀਆ ਨੂੰ ਕਹਿੰਦੀਆਂ ਸੁਣਿਆ ” ਅਕਲ ਬਦਾਮ ਖਾਣ ਨਾਲ ਨਹੀ ਧੱਕੇ ਖਾਣ ਨਾਲ ਆਉਂਦੀ ਹੈ” , ਇਹ ਕਥਨ ਹਰ ਪਖੋ ਸਚ ਹੈ , ਉਹਨਾ ਲਈ ਜੋ ਵਿਗੜੇ ਹੁੰਦੇ ਹਨ , ਉਹਨਾ ਲਈ ਨਹੀ ਜੋ ਮਾਨਸਿਕ ਰੂਪ ਵਜੋ ਜਜ਼ਬਾਤੀ ਹੋਣ ਇਹ ਇੱਕ ਬਹੁਤ ਹੀ ਸੰਜੀਦਾ ਸ਼੍ਰੇਣੀ ਹੈ , ਜਿਸ ਵਿੱਚ ਇਨਸਾਨ ਕੋਈ ਵੀ ਗਲਤ ਕਦਮ ਚੁੱਕ ਸਕਦਾ , Psychologically ਇਹ ਲੋਕ ਬਹੁਤ ਕਮਜ਼ੋਰ ਬੁਧੀ ਦੇ ਮਾਲਕ ਹੁੰਦੇ ਹਨ ਇਹ ਦਿਮਾਗ ਨਾਲੋ ਦਿਲ ਦੀ ਵਰਤੋ ਜ਼ਿਆਦਾ ਕਰਦੇ ਹਨ ਤੇ ਨਤੀਜੇ ਵਜੋ ਧੋਖਾ ਜ਼ਰੁਰ ਖਾਂਦੇ ਹਨ ਤੇ ਉਸਦੇ ਬਹੁਤ ਭਿਆਨਕ ਨਤੀਜੇ ਇਹ ਕੀ ਇਹਨਾ ਦਾ ਕਿਸੇ ਤੇ ਵੀ ਵਿਸ਼ਵਾਸ ਨਹੀ ਰਹਿੰਦਾ ਤੇ ਇਹ ਆਪਣੀ ਮੰਜਿਲ ਤੋ ਟੁੱਟ ਗੁਮਰਾਹ ਹੋ ਮਾੜੀ ਸੰਗਤ , ਨਸ਼ੀਲੇ ਪਦਾਰਥਾਂ ਦੀ ਵਰਤੋ , ਜੋ ਇਹਨਾ ਨੂੰ ਇਹਨਾ ਦੀ ਇਕਲਤਾ ਵਿੱਚ ਅਸਿਹ ਲਾਹੇਵੰਦ ਲੱਗਦੀ ਹੈ , ਕਿਸੇ ਨੂੰ ਖੁਸ਼ ਦੇਖ ਰੰਗ ਚ ਭੰਗ ਪਉਣ ਚ ‘ ਹੀ ਇਹਨਾ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ , ਸਹੀ ਦਿਸ਼ਾ ਚ ਦਿਮਾਗ ਨਾ ਕੰਮ ਕਰਨ ਤੇ ਲੋਕ ਇਹਨਾ ਨੂੰ ਆਪਣੀ ਲੋੜ ਅਨੁਸਾਰ ਇਸਤੇਮਾਲ ਕਰਕੇ ਸੁੱਟ ਦਿੰਦੇ ਹਨ ਤੇ ਇਹ ਖੁਦਕੁਸ਼ੀ ਵਰਗੇ ਭਿਆਨਕ ਫੈਂਸਲੇ ਨੂੰ ਅੰਜਾਮ ਦੇ ਬਹਿੰਦੇ ਹਨ | ” ਪਰਦੇਸ ਇੱਕ ਬਹੁਤ ਹੀ ਖੂਬਸੂਰਤ ਸੋਨੇ ਦਾ ਪਿੰਜਰਾ ਹੈ ” ਜਿਸ ਵਿੱਚ ਆ ਕੇ ਹਰ ਕੋਈ ਰਹਿਣਾ ਮੰਗਦਾ , ਆਉ ਜੀ ਸਦਕੇ ਪਰਿਵਾਰ ਸਮੇਤ ਆਉ ਤੁਹਾਡਾ ਬਚਾ ਹੁਸ਼ਿਆਰ ਹੈ ਉਹਨੂੰ ਪੜਨ ਲਈ ਜ਼ਰੁਰ ਭੇਜੋ ਪਰ ਇਕ ਸਹੀ ਉਮਰ ਤੇ ਜਦ ਉਹ ਆਪਣਾ ਆਪ ਪਹਿਚਾਣ ਲਵੇ , ਆਪਣੀਆਂ ਜ਼ਿਮੇਵਾਰੀਆਂ ਨੂੰ ਸਮਝੇ , ਕਈ ਬਚੇ ਬਹੁਤ ਛੋਟੀ ਉਮਰ ਚ ਹੀ ਘਰ ਪਰਿਵਾਰ ਦੀ ਹਰ ਲੋੜ , ਦੁੱਖ ਤਕਲੀਫ਼ ਸਮਝਣ ਲੱਗਦੇ ਨੇ ਤੇ ਅਗਾਂਹ ਵੱਧ ਕੇ ਬੁਹਖੂਬੀ ਨਿਭਾਉਂਦੇ ਵੀ ਨੇ ਪਰ ਕਿੰਨੇ ੧੦੦੦ ਮਗਰ ਇੱਕ , ਹਰ ਮਾਪਿਉ ਦਾ ਸੁਪਨਾ ਹੁੰਦਾ ਔਲਾਦ ਨੂੰ ਉਚੇ ਮੁਕਾਮ ਤੇ ਦੇਖਣਾ , ਤੇ ਦੂਜੇ ਦੇ ਬੱਚੇ ਨਾਲ ਤੁਲਣਾ ਕਰਨੀ ਪਰ ਕਿਉਂ , ਜੇ ਹੱਥ ਦੀਆਂ ਪੰਜ ਉਂਗਲਾਂ ਇੱਕ ਬਰੋਬਰ ਨਹੀ ਤਾਂ ਫੇਰ ਇਹ ਬੱਚੇ ਕਿਵੇਂ , ਜੇ ਅਸੀਂ ਇਹ ਗਲ ਸਮਝ ਲਈਏ ਤਾਂ ਸਾਰੀ ਕਹਾਣੀ ਸੁਲਝ ਜਾਵੇ ਪਰ ਨਹੀ ਇਹ ਮੰਨਣਾ ਬਹੁਤ ਔਖਾ , ਕਿਉਂਕਿ ਅਸੀਂ ਇਨਸਾਨ ਹਾਂ ਸਾਡੀਆਂ ਇਛਾਵਾਂ ਵੱਡੀਆਂ ਨੇ ਇਸ ਲਈ ਅਸੀਂ ਆਪਣੇ ਸੁਫਨੇ ਪੂਰੇ ਕਰਨ ਲਈ ਆਪਣੇ ਬਚਿਆਂ ਨੂੰ ਸੂਲੀ ਟੰਗਦੇ ਹਾਂ ਤੇ ਉਹ ਇਹ ਸੂਲੀ ਤੱਕ ਦਾ ਸਫਰ ਕਿਦਾਂ ਤੈ ਕਰਦੇ ਨੇ ਪਰਦੇਸ ਜਾ ਕੇ ਇਹ ਵੀ ਨਿਗਾਹ ਮਾਰਲੀਏ | ਅਉਣ ਸਾਰ ਕੰਮ ਦੀ ਤਲਾਸ਼ ਜੋ ਕੀ SIN Number ਨਾ ਹੋਣ ਤੇ ਕੈਸ਼ ਹੀ ਮਿਲਦਾ ਹੈ ੩ ਡਾਲਰ ਯਾਂ ਫੇਰ ੫ ਡਾਲਰ | ਬੱਚੇ ਪੜਾਈ ਛੱਡ ਕੰਮ ਲਭਦੇ ਨੇ ਤੇ ਫਿਰ ਦਿਨ ਰਾਤ ਇੱਕ ਕਰ ਫੀਸ ਜੋੜਦੇ ਨੇ ਤੇ ਆਪਣਾ ਮਹੀਨੇ ਦਾ ਖਰਚ ਪੂਰਾ ਕਰਦੇ ਨੇ , ਖੈਰ ਇਹ ਸਿਲਸਿਲਾ ਤਾਂ ਪੜਾਈ ਮੁਕਣ ਤੱਕ ਇੰਝ ਹੀ ਚੱਲਦਾ ਜਿਹਨਾ ਦੇ ਮਾਪੇ ਖਰਚਾ ਚੁੱਕਣ ਲਾਇਕ ਹੁੰਦੇ ਨੇ ਉਹ Sin Number ਦੀ ਉਡੀਕ ਕਰਦੇ ਨੇ ਤੇ ਫਿਰ ਹਫਤੇ ਚ ੨੦ ਘੰਟੇ ਕਮ ਕਰਦੇ ਨੇ | ਇਥੇ ਆ ਕੇ ਬੱਚੇ ਕਿਹੜੇ ਕੰਮ ਕਰਦੇ ਨੇ Restaurant , Cleaning Company , Pizza Store , Car wash , Truck Driver , Grocery Store ਪੰਜਾਬੀਆਂ ਦੇ ਨੇ ਤੇ ਸਾਡੇ ਬੱਚੇ ਇਥੇ ਇਕ ਜਿੰਦ ਇੱਕ ਜਾਨ ਲਾ ਕੇ ਕੰਮ ਕਰਦੇ ਨੇ , ਤੇ ਇਹ ਲੋਕ ਬਿਨਾ ਕਿਸੇ ਸ਼ਰਮ ਲਿਹਾਜ ਤੋ ਤੁਹਾਡੇ ਬਚਿਆਂ ਦਾ ਲਹੂ ਪੀਂਦੇ ਨੇ ਤੇ ੧੦੦ ਚੋ ੭੦ % ਲੋਕ ਪੈਸੇ ਵੀ ਨਹੀ ਦਿੰਦੇ ਕਾਰਣ ਕੈਸ਼ ਤੇ ਕੰਮ ਕਰਦੇ ਨੇ , ਇਹਦੇ ਵਿੱਚ ਜ਼ਿਆਦਾ ਸ਼ਿਕਾਰ ਹੁੰਦੀਆਂ ਨੇ ਕੁੜੀਆਂ ਜਿਹਨਾ ਦਾ ਰੱਜ ਕੇ ਸ਼ੋਸ਼ਣ ਕਿੱਤਾ ਜਾਂਦਾ ਤੇ ਉਹਨਾ ਨੂੰ ਇੱਕ ਵਰਤਣ ਵਾਲੀ ਚੀਜ ਮੰਨਿਆ ਜਾਂਦਾ | ਪਿਛੋ ਗਰੀਬ ਘਰਾਂ ਤੋ ਆਈਆਂ ਕੁੜੀਆਂ ਮਾਂ ਪਿਉ ਦੀ ਦਿੱਤੀ ਸਿਖਿਆ ਭੁੱਲ ਕੇ ਹੱਸਦੇ ਹੱਸਦੇ ਬਲੀ ਚੜਦੀਆਂ ਨੇ ਕਈ ਤਾਂ ਜੋੜਿਆਂ ਬਣਾ ਕੇ ਰਹਿੰਦੇ ਨੇ ੧ ਕਮਰੇ ਚ ਇੱਕ ਮੁੰਡਾ ਤੇ ਇੱਕ ਕੁੜੀ ਮੁੰਡਾ ਖਰਚਾ ਚੁੱਕਦਾ ਤੇ ਕੁੜੀ ਘਰ ਦਾ ਸਾਰਾ ਕੰਮ ਕਰਦੀ ਹੈ , ਇਥੇ ਇੱਕ ਕਹਾਵਤ ” ਅੱਖੋ ਉਹਲੇ ਸਮੁੰਦਰ ” ਕਿਹੜਾ ਸਾਨੂੰ ਕਿਸੇ ਨੇ ਦੇਖਿਆ ਚਲੋ ਕੋਈ ਗੱਲ ਨਹੀ ਪਰ ਸਾਡੀ ਆਤਮਾ ਉਹ ਤਾਂ ਹਰ ਗੱਲ ਦੀ ਗਵਾਹ ਹੈ , ਇਹਨਾ ਡੂਗਾ ਕੋਣ ਸੋਚਦਾ , ਮਾਪਿਆਂ ਨੂੰ ਚਾਅ ਕੀ ਸਾਡੀ ਕੁੜੀ ਤੇ ਮੁੰਡਾ ਤਾਂ ਐਸ਼ ਕਰਦੇ ਨੇ ਉਹਨਾ ਨੂੰ ਤਾਂ ਜਾਣ ਸਾਰ ਕੰਮ ਮਿਲਗਿਆ ਪਰਦੇਸ ਤਾਂ ਸਵਰਗ ਆ ਤੇ ” ਜੇ ਕੋਈ ਮੇਰੇ ਘਰਦਿਆਂ ਵਰਗਾ ਖਰਚਾ ਭੇਝਦਾ ਹੋਵੇ , ਲੈ ਤੁਹਾਡੀ ਕੁੜੀ ਨੂੰ ਕੰਮ ਨਹੀ ਮਿਲਿਆ, ਉਹ ਆਪ ਹੀ ਨਹੀ ਕਰਦੀ ਹੋਣੀ , ਕੀ ਮੈਨੂੰ ਤਾਂ ਆ ਹੀ ਜਾਣੇ ਨੇ | ਭਾਈ ਮੂਰਖੋ ਇਥੇ ਆ ਕੇ ਦੇਖੋ ਇਥੇ ਰਹਿੰਦੇ ਲੋਕਾਂ ਨੂੰ ਪੁਛੋ ਇਥੇ Student ਕਿਵੇਂ ਰਹਿੰਦੇ ਨੇ ਇਹ Tommy , Gucci , Coach , Michael Kores ਦੇ ਮਹਿੰਗੇ ਪਰਸ ਤੇ ਕੱਪੜੇ ਦੇ Brand ਇਹ ਕਿਵੇਂ ਪਾਉਂਦੇ ਨੇ ਕਿਵੇਂ ਰਾਤ ਨੂੰ ਫੈਕਟਰੀ ਚ ਕੰਮ ਤੇ ਦਿਨੇ Red Bull ਪੀ ਕੇ ਕਾਲੇਜ ਲਾਉਂਦੇ ਨੇ ਕਈ ਤਾਂ ਇਸ ਹੱਦ ਤੱਕ ਮਜਬੂਰ ਨੇ ਅਪਣਾ ਕਲਾਸ ਬਣਾਈ ਰਖਣ ਲਈ ਚੋਰੀ , ਸਮਗਲਿੰਗ ਵੀ ਕਰਦੇ ਨੇ ਜਿਹਦੇ ਵਿੱਚ ਕਾਲੇਜ ਦੇ ਮੁੰਡੇ ਕੁੜੀਆਂ ਵਧੇਰੇ ਗਿਣਤੀ ਚ ਨੇ , ਪੱਕੇ ਹੋਣ ਲਈ ਫੇਰ ਇਧਰ ਲਾ ਮੁੰਡਾ ਕੁੜੀ ਫਸਾਉਣ ਭਾਵੇਂ ਉਹਦਾ ਘਰ ਹੀ ਪੱਟਣਾ ਪਵੇ ਮੁੰਡੇ ਤੋ ਕੁੜੀ ੧੦ – ੧੫ ਸਾਲ ਵੱਡੀ ਹੋਵੇ ਜਾਂ ਛੋਟੀ ਦੋਨੋ ਕੈਸਾ ਚ ਇਹ ਉਮਰ ਦਾ ਅੰਤਰ ਕੋਈ ਅਹਮੀਅਤ ਨਹੀ ਰਖਦਾ ਮਾਪਿਆਂ ਲਈ ਇਹ ਪੱਕੇ ਹੋਣ ਤੇ ਬਾਕੀ ਦਾ ਟੱਬਰ ਛੇਤੀ ਕਨੇਡਾ , ਅਮਰੀਕਾ , ਅਸਟ੍ਰੇਲਿਆ ਪਹੁੰਚੇ ਬਸ ਇਹੋ ਚਾਹਤ ਹੈ | ਸੋਹਣਿਆ ਸੁਨਖੀਆਂ ਮੁਟਿਆਰਾ , ਜਵਾਨ ਗਬਰੂ ਮੁੰਡੇ ਕਦੋਂ ਅਪਣਾ ਬਚਪਨ ਤੇ ਜਵਾਨੀ ਗਵਾ ਲੈਂਦੇ ਨੇ ਉਹਨਾ ਨੂੰ ਖੁਦ ਨਹੀ ਪਤਾ ਲੱਗਦਾ , ਅਉਣ ਸਾਰ ਮੁੰਡੇ ਕੁੜੀਆਂ ਵਾਲ ਕਟਾਉਂਦੇ ਨੇ ਆਪਣੇ ਨਾਮ ਬਦਲਦੇ ਨੇ , ਅਖੇ ਗੋਰੇਆਂ ਨੂੰ ਔਖਾ ਲੱਗਦਾ ਸਾਡਾ ਨਾਮ ਲੈਣਾ ,ਇਹ ਵੀ ਠੀਕ ਆ .. ਸਾਡਾ ਇਹਨਾ ਵਰਗੇ ਦਿਖਣਾ ਜ਼ਰੂਰੀ ਹੈ ਉਹਨਾ ਕੋਲ ਹਰ ਗੱਲ ਦਾ ਵਾਜਿਬ ਜਵਾਬ ਹੈ , ਇਸ ਸਾਲ ਸਰਕਾਰ ਨੇ G I C ਇੱਕ ਸਕੀਮ ਬਣਾਈ ਜਿਸ ਵਿਚ ੧੦੦੦ ਡਾਲਰ ਬੱਚੇ ਦੇ ਪਰਿਵਾਰ ਵਲੋਂ ਖਰਚ ਦਿੱਤਾ ਜਾਵੇਗਾ ਤੇ ਉਹ ਪੈਸੇ ਕਿਸ਼ਤਾਂ ਚ ਹਰ ਮਹੀਨੇ ਖਰਚ ਦੇ ਤੋਰ ਤੇ ਉਹਨਾ ਨੂੰ ਬੈਂਕ ਵਲੋਂ ਮਿਲਣਗੇ ਇਸ ਸਕੀਮ ਦਾ ਲਾਭ ਇਹ ਸੀ ਕੀ ਬੱਚੇ ਇਥੇ ਆਕੇ ਗੈਰ ਕਾਨੂਨੀ ਢੰਗ ਨਾਲ ਕੋਈ ਕੰਮ ਨਾ ਕਰਨ ਭਾਵ , ਕੈਸ਼ ਤੇ ਕੰਮ ਨਾ ਕਰਨ ਦੇਖ ਕੇ ਦਿਲ ਨੂੰ ਹੋਂਸਲਾ ਮਿਲਿਆ ਚੱਲ ਹੁਣ ਮਾਪਿਆ ਵਲੋਂ ਮਿਲੀ ਰਕਮ ਇਹਨਾ ਨੂੰ ਮਦਦ ਕਰੇਗੀ ਪਰ ਦਿਮਾਗ ਉਸ ਵੇਲੇ ਸੁੰਨ ਹੋਗਿਆ ਜਦੋਂ ਇੰਡੀਆ ਤੋਂ ਆਉਣ ਸਾਰ ਦੂਜੇ ਤੀਜੇ ਦਿਨ ਇਹਨਾ ਨੇ Girlfriend Boyfriend ਬਣਾ ਲਏ ਤੇ ਗੱਲ ਇਸ ਹੱਦ ਤੱਕ ਵਧ ਗਈ ਕੀ ਇੱਕ ਦੂਜੇ ਦੇ ਘਰ ਜਾ ਕੇ ਰਹਿਣਾ , ਸ਼ਰਾਬ – ਬੀਅਰ – ਵਾਇਨ – ਵੋਡਕਾ ਵਰਗੇ ਨਸ਼ੇ ਇਹ ਆਮ ਹੀ ਕਰਨ ਲੱਗੇ ” ਇਹਨਾ ਦਾ ਕਾਰਨ ਇੱਕ ਦਮ ਮਿਲੀ ਆਜ਼ਾਦੀ .. ਵਾਹ ਉਏ ਬਚਿਓ ਕੀ ਕਹਿਣੇ ਤੁਹਾਡੇ ,ਜੇ ਕੋਈ ਵੱਡੀ ਉਮਰ ਦਾ ਇਹਨਾ ਨੂੰ ਰੋਕਦਾ ਹੈ , ਤਾਂ ਅੱਗਿਓ ਜਵਾਬ ਮਿਲਦਾ ” ਤੂੰ ਕੋਣ ਹੁੰਦਾ ਸਾਨੂੰ ਰੋਕਣ ਵਾਲਾ ਸਾਡੇ ਤਾਂ ਮਾਪਿਆਂ ਨੇ ਸਾਨੂੰ ਕਦੀ ਉਏ ਨਹੀ ਕਿਹਾ , ਸਾਡੇ ਮੂੰਹ ਚੋ ਬੋਲ ਨਹੀ ਥੱਲੇ ਡਿੱਗਣ ਦਿੱਤਾ ” ਹਾ ਹਾ ਹਾ ਹਾ ਸੁਣ ਕੇ ਹਾਸਾ ਤਾਂ ਆਇਆ ਪਰ ਗੁੱਸਾ ਵੀ, ਮਨਾ ਕੀ ਲੋੜ ਸੀ ਕਹਿਣ ਦੀ , ਖੈਰ ਜੇ ਇਹਨਾ ਦੇ ਮਾਪਿਆਂ ਨੂੰ ਹੀ ਫਿਕਰ ਨਹੀ ਅਸੀਂ ਕੀ ਲੈਣਾ ਇਸ ਮੋਕੇ ਤਾਂ ” ਇੱਕ ਚੁੱਪ ਸੋ ਸੁੱਖ ” ਹੀ ਚੰਗੀ , ਆਪਣੀ ਇਜ਼ਤ ਆਪਣੇ ਹੱਥ ਹੁੰਦੀ ਹੈ | ਇੰਡੀਆ ਵਿੱਚ ਇੱਕ ਸੋਚ ਹੈ ਕੀ ਇਹਨੂੰ ਘਰੋਂ ਬਾਹਰ ਭੇਝ ਦੋ ਜੇ ਵਿਗੜ ਗਿਆ ਆਪੇ ਸੁਧਰ ਜਾਉ ,ਪਰ ਕਿਵੇਂ ਉਥੇ ਕਿਹੜੀ ਡਾਂਗ ਅ ਜਿਹਦੇ ਤੋਂ ਇਹ ਡਰ ਜਾਣਗੇ , ਹਾਂ ਵਿਹਲੇ ਨੂੰ ਕੰਮ ਕਰਨਾ ਆ ਜਾਉ ਪਰ ਮਾੜੀ ਸੰਗਤ ਉਹਦੀ ਇਥੇ ਵੀ ਕੋਈ ਕਮੀ ਨਹੀ | ਕੁਝ ਬੱਚੇ ਪੜਨ ਵਾਲੇ ਵੀ ਨੇ ਪਰ ਕਿੰਨੇ ੧੦੦ ਚੋ ੫ ਇਸ ਤੋਂ ਜਿਆਦਾ ਨਹੀ ਤੇ ਉਹ ਇਹਨਾ ਗੱਲਾਂ ਤੋ ਗੁਰੇਜ ਰਖਦੇ ਨੇ ਪਰ ਕਿੰਨਾ ਚਿਰ ਇਸ ਸਮੇ ਦੀ ਭੇੜ ਚਾਲ ਚ ਫੱਸ ਹੀ ਜਾਂਦੇ ਨੇ ਤੇ ਮਾਡਰਨ ਬਣਨ ਲਈ ਇਹਨਾ ਨਾਲ ਮਿਲ ਬਹਿੰਦੇ ਨੇ ਹੁਣ ” ਪੰਜ ਵਿਚੋ ਰਹੀ ਗਏ ਤਿੰਨ ” ਉਹ ਕਿਵੇਂ ਜਿਹੜੇ ਅੱਜ ਵੀ ਡਰਦੇ ਨੇ ਮਾਪਿਆਂ ਦੀ ਬਦਨਾਮੀ ਤੋਂ ਇਹ ਡਰ ਉਹਨਾ ਨੂੰ ਰੋਕ ਲੈਂਦਾ… ਇੰਡੀਆ ਵਿੱਚ ਬੱਚੇ ਮਾਡਰਨ ਨੇ ਵਿਗੜੇ ਹੋਏ ਨੇ , ਪਰ ਉਹ ਮਾਪਿਆਂ ਦੀ ਦੇਖ ਰੇਖ ਹੈਠਾ ਨੇ ਚੰਗੇ ਮਾੜੇ ਆਪਣੇ ਘਰ ਨੇ ਇਨਾ ਮੁਲਕਾ ਚ ਸਭ ਤੋ ਵਧ ਘ੍ਰਿਣਾ ਸਾਡੇ ਦੇਸੀ ਪਰਿਵਾਰ ਹੀ ਕਰਦੇ ਨੇ ਨਵੇ ਆਏ ਬਚਿਆਂ ਤੋ ਕਿੱਟੀ ਪਾਰਟੀ ਚ ਉਹਨਾ ਦਾ ਮਜ਼ਾਕ ਉਡਾਇਆ ਜਾਂਦਾ , ਉਹਨਾ ਦੀ ਮਜਬੂਰੀ ਨੂੰ ਚੁਟਕਲੇ ਵਜੋ ਸੁਣਾਇਆ ਜਾਂਦਾ , ਭਾਵੇਂ ਆਪਦਾ ਜੁਆਕ ਜੋ ਮਰਜੀ ਕਰੇ ਉਹ ਬੇਬੀ ਆ ਤੇ ਦੂਜੇ ਦਾ ਜੁਆਕ ਕੀ ਇੱਕ ਲਵਾਰਿਸ ਕਿਉਂਕਿ ਉਹ ਇੱਕਲਾ ਨੈਣੀ ਸੁਪਨੇ ਭਰ ਕੇ ਦੂਰ ਪਰਦੇਸ ਆਗਿਆ | ਉਹਦੀ ਕਾਬਲੀਅਤ ਨੂੰ ਖੁਸ਼ੀ ਨਾਲ ਘੱਟ ਈਰਖਾ ਵਜੋਂ ਵਧ ਲੋਕ ਦੇਖਣਗੇ , ਆਪਣੇ ਬੱਚੇ ਜੋ ਜੀ ਆਵੇ ਉਹ ਕਰਨ ਪਰ International Student ਨਹੀ .. ਪਰ ਕਿਉਂ ? ਇਹ ਸਾਡੀ ” ਮਾਨਸਿਕ ਬੀਮਾਰ ਸੋਚ ” ਅਖੀਰ ਕਦੋਂ ਬਦਲੇਗੀ ਇਹ ਤਾਂ ਪਤਾ ਨਹੀ ਪਰ ਹੁਣ ਸਾਨੂੰ ਲੋੜ ਹੈ ਸੁਚੇਤ ਹੋਣ ਦੀ ਉਹਨਾ ਦਾ ਆਤਮ ਸਨਮਾਨ ਬਣਾਈ ਰਖਣ ਦੀ ਇੰਡੀਆ ਹੋਵੇ ਜਾਂ ਪਰਦੇਸ , ਵਧ ਤੋ ਵਧ ਸਮਾ ਬਚਿਆਂ ਨੂੰ ਦਿਉ ਕੋਈ ਤੁਹਾਡੇ ਬੱਚੇ ਦੀ ਜਿਮੇਵਾਰੀ ਲੈਣ ਵਾਲਾ ਅਪਣਾ ਹੈ ਤਾਂ ਉਹਨੂੰ ਭੇਜੋ ਬਾਹਰ ਪੜਨ ਲਈ , ਨਹੀ ਤਾਂ ਕੁਝ ਸਾਲ ਹੋਰ ਇੰਤਜਾਰ ਕਰਲੋ ਜਦੋਂ ਲੱਗੇ ਕੀ ਮਾੜੇ ਚੰਗੇ ਦੀ ਪਰਖ ਕਰ ਲੈਂਦੇ ਨੇ , ਗੁਮਰਾਹ ਨਹੀ ਹੋਣਗੇ ਫੇਰ ਭੇਜਦੋ … ਪਰਦੇਸ ਕਿਹੜਾ ਭੱਜੀ ਚੱਲੀ ਆ ਇਹਨੇ ਤਾਂ ਉਥੇ ਹੀ ਰਹਿਣਾ , ਨਹੀ ਰਹਿਣਾ ਤਾਂ ਸਿਰਫ , ਵਕ਼ਤ ਨੇ ਜੋ ਹਰ ਪੱਲ ਬਦਲਦਾ ਤੇ ਇਨਸਾਨ ਨੂੰ ਵੀ ਆਪਣੇ ਨਾਲ ਲੈ ਤੁਰਦਾ ਜੋ ਦਲੇਰ ਨੇ ਕਮਜ਼ੋਰ ਤੇ ਭਾਵੁਕ ਇਨਸਾਨ ਤਾਂ ਵਕ਼ਤ ਦੀ ਮਾਰ ਚ ਲੱਗੀ ਸੱਟ ਤੋਂ ਪੂਰੀ ਉਮਰ ਬਾਹਰ ਨਹੀ ਨਿਕਲਦੇ ਤੇ ਨਮੋਸ਼ੀਆਂ ਚ ਹੀ ਕੀਤੇ ਆਪਣੀਆਂ ਰੀਜਾਂ ਨੂੰ ਦਫਨ ਕਰ , ਇੱਕ ਬਨਾਵਟੀ ਜ਼ਿੰਦਗੀ ਜਿਉਂਦੇ ਰਹਿੰਦੇ ਨੇ | ਅਕਸਰ ਹੱਸਦੇ ਚਿਹਰਿਆਂ ਨੂੰ , ਸੱਧਰਾਂ ਅਧੂਰੀਆਂ ਰਵਾਉਂਦੀਆਂ ਨੇ … ਸਾਹਿਲ ਤੇ ਬਣੇ ਘਰੋਂਦਿਆ ਨੂੰ , ਜਿਵੇਂ ਲਹਿਰਾਂ ਆਕੇ ਢਾਹੁੰਦੀਆਂ ਨੇ … ਦਵਿੰਦਰ ਕੋਰ,ਕੈਨੇਡਾ

ਇਹ ਕਿਹੜਾ ਸਤਿਕਾਰ ——ਕੁਝ ਸੋਚੋ ?

ਦੋਸਤੋ ਅੱਜ ਆਪਣੇ ਮਿੱਤਰ ਦੇ ਸੱਦੇ ਤੇ ਉਹਨਾਂ ਵਲੋਂ ਕਰਵਾਏ ਅਖੰਡ ਪਾਠ ਦੇ ਭੋਗ ਤੇ ਸ਼ਾਮਿਲ ਹੋਣ ਲਈ ਗੁਰੂ ਘਰ ਪਹੁੰਚਣ ਤੇ ਬਹੁਤ ਹੀ ਤਰਸਯੋਗ ਸੀਨ ਵੇਖਣ ਨੂੰ ਮਿਲਿਆ,ਗੁਰੂ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਦੇਗ ਵਰਤਾਈ ਜਾ ਰਹੀ ਸੀ,ਦੇਗ ਲੈਣ ਸਾਰ ਹੀ ਲੋਕ ਖੜੇ ਹੋ ਹੋ ਕੇ ਆਪੋ ਆਪਣੀ ਜੁੰਡਲੀਆਂ ਬਣਾ ਆਪਣੀਆਂ ਜਕੜੀਆਂ ਵੱਢਣ ਲਗ ਪਏ,ਬੀਬੀਆਂ ਨੇ ਤਾਂ ਹੱਦ ਹੀ ਮੁਕਾ ਦਿੱਤੀ ਸੀ,ਉੱਚੀ ਆਵਾਜ਼ ਚ ਆਪਣੇ ਸੋਹਲੇ ਗਾਉਣ ਚ ਇਹ ਵੀ ਭੁੱਲ ਗਈਆਂ ਸਨ ਕੇ ਯੁਗੋਂ ਯੁਗ ਅਟੱਲ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਤਿਕਾਰ ਵੀ ਕਰਨਾ ਹੁੰਦਾ, ਮਹਾਰਾਜ ਦੀ ਤਾਬਿਆ ਬੈਠੇ ਭਾਈ ਸਾਹਿਬ ਨੂੰ ਵੀ ਗੋਲਕ ਦੀ ਮਾਇਆ ਦੇ ਗੱਫੇ ਨੂੰ ਵੇਖਦਿਆਂ ਇਹ ਯਾਦ ਨੀ ਆਇਆ ਕਿ ਮੈਂ ਇਹਨਾਂ ਸੰਗਤ ਰੂਪੀ ਬੰਦੇ ਬੰਦੀਆਂ ਨੂੰ ਮਾਈਕ ਤੋਂ ਸੰਬੋਧਨ ਕਰਕੇ ਕਹਾਂ ਕਿ ਤੁਹਾਡਾ ਪਿਓ ਹਾਲੇ ਤੁਹਾਡੇ ਸਾਮ੍ਹਣੇ ਬਿਰਾਜਮਾਨ ਹੈ,ਤੁਸੀਂ ਇਸ ਤਰਾਂ ਕਰਕੇ ਕਿਹੜਾ ਸਤਿਕਾਰ ਕਰ ਰਹੇ ਹੋ,ਪਰ ਦੋਵੇਂ ਪੱਖ (ਪ੍ਰਬੰਧਕ ਅਤੇ ਪ੍ਰਚਾਰਕ) ਹੀ ਆਪੋ ਆਪਣੀਆਂ ਜਿੰਮੇਵਾਰੀ ਤੋਂ ਬਾਗੀ ਦਿਖਾਈ ਦੇ ਰਹੇ ਸਨ। ਇਹ ਸਭ ਵੇਖ ਮਨ ਵਿਚ ਕਈ ਸਵਾਲ ਆ ਰਹੇ ਸਨ:- -ਕਿ ਪਰਲ ਐਸ ਬਕ ਨੇ ਇਹ ਸੱਚ ਹੀ ਕਿਹਾ ਹੈ ਕਿ ਸਿੱਖੀ ਨੂੰ ਜੇਕਰ ਖਤਰਾ ਹੈ ਤਾਂ ਕੇਵਲ ਸਿੱਖਾਂ ਕੋਲੋਂ,ਕਿਉਂਕਿ ਸਿੱਖ ਨਾ ਗੁਰਬਾਣੀ ਨੂੰ ਪੜ੍ਹ ਪਾਏ ਹਨ,ਨਾ ਹੀ ਸਮਝ ਪਾਏ ਹਨ ਅਤੇ ਨਾ ਹੀ ਇਸ ਦਾ ਗਿਆਨ ਵੰਡ ਪਾਏ ਹਨ। -ਜਦੋਂ ਅਧਿਆਪਕ ਕਲਾਸ ਚ ਹੋਵੇ ਤਾਂ ਵਿਦਿਆਰਥੀ ਕਲਾਸ ਛੱਡ ਕੇ ਨਹੀਂ ਜਾਂਦੇ ਪਰ ਅਸੀਂ ਤਾਂ ਗੁਰੂ ਗਰੰਥ ਸਾਹਿਬ ਨੂੰ ਆਪਣੇ ਪਿਤਾ ਮੰਨਦੇ ਹਾਂ ਤੇ ਨਿਰਾਦਰ ਦੀਆਂ ਹੱਦਾਂ ਬੰਨੇ ਟੱਪ ਜਾਂਦੇ ਹਾਂ————ਕਿਉਂ -ਜਦੋਂ ਗੁਰੂ ਦੇ ਦਰਬਾਰ ਵਿਚ ਜਾ ਕੇ ,ਵਿਚਰ ਕੇ ਅਸੀਂ ਸਤਿਕਾਰ ਨਹੀਂ ਦੇਂਦੋਂ ਫੇਰ ਕਾਰਾਂ ਚ ਲਟਕਾਏ ਵੱਡੇ ਵੱਡੇ ਖੰਡੇ ਕਿਸ ਨੂੰ ਵਿਖਾਉਣ ਲਈ—-? -ਜਦੋਂ ਅਸੀਂ ਆਪ ਹੀ ਪਿਓ ਤੋਂ ਬਾਗੀ ਹੋ ਗਏ ਹਾਂ ਤਾਂ ਆਉਣ ਵਾਲੀ ਪੀੜ੍ਹੀ ਨੂੰ ਕੀ ਸਿਖਿਆ ਦੇਵਾਂਗਾ ਅਤੇ ਕੀ ਆਸ ਰੱਖਾਂਗੇ—? -ਸਿਆਣੇ ਕਹਿੰਦੇ ਸਨ ਕਿ ਜੇਕਰ ਜਾਨਵਰ ਪਿਆਰ ਨਾਲ ਨਾ ਚੱਲੇ ਤਾਂ “ਆਰ” ਨਾਲ ਰਾਹ ਤੇ ਲਿਆਈਦਾ ਹੈ,ਜੇ ਕਰ ਭਵਿਖ ਚ ਸਾਡੇ ਪ੍ਰਚਾਰਕ ਇਸ ਤਰਾਂ ਹੀ ਆਪਣੇ ਫਰਜ਼ਾਂ ਤੋ ਭਜਦੇ ਰਹੇ,ਤਾਂ ਸਿੱਖ,ਸਿੱਖੀ ਦਾ ਤਾਂ ਰੱਬ ਹੀ ਰਾਖਾ। ਸਾਨੂੰ ਆਪਣੇ ਆਪ ਨੂੰ ਵਾਚਣ ਦੀ ਲੋੜ ਹੈ ਤੇ ਆਪਾ ਸੁਧਾਰ ਹੀ ਕੁੱਝ ਚੰਗਾ ਲੋਚ ਸਕਦੇ ਹਾਂ, ਗੁਰਮਿੰਦਰਪਾਲ ਸਿੰਘ

ਦਰਸ਼ਨ ਦੀਦਾਰੇ ਉਨ੍ਹਾਂ ਗੁਰਧਾਮਾਂ ਦੇ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆਂ ਗਿਆ

ਭਾਰਤ ਦੇ ਇਤਿਹਾਸ ਵਿੱਚ ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਹੈ। ਕਈ ਸਦੀਆਂ ਮੁਗਲ ਧਾੜਵੀਆਂ ਤੋਂ ਹਮੇਸ਼ਾਂ ਭਾਰਤ ਦੀ ਢਾਲ ਬਣਿਆ ਹੈ ਪੰਜਾਬ। ਪੰਜਾਬੀਆਂ ਦੀ ਬਹਾਦਰੀ ਸਦਕਾ ਹੀ ਪੰਜਾਬ ਸਭ ਤੋਂ ਘੱਟ ਸਮੇਂ ਲਈ ਗੁਲਾਮ ਰਿਹਾ। ਅਜ਼ਾਦੀ ਦੀ ਲੜਾਈ ਵਿਚ ਸਭ ਤੋਂ ਵੱਧ ਯੋਗਦਾਨ ਪੰਜਾਬੀਆਂ ਨੇ ਪਾਇਆ ਅਤੇ ਸਭ ਤੋਂ ਵੱਧ ਨੁਕਸਾਨ ਵੀ ਪੰਜਾਬੀਆਂ ਦਾ ਹੀ ਹੋਇਆ। ਅਜ਼ਾਦ ਹੋਣ ਸਮੇਂ ਹੋਈ ਦੇਸ਼ ਦੀ ਵੰਡ ਨਾਲ ਜਿੱਥੇ ਅੱਧਾ ਪੰਜਾਬ ਪਾਕਿਸਤਾਨ ਵਿਚ ਚਲਾ ਗਿਆ, ਉਥੇ ਬਹੁਤ ਸਾਰੇ ਪਵਿੱਤਰ ਗੁਰਦੂਆਰਿਆ ਦੇ ਦਰਸ਼ਨਾ ਤੋਂ ਵੀ ਸਿੱਖ ਵਾਂਝੇ ਹੋ ਗਏ। ਹੁਣ ਹਰ ਰੋਜ਼ ਅਰਦਾਸ ਵਿੱਚ ਅਸੀਂ ਇਹ ਬੇਨਤੀ ਕਰਦੇ ਹਾਂ ਕਿ, ”ਸੱਚੇ ਪਾਤਸ਼ਾਹ ਉਨ੍ਹਾਂ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਇਸ਼ਨਾਨ ਅਤੇ ਸੇਵਾ ਸੰਭਾਲ ਦਾ ਦਾਨ ਬਖ਼ਸ਼ੋ ਜਿਨ੍ਹਾ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ।” ਸਾਨੂੰ ਭਾਵੇਂ ਕੁੱਝ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਨ੍ਹਾਂ ਬੇਨਤੀਆਂ-ਜੋਦੜੀਆਂ ਦਾ ਹੀ ਫਲ ਹੈ ਕਿ ਅਸੀਂ ਉਨ੍ਹਾਂ ਵਿਛੜੇ ਗੁਰਧਾਮਾਂ ਦੇ ਦਰਸ਼ਨ ਕੁਝ ਦਿਨਾਂ ਲਈ ਸਾਲ ਵਿੱਚ ਕਈ ਵਾਰ ਕਰ ਸਕਦੇ ਹਾਂ। ਮੈਨੂੰ ਵੀ ਇਸ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 544ਵੇਂ ਪ੍ਰਕਾਸ਼ ਉਤਸਵ (ਗੁਰਪੁਰਬ) ਮੌਕੇ ਇਨ੍ਹਾਂ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਦਾ ਮੌਕਾ ਮਿਲਿਆ। ਮੇਰੀ ਇਹ ਖੁਸ਼ ਕਿਸਮਤੀ ਸੀ ਕਿ ਮੈਂ ਅਜ਼ਾਦ ਤੌਰ ਤੇ ਜਾਣ ਵਾਲਾ ਇਸ ਜੱਥੇ ਦਾ ਸਭ ਤੋਂ ਛੋਟੀ ਉਮਰ ਦਾ ਮੈਂਬਰ ਸੀ। ਕੁੱਝ ਬੱਚੇ ਮੇਰੇ ਤੋਂ ਛੋਟੀ ਉਮਰ ਦੇ ਸਨ ਪਰ ਉਹ ਆਪਣੇ ਮਾਤਾ ਪਿਤਾ ਨਾਲ ਜਾ ਰਹੇ ਸਨ। ਯਾਤਰਾ ਤੇ ਜਾਣ ਤੋਂ ਕੁੱਝ ਦਿਨ ਪਹਿਲਾਂ ਭਾਰਤ ਸਰਕਾਰ ਵੱਲੋਂ ਮੁੰਬਈ ਕਤਲੋਗਾਰਤ ਦੇ ਦੋਸ਼ੀ ਅਜਮਲ ਕਸਾਬ ਨੂੰ ਚੁੱਪ ਚੁਪੀਤੇ ਫਾਂਸੀ ਚਾੜ ਦੇਣ ਕਾਰਨ ਮਾਹੋਲ ਉਨ੍ਹਾਂ ਖੁਸ਼ਗਵਾਰ ਨਹੀਂ ਰਿਹਾ ਸੀ। ਪਾਕਿਸਤਾਨੀਆਂ ਵੱਲੋਂ ਵੀ ਜੱਥੇ ਤੇ ਹਮਲਾ ਕਰ ਦੇਣ ਦੀਆਂ ਅਫਵਾਹਾਂ ਫੈਲ ਰਹੀਆਂ ਸਨ। ਪਰਿਵਾਰ ਇਕੱਠਾ ਹੋਣ ਕਰਕੇ ਬਹੁਤ ਸਾਰੇ ਮੈਂਬਰ ਮੈਨੂੰ ਇਸ ਵਾਰ ਨਾ ਜਾਣ ਲਈ ਕਹਿ ਰਹੇ ਸਨ। ਮੇਰੇ ਦਾਦਾ ਜੀ ਦੇ ਇਹ ਸ਼ਬਦ, ”ਕੀ ਇਸ ਵਾਰੀ ਉਥੇ ਜਾਏ ਬਿਨਾਂ ਸਰਦਾ ਨੀ ਅਗਲੀ ਵਾਰੀ ਚਲਿਆ ਜਾਂਈ, ਮਹੌਲ ਠੀਕ ਨੀ, ਉਨ੍ਹਾਂ ਨੇ ਵੀ ਜੱਥੇ ਤੇ ਹਮਲਾ ਕਰਨ ਦੀ ਧਮਕੀ ਦਿੱਤੀ ਐ।” ਮੇਰੇ ਤਾਇਆ ਜੀ ਦੇ ਦੋਸਤ ਪ੍ਰਸਿੱਧ ਚਿੱਤਰਕਾਰ ਗੋਬਿੰਦਰ ਸੋਹਲ (ਜਿਨਾਂ ਨੂੰ ਪੰਜਾਬੀਆਂ ਦਾ ਨਿਡਰ ਯੋਧਾ ਰਿਵਾਲਵਰ ਫੜੀ ਖੜਾ ਭਗਤ ਸਿੰਘ ਅਤੇ ਸਿੱਖ ਕੌਮ ਤੋਂ ਆਪਣਾ ਸਮੁੱਚਾ ਪਰਿਵਾਰ ਵਾਰ ਦੇਣ ਵਾਲੀ ਮਾਤਾ ਗੁਜਰੀ ਤੇ ਛੋਟੇ ਸਾਹਿਬਜਾਦਿਆਂ ਦੀ ਬਹੁਤ ਮਕਬੂਲ ਹੋਈ ਪੇਟਿੰਗ ਬਣਾਉਣ ਦਾ ਮਾਣ ਹਾਸਲ ਹੈ) ਜੋ ਕਈ ਸਾਲਾਂ ਤੋਂ ਇਕੱਠੇ ਪਾਕਿਸਤਾਨ ਜਾਣ ਦੇ ਲਾਰੇ ਲਗਾ ਰਹੇ ਹਨ ਤੇ ਹਰ ਪ੍ਰੋਗਰਾਮ ਤੇ ”ਲੈ ਬਈ ਦੀਪੂ ਆਪਾ ਅਗਲੀ ਵਾਰੀ ਜਰੂਰ ਚੱਲਾਂਗੇ, ਤੂੰ ਮੈਨੂੰ ਪਹਿਲਾਂ ਦਸ ਦੇਈ” ਆਖ ਕੇ ਸਾਰ ਦਿੰਦੇ ਸਨ, ਵੀ ਇਕ ਦਿਨ ਪਹਿਲਾ ਆ ਕੇ ਦਸਦੇ ਹਨ, ”ਕੀ ਬਣਿਆ ਬਈ ਦੀਪੂ, ਮੈਂ ਸੁਣਿਆ ਜਥੇ ਦੇ ਜਾਣ ਦਾ ਪ੍ਰੋਗਰਾਮ ਤਾਂ ਕੈਂਸਲ ਹੋ ਗਿਆਂ।” ਪਰ ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਅਸੀਂ ਹੁਣੇ ਹੀ ਸ੍ਰੋਮਣੀ ਕਮੇਟੀ ਦੇ ਦਫਤਰ ਤੋਂ ਪਤਾ ਕੀਤਾ ਹੈ, ਮੈਨੂੰ ਵੀਜਾ ਮਿਲ ਗਿਆ ਹੈ ਅਤੇ ਪਰਸੋਂ ਸਵੇਰੇ ਜਥਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਰਵਾਨਾ ਹੋਵੇਗਾ, ਆਖਣ ਲਗੇ, ”ਬੱਚ ਕੇ ਰਹੀ ਮਹੌਲ ਠੀਕ ਨੀ ਹੈਗਾ, ਜੇ ਉਧਰ ਕੋਈ ਝਗੜਾ ਹੋ ਗਿਆ ਤਾਂ ਬਹੁਤੀ ਸਿੱਖੀ ਦਿਖਾਉਣ ਦੀ ਲੋੜ ਨੀ ਚੁੱਪ ਕਰਕੇ ਵਾਪਸ ਖਿਸਕ ਲੀਂ, ਜੇ ਮਹੋਲ ਠੀਕ ਹੋਇਆ ਤਾਂ ਬਜ਼ਾਰ ਜਾਈ ਜੇ ਸਮਾਨ ਨਾ ਵੀ ਆਇਆ ਤਾਂ ਐਡੀ ਕੋਈ ਲੋੜ ਨੀ।” (ਕਿਉਂਕਿ ਉਨ੍ਹਾਂ ਨੇ ਮੈਨੂੰ ਉਧਰੋ ਰੰਗ ਅਤੇ ਪਾਕਿਸਤਾਨੀ ਕਮੇਡੀ ਡਰਾਮਿਆਂ ਦੀਆਂ ਸੀ ਡੀ ਲਿਆਉਣ ਲਈ ਆਖਿਆ ਹੋਇਆ ਸੀ) ਮਾਹੋਲ ਦੇ ਮੱਦੇਨਜ਼ਰ ਕੋਈ ਵੇ ਮੇਰੇ ਜਾਣ ਨੂੰ ਠੀਕ ਨਹੀਂ ਸਮਝ ਰਿਹਾ ਸੀ। ਇਕ ਮੇਰੇ ਤਾਇਆ ਹੀ ਤੇ ਦੂਜੀ ਮੇਰੀ ਮਾਤਾ ਜੋ ਬਹੁਤ ਛੋਟੇ ਦਿਲ ਦੀ ਹੈ, ਪਰ ਗੁਰੂ ਤੇ ਉਸ ਨੂੰ ਪੂਰੀ ਆਸਥਾ ਹੈ ਨੇ ਦਿਲ ਕਰੜਾ ਕਰਕੇ ਅਜਿਹੇ ਘਰੇਲੂ ਤੇ ਅੰਤਰਰਾਸ਼ਟਰੀ ਮਹੋਲ ਵਿਚ ਆਪਣੇ ਇਕਲੋਤੇ ਪੁੱਤਰ ਨੂੰ ਗੁਰੂ ਨਾਨਕ ਦੇਵ ਜੀ ਜਨਮ ਭੂਮੀ ਦੇ ਦਰਸ਼ਨ ਕਰਨ ਦੀ ਇਜਾਜਤ ਦੇ ਦਿੱਤੀ, ਅਤੇ ਮੈਂ ਚਾਚਾ ਸਮਾਨ ਗੁਆਢੀ ਸਤਨਾਮ ਸਿੰਘ ਨਾਲ ਪਟਿਆਲੇ ਤੋਂ ਚਲ ਪਿਆ। ਸਾਡੀ ਇਸ ਯਾਤਰਾ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ ਸੀ। ਯਾਤਰੀਆਂ ਨੂੰ ਜਿਸ ਦਿਨ ਸਵੇਰੇ ਜਾਣਾ ਸੀ ਤੋਂ ਪਹਿਲੇ ਦਿਨ ਸ਼ਾਮ 4 ਵਜੇ ਵੀਜਾ ਲੱਗੇ ਪਾਸਪੋਰਟ ਦਿੱਤੇ ਗਏ। ਜਿਨ੍ਹਾਂ ਨੂੰ ਵੀਜੇ ਨਹੀਂ ਲੱਗੇ ਉਨ੍ਹਾਂ ਨੂੰ ਸ੍ਰੀ ਅੰਮ੍ਰਿਤਸਰ ਤੋਂ ਹੀ ਵਾਪਸ ਮੁੜਨਾ ਪਿਆ। ਅਟਾਰੀ ਸਟੇਸ਼ਨ ਤੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸੀ। ਸਟੇਸ਼ਨ ਨੇ ਯਾਤਰੂਆਂ ਲਈ ਲੰਗਰ ਦਾ ਬਹੁਤ ਵਧੀਆਂ ਪ੍ਰਬੰਧ ਕੀਤਾ ਗਿਆ ਸੀ। ਇਕੱਠ ਜ਼ਿਆਦਾ ਹੋਣ ਕਾਰਨ ਸੰਗਤਾਂ ਇਮੀਗ੍ਰੇਸ਼ਨ ਹਾਲ ਅੰਦਰ ਜਾਣ ਲਈ ਧੱਕਾ ਮੁਕੀ ਹੁੰਦੀਆਂ ਰਹੀਆਂ। ਹਾਲ ਅੰਦਰ ਵੱਖਰੇ-ਵੱਖਰੇ ਰਾਜਾਂ ਦੇ ਨਾਵਾਂ ਦੀਆਂ ਕਤਾਰਾਂ ਬਣੀਆਂ ਹੋਈਆਂ ਸਨ। ਇਮੀਗ੍ਰੇਸ਼ਨ ਤੋਂ ਫਾਰਗ ਹੋ ਕਿ ਯਾਤਰੀ ਵੇਟਿੰਗ ਹਾਲ ਵਿਚ ਜਾ ਬੈਠੇ। ਇਕ ਗੱਡੀ ਸਵੇਰੇ ਜਾ ਚੁੱਕੀ ਸੀ ਦੂਜੀ ਗੱਡੀ ਕਾਫੀ ਲੇਟ ਸ਼ਾਮ ਨੂੰ ਆਈ ਜਿਸ ਤੇ ”ਸਿੱਖ ਪਿਲਗ੍ਰਿਮ ਸਪੈਸ਼ਲ” ਲਿਖਿਆ ਹੋਇਆ ਸੀ। ਯਾਤਰੀਆਂ ਨੂੰ ਬਿਠਾ ਕੇ ਗੱਡੀ ਆਪਣੇ ਨਿਸ਼ਾਨੇ ਵੱਲ (ਸ੍ਰੀ ਨਨਕਾਣਾ ਸਾਹਿਬ) ਤੁਰ ਪਈ। ਜਾਣ ਲੱਗਿਆ ਅਟਾਰੀ ਭਾਰਤ ਦਾ ਆਖਰੀ ਸਟੇਸ਼ਨ ਹੈ ਤੇ ਵਾਹਗਾ ਪਾਕਿਸਤਾਨ ਦਾ ਪਹਿਲਾ ਸਟੇਸ਼ਨ। ਅਟਾਰੀ ਤੋਂ ਵਾਹਗੇ ਦਾ ਫਾਸਲਾ ਲਗਭੱਗ ਇਕ ਕਿਲੋਮੀਟਰ ਹੈ। ਇਸ ਇਕ ਕਿਲੋਮੀਟਰ ਵਿੱਚ ਪੋਣੇ ਕਿਲੋਮੀਟਰ ਦੇ ਰਸਤੇ ਤੇ (ਜੋ ਕਿ ਭਾਰਤ ਵਾਲੇ ਪਾਸੇ ਹੈ) ਕੰਡਿਆਲੀ ਤਾਰ ਲਗੀ ਹੋਈ ਹੈ ਜੋ ਕਿ ਸਰਹੱਦ ਤੇ ਲੱਗੀ ਤਾਰ ਨਾਲ ਜਾ ਮਿਲਦੀ ਹੈ ਇਸ ਪੌਣੇ ਕਿਲੋਮੀਟਰ ਵਿਚ ਰੇਲ ਗੱਡੀ ਦੇ ਦੋਨੋ ਪਾਸੇ ਭਾਰਤੀ ਸੀਮਾ ਸੁਰੱਖਿਆ ਬੱਲ ਦੇ ਜਵਾਨ ਘੋੜਿਆਂ ਅਤੇ ਗੱਡੀਆਂ ਤੇ ਰੇਲ ਗੱਡੀ ਦੇ ਬਰਾਬਰ ਦੌੜਦੇ ਹਨ। ਸਰਹੱਦ ਨੇੜੇ ਪਹੁੰਚ ਕੇ ਗੱਡੀ ਰੁਕ ਜਾਂਦੀ ਹੈ ਤੇ ਕਾਗਜ਼ੀ ਕਾਰਵਾਈ ਤੋਂ ਬਾਅਦ ਗੇਟ ਖੋਲ ਕੇ ਰੇਲ ਗੱਡੀ ਨੂੰ ਪਾਕਿਸਤਾਨ ਵਿਚ ਦਾਖਲ ਹੋਣ ਦੀ ਇਜਾਜਤ ਦੇ ਦਿੱਤੀ ਜਾਂਦੀ ਹੈ। ਗੇਟ ਤੋਂ ਥੋੜਾ ਅੱਗੇ ਭਾਰਤ ਅਤੇ ਪਾਕਿਸਤਾਨ ਦੀ ਹੱਦ ਕਰਦੀ ਵੱਟ ਤੇ ਚਿੱਟੀਆਂ ਬੁਰਜੀਆਂ ਲੱਗੀਆਂ ਹੋਈਆਂ ਸਨ। ਇਨ੍ਹਾਂ ਬੁਰਜੀਆਂ ਤੋਂ ਅੱਗੇ ਪਾਕਿਸਤਾਨ ਦੀ ਜ਼ਮੀਨ ਸ਼ੁਰੂ ਹੋ ਜਾਂਦੀ ਹੈ। ਕੁਝ ਮਿੰਟ ਬਾਅਦ ਹੀ ਅਸੀਂ ਪਾਕਿਸਤਾਨ ਦੀ ਧਰਤੀ ਤੇ ਸੀ। ਪਰੰਤੂ ਚਿੜੀਆਂ ਦੀ ਚੀæਚੀæ ਵਿਚ ਕੋਈ ਫਰਕ ਨਹੀਂ ਸੀ। ਹਵਾ ਦੇ ਬੁਲਿਆਂ ਨੂੰ ਵਾੜ ਦੇ ਆਰ ਪਾਰ ਜਾਣ ਤੋਂ ਕੋਈ ਨਹੀਂ ਰੋਕ ਰਿਹਾ ਸੀ। ਹੋਰ ਪੰਛੀ ਵੀ ਇਕ ਪਾਸਿਓ ਚੁਗ ਕੇ ਦੂਜੇ ਪਾਸੇ ਆਪੋ ਆਪਣੇ ਆਲ੍ਹਣਿਆ ਨੂੰ ਉੱਡੇ ਜਾ ਰਹੇ ਸਨ। ਡੁੱਬ ਰਹੇ ਸੂਰਜ ਦੀ ਰੌਸਨੀ ਬਿਨ੍ਹਾਂ ਕਿਸੇ ਵਿਤਕਰੇ ਤੋਂ ਦੋਨੋ ਪਾਸੇ ਇਕੋ ਜਿਹਾ ਨਿੱਘ ਪ੍ਰਦਾਨ ਕਰ ਰਹੀ ਸੀ। ਘਾਹ ਪੱਠੇ ਸਾਡੇ ਵਰਗੇ ਹੀ ਸਨ ਮੱਝਾਂ ਸਾਡੇ ਵਰਗੀਆਂ ਹੀ ਸਨ। ਪਰੰਤੂ ਸ਼੍ਰਿਸਟੀ ਦੇ ਸਭ ਤੋਂ ਬੁੱਧੀਮਾਨ ਜੀਵ ਦੇ ਪਹਿਰਾਵੇ ਤੋਂ ਇਹ ਅਹਿਸਾਸ ਹੋਇਆ ਕਿ ਅਸੀਂ ਪਾਕਿਸਤਾਨ ਪਹੁੰਚ ਗਏ ਹਾਂ। ਇਕ ਪਾਕਿਸਤਾਨੀ ਕੁੜਤਾ-ਸਲਵਾਰ ਪਾਈ ਡੰਗਰ ਚਾਰ ਰਿਹਾ ਸੀ, ਸਰਹੱਦ ਤੇ ਖੜੋਤੇ ਰਾਖਿਆਂ ਦੀਆਂ ਵਰਦੀਆਂ ਬਦਲ ਗਈਆਂ ਸਨ। ਵਾਹਗਾ ਸਟੇਸ਼ਨ ਤੇ ਪਹੁੰਚਦੇ ਸਾਰ ਹੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨੀ ਅਧਿਕਾਰੀਆਂ ਨੇ ਬੜੀ ਗਰਮਜੋਸ਼ੀ ਨਾਲ ਜੱਥੇ ਦਾ ਸੁਆਗਤ ਕੀਤਾ। ਸਟੇਸ਼ਨ ਬਹੁਤ ਹੀ ਖੂਬਸੂਰਤ ਤੇ ਸਾਫ਼ ਸੁਥਰਾ ਸੀ। ਸਾਰੇ ਯਾਤਰੀਆਂ ਨੂੰ ਇੱਕ ਇੱਕ ਕਰਕੇ ਗੱਡੀ ਵਿਚੋ ਉਤਰਨ ਲਈ ਕਿਹਾ ਗਿਆ। ਸੁਰੱਖਿਆ ਦਾ ਭਾਰ ਹੁਣ ਪਾਕਿਸਤਾਨੀ ਅਧਿਕਾਰੀਆਂ ਦੇ ਸਿਰ ਸੀ। ਸਟੇਸ਼ਨ ਦੇ ਅੰਦਰ ਹੀ ਕਰੰਸੀ ਤਬਦੀਲ ਕਰਨ ਲਈ ਨੈਸ਼ਨਲ ਬੈਂਕ ਆਫ਼ ਪਾਕਿਸਤਾਨ, ਹਬੀਬ ਬੈਂਕ ਲਿਮਟਿਡ ਅਤੇ ਹੋਰ ਪ੍ਰਾਈਵੇਟ ਕਰੰਸੀ ਤਬਦੀਲ ਕਰਨ ਦੇ ਕਾਉਂਟਰ ਲੱਗੇ ਹੋਏ ਸਨ। ਇਮੀਗ੍ਰੇਸ਼ਨ ਤੋਂ ਵੇਹਲੇ ਹੋ ਕਿ ਯਾਤਰੀ ਟਿਕਟ ਲੈਣ ਲਗੇ ਜੋ ਕਿ ਪੂਰੀ ਯਾਤਰਾ ਲਈ 950 ਰੁ: (ਪਾਕਿਸਤਾਨੀ ਰੁਪਏ) ਦੀ ਸੀ। ਇਥੇ ਹੀ ਸਾਰੇ ਯਾਤਰੀਆਂ ਦੇ ਪਾਸਪੋਰਟ ਜਮਾਂ ਕਰਵਾ ਲਏ ਗਏ ਅਤੇ ਯਾਤਰਾ ਦੌਰਾਨ ਨਿਵਾਸ ਲਈ ਕਮਰਾ ਨੰ: ਅਲਾਟ ਕਰ ਦਿੱਤੇ ਗਏ। ਸਾਰੇ ਯਾਤਰੀਆਂ ਨੂੰ ਪ੍ਰੋਗਰਾਮ ਦਾ ਵੇਰਵਾ ਬਹੁਤ ਹੀ ਸੋਹਣੇ ਤਰੀਕੇ ਨਾਲ ਛਪਿਆ ਹੋਇਆ ਵੰਡਿਆ ਗਿਆ। ਲੰਗਰ ਦਾ ਪ੍ਰਬੰਧ ਬੜੇ ਸੋਹਣੇ ਟੈਂਟਾਂ ਹੇਠ ਕੀਤਾ ਗਿਆ ਜੋ ਕਿ ਪੁਰਾਣੇ ਬਾਂਸਾਂ ਵਾਲੇ ਸਨ ਉਸੇ ਤਰ੍ਹਾਂ ਦੀਆਂ ਹੀ ਕਨਾਤਾਂ ਸਨ। ਲੰਗਰ ਛੱਕਣ ਉਪਰੰਤ ਯਾਤਰੀ ਟਿਕਟਾਂ ਤੇ ਸੀਟ ਨੰ: ਲਗਵਾ ਕੇ ਆਪੋ ਆਪਣੀਆਂ ਸੀਟਾਂ ਤੇ ਜਾ ਬੈਠੇ। ਨਿੱਕੇ-ਨਿੱਕੇ ਸਟੇਸ਼ਨਾਂ ਨੂੰ ਪਿਛੇ ਛੱਡਦੀ ਗੱਡੀ ਇਕ ਵੱਡੇ ਸਟੇਸ਼ਨ ਤੇ ਜਾ ਖੜੋਤੀ, ਇਹ ਲਾਹੋਰ ਸੀ। ਇਥੇ ਯਾਤਰੀਆਂ ਨੂੰ ਪਲੇਟ ਫਾਰਮ ਤੇ ਉਤਰਨ ਨਹੀਂ ਦਿੱਤਾ ਗਿਆ ਅਤੇ ਪਾਕਿਸਤਾਨੀ ਨਾਗਰਿਕਾਂ ਨੂੰ ਵੀ ਗੱਡੀ ਵਾਲੇ ਪਲੇਟ ਫਾਰਮ ਦੇ ਨੇੜੇ ਨਹੀਂ ਆਉਣ ਦਿੱਤਾ ਗਿਆ। ਹਰ ਡੱਬੇ ਦੇ ਹਰ ਦਰਵਾਜ਼ੇ ਤੇ ਹਥਿਆਰ ਬੰਦ ਪੁਲਿਸ ਦੇ ਜਵਾਨ ਤੈਨਾਤ ਸਨ। ਕੁਝ ਦੇਰ ਰੁਕਣ ਪਿੱਛੋਂ ਗੱਡੀ ਚਲ ਪਈ ਅਤੇ ਅੱਧੀ ਰਾਤ ਵੇਲੇ ਨਨਕਾਣਾ ਸਾਹਿਬ ਜਾ ਪਹੁੰਚੀ। ਸਟੇਸ਼ਨ ਤੋਂ ਗੁਰਦੁਆਰਾ ਸਾਹਿਬ ਲਈ ਫਰੀ ਬੱਸ ਸੇਵਾ ਲੱਗੀ ਹੋਈ ਸੀ। ਕੁਝ ਹੀ ਮਿੰਟ ਬਾਅਦ ਸੰਗਤ ਉਸ ਅਲੋਕਿਕ ਨਜ਼ਾਰੇ ਦੇ ਰੂ-ਬ-ਰੂ ਸੀ, ਜਿਸ ਲਈ ਰੋਜ ਅਰਦਾਸਾਂ ਹੁੰਦੀਆਂ ਹਨ। ਜਨਮ ਅਸਥਾਨ ਦੇ ਦਰਸ਼ਨ ਕਰਦਿਆਂ ਹੀ ਸੰਗਤ ਨੇ ਜੈਕਾਰੇ ਛੱਡੇ, ਸਾਰੇ ਦਿਨ ਦੀ ਥਕਾਵਟ ਉਤਰ ਗਈ, ਤਨ-ਮਨ ਠਰ ਗਿਆ। ਪ੍ਰਸ਼ਾਦਾ ਪਾਣੀ ਛੱਕਣ ਉਪਰੰਤ ਸਭ ਆਪੋ ਆਪਣੇ ਕਮਰਿਆਂ ਵਿਚ ਜਾ ਸੁੱਤੇ। ਅਗਲੇ ਤਿੰਨ ਦਿਨ ਅਸੀਂ ਇਥੇ ਹੀ ਠਹਿਰਨਾ ਸੀ। ਜਥੇ ਦੁਆਰਾ ਅਖੰਡ ਪਾਠ ਸਾਹਿਬ ਆਰੰਭ ਕਰਕੇ ਭੋਗ ਪਾਇਆ ਜਾਣਾ ਸੀ। ਗੁਰਦੁਆਰਾ ਸਾਹਿਬ ਦੇ ਐਂਟਰੀਗੇਟ ਤੇ ਸੁਰੱਖਿਆ ਦਸਤੇ ਤੈਨਾਤ ਸਨ। ਸਕੈਨਰ ਲਗੇ ਹੋਏ ਸਨ, ਹਰ ਸਮਾਨ ਦੀ ਸਕੈਨਿੰਗ ਤੇ ਤਲਾਸ਼ੀ ਲੈਣ ਉਪਰੰਤ ਹੀ ਅੰਦਰ ਜਾਇਆ ਜਾ ਸਕਦਾ ਸੀ। ਯਾਤਰੂਆਂ ਦੀ ਸੁਰੱਖਿਆ ਲਈ 2000 ਦੇ ਲਗਭਗ ਪੁਲਿਸ ਕਰਮੀ ਬਜ਼ਾਰਾਂ ਅਤੇ ਹੋਰ ਗੁਰਧਾਮਾਂ ਤੇ ਤੈਨਾਤ ਸਨ। ਮਿਤੀ 26 ਨਵੰਬਰ 2012 ਦੀ ਰਾਤ 11-45 ਮਿੰਟ ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। ਅਗਲੀ ਸਵੇਰ ਸਭ ਨੇ ਜਨਮ ਅਸਥਾਨ ਦੇ ਨੇੜੇ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਿਤ ਹੋਰ ਗੁਰਦੁਆਰਿਆਂ (ਗੁ: ਬਾਲ ਲੀਲਾ ਸਾਹਿਬ, ਗੁ: ਪੱਟੀ ਸਾਹਿਬ, ਗੁ: ਕਿਆਰਾ ਸਾਹਿਬ, ਗੁ: ਮਾਲ ਜੀ ਸਾਹਿਬ, ਗੁ: ਤੰਬੂ ਸਾਹਿਬ, ਗੁ: ਹਰਗੋਬਿੰਦ ਸਾਹਿਬ ਪਾæ ਛੇਵੀ) ਦੇ ਦਰਸ਼ਨ ਕਰਨੇ ਸਨ। ਇਹ ਗੁਰਦੁਆਰੇ ਆਮ ਦਿਨਾ ਵਿਚ ਬੰਦ ਰਹਿੰਦੇ ਹਨ ਅਤੇ ਇਹਨਾਂ ਦੀਆਂ ਚਾਬੀਆਂ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਹੁੰਦੀਆਂ ਹਨ। ਯਾਤਰਾ ਦੇ ਦਿਨਾ ਵਿਚ ਹੀ ਇਨ੍ਹਾਂ ਗੁਰਦੁਆਰਿਆਂ ਨੂੰ ਖੋਲਿਆ ਜਾਂਦਾ ਹੈ। ਇਨ੍ਹਾਂ ਸਾਰੇ ਗੁਰਧਾਮਾਂ ਨੂੰ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਡਰ (ਪਾਕਿਸਤਾਨ ਵਕਫ਼ ਬੋਰਡ) ਕੋਲ ਹੈ। ਇਨ੍ਹਾਂ ਸਾਰੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਕੇ ਵਾਪਸ ਆਉਂਦੇ ਤੱਕ ਦੁਪਹਿਰ ਢਲ ਚੁੱਕੀ ਸੀ। ਬਜਾਰਾ ਵਿਚ ਸਵੇਰ ਨਾਲੋਂ ਵੱਧ ਰੋਣਕ ਸੀ। ਪਰੰਤੂ ਇਨ੍ਹਾਂ ਪੁਰਾਣਾ ਹੋਣ ਦੇ ਬਾਵਜੂਦ ਵੀ ਆਰਥਿਕ ਪੱਖੋਂ ਨਨਕਾਣਾ ਸਾਹਿਬ ਬਹੁਤ ਵੱਡਾ ਸ਼ਹਿਰ ਨਹੀਂ ਬਣ ਸਕਿਆ ਸਗੋਂ ਸਾਡੇ ਇਧਰਲੇ ਕਿਸੇ ਵੱਡੇ ਕਸਬੇ ਵਰਗਾ ਹੀ ਹੈ। ਸਭ ਤੋਂ ਪਹਿਲਾਂ ਬੀਬੀ ਨਾਨਕੀ ਅਤੇ ਦੂਜੇ ਨੰਬਰ ਤੇ ਰਾਏ ਬੁਲਾਰ ਜੋ ਪਿੰਡ ਦਾ ਹਾਕਮ ਸੀ ਨੇ ਇਸ ਰੱਬੀ ਨੂਰ ਨੂੰ ਪਹਿਚਾਣਿਆ ਸੀ। ਸੱਪ ਦੇ ਛਾਂ ਕਰਨ ਤੋਂ ਬਾਅਦ ਰਾਏ ਬੁਲਾਰ ਨੇ ਯਕੀਨ ਹੋ ਗਿਆ ਸੀ ਕਿ ਨਾਨਕ ਕੋਈ ਸਧਾਰਣ ਬਾਲਕ ਨਹੀਂ ਹੈ, ਅਤੇ ਉਹ ਗੁਰੂ ਨਾਨਕ ਦਾ ਪੱਕਾ ਮੁਰੀਦ ਬਣ ਗਿਆ। ਆਪਣੇ ਅੰਤਲੇ ਸਮੇਂ ਵੀ ਉਸ ਨੇ ਗੁਰੂ ਨਾਨਕ ਦੇ ਦਰਸ਼ਨ ਕਰਨ ਦੀ ਇੱਛਾ ਮਨ ਵਿਚ ਲਿਆਦੀ ਤੇ ਗੁਰੂ ਉਸ ਨੂੰ ਦਰਸ਼ਨ ਦੇਣ ਰਾਏ ਭੋਏ ਦੀ ਤਲਵੰਡੀ ਆਏ ਸਨ। ਰਾਏ ਬੁਲਾਰ ਨੇ ਆਪਣੀ ਵਸੀਅਤ ਵਿਚ ਅੱਧੀ ਜ਼ਮੀਨ ਆਪਣੇ ਪਰਿਵਾਰ ਅਤੇ ਅੱਧੀ ਗੁਰੂ ਨਾਨਕ ਸਾਹਿਬ ਦੇ ਨਾਂ ਕਰਵਾ ਦਿੱਤੀ ਸੀ ਜੋ ਕੇ 750 ਮੁਰੱਬੇ ਅੱਜ ਵੀ ਗੁਰਦੁਆਰਾ ਸਾਹਿਬ ਦੇ ਨਾਂ ਚਲੀ ਆ ਰਹੀ ਹੈ। ਇਸ ਵੇਲੇ ਰਾਏ ਬੁਲਾਰ ਦੀ ਗਿਆਰਵੀਂ ਪੀੜ੍ਹੀ ਨਨਕਾਣਾ ਸਾਹਿਬ ਵਿਖੇ ਰਹਿ ਰਹੀ ਹੈ। ਪਾਕਿਸਤਾਨੀ ਭਾਈਚਾਰੇ ਵਿਚੋ ਸਿੱਖਾ ਦੇ ਨਾਲ ਸਿੰਧੀ ਹਿੰਦੂ ਵੀ ਵੱਡੀ ਸੰਖਿਆਂ ਵਿਚ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਣ ਲਈ ਆਉਂਦੇ ਹਨ, ਅਤੇ ਦਿਨ ਰਾਤ ਜਨਮ ਅਸਥਾਨ ਵਿਖੇ ਸੇਵਾ ਕਰਦੇ ਹਨ। ਦੂਜੇ ਦਿਨ ਯਾਤਰੂਆਂ ਨੇ ਸਵੇਰੇ ਨਨਕਾਣਾ ਸਾਹਿਬ ਤੋਂ ਕਰੀਬ 30 ਕਿਲੋਮੀਟਰ ਦੂਰ ਮੰਡੀ ਚੁਹੜਕਾਣਾ (ਅੱਜ ਕੱਲ ਇਸ ਦਾ ਨਾ ਫਾਰੂਕਅਬਾਦ ਜ਼ਿਲ੍ਹਾ ਸੇਖੁਪੁਰਾ) ਜਿਥੇ ਗੁਰਦੁਆਰਾ ਸੱਚਾ ਸੋਦਾ ਸ਼ੁਸ਼ੋਭਿਤ ਹੈ ਦਰਸ਼ਨ ਕਰਨ ਜਾਣਾ ਸੀ। ਵਕਫ ਬੋਰਡ ਵੱਲੋਂ ਬੱਸਾ ਮੰਗਵਾਈਆਂ ਗਈਆਂ ਸਨ ਜਿਨ੍ਹਾਂ ਵਿਚ ਯਾਤਰੀ ਆਪੋ ਆਪਣੇ ਕਿਰਾਏ ਤੇ ਜਾਣੇ ਸਨ। ਲੇਟ ਕਰਦੇ ਕਰਾਉਂਦੇ 10 ਕੁ ਵਜੇ ਦੇ ਕਰੀਬ ਬੱਸਾਂ ਗੁਰਦੁਆਰਾ ਸੱਚਾ ਸੌਦਾ ਲਈ ਚਲ ਪਈਆਂ। ਬੱਸਾਂ ਬਹੁਤ ਜ਼ਿਆਦਾ ਸਿੰਗਾਰੀਆਂ ਹੋਈਆਂ ਸਨ। ਕੋਈ ਜਗ੍ਹਾਂ ਜਾਂ ਸ਼ੀਸ਼ਾ ਅਜਿਹਾ ਹੋਵੇਗਾ। ਜਿਥੇ ਫੁਲ ਬੂਟੇ ਨਾ ਪਾਏ ਹੋਣ ਜਾਂ ਉਰਦੂ ਵਿਚ ਕੁੱਝ ਲਿਖਿਆ ਨਾ ਹੋਵੇ। ਸੰਗਤ ਜ਼ਿਆਦਾ ਹੋਣ ਕਾਰਨ ਬੱਸਾਂ ਦਾ ਕਾਫਲਾ ਬਹੁਤ ਵੱਡਾ ਸੀ। ਪੁਲਿਸ ਦੀਆਂ ਗੱਡੀਆਂ, ਐਂਬੂਲੈਸ ਯਾਤਰੀ ਬੱਸਾਂ ਦੇ ਨਾਲ ਚਲ ਰਹੀਆਂ ਸਨ। ਪਿੰਡਾਂ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਸੀ। ਘਰ ਕੱਚੇ ਹੀ ਸਨ। ਪੱਕੇ ਅਤੇ ਵੱਡੇ ਘਰ ਕਿਤੇ ਹੀ ਨਜ਼ਰੀਂ ਪੈਦੇ ਸਨ। ਮੇਰੇ ਨਾਲ ਬੈਠਾ ਇਕ ਪੇਂਡੂ ਬਜੁਰਗ ਦਸ ਰਿਹਾ ਸੀ, ਜਮੀਨਾ ਬਹੁਤ ਭਾਰੀਆਂ ਹਨ ਪਰ ਇਨ੍ਹਾਂ ਕੋਲ ਖੇਤੀ ਦੇ ਨਵੇਂ ਸਾਧਨ ਨਹੀਂ ਹਨ। ਅਸਲ ਵਿਚ ਤਾਂ ਪਿੰਡਾਂ ਵਿਚ ਸਿਰਫ ਮੁਜਾਰੇ ਹੀ ਰਹਿੰਦੇ ਹਨ ਜ਼ਮੀਨਾਂ ਦੇ ਮਾਲਕ ਤਾਂ ਸ਼ਹਿਰਾਂ ਵਿਚ ਰਹਿੰਦੇ ਹਨ। ਇਸੇ ਲਈ ਪਿੰਡਾਂ ਦੀ ਹਾਲਤ ਤਰਸਯੋਗ ਸੀ। ਹਰ ਗੁਰਦੁਆਰੇ ਚ ਸੰਗਤ ਦੇ ਪਹੁੰਚਣ ਤੋਂ ਪਹਿਲਾਂ ਪੁਲਿਸ ਫੋਰਸ, ਐਂਬੂਲੈਂਸ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਕਫ ਬੋਡਰ ਦੇ ਅਧਿਕਾਰੀ ਤਾਇਨਾਤ ਹੁੰਦੇ ਸਨ। ਗੁਰਦੁਆਰਾ ਸੱਚਾ ਸੋਦਾ ਉਸ ਸਥਾਨ ਤੇ ਬਣਿਆ ਹੋਇਆ ਹੈ ਜਿਥੇ ਗੁਰੂ ਨਾਨਕ ਦੇਵ ਜੀ ਨੇ ਭੁਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ। ਉਦੋਂ ਤੋਂ ਚਲੀ ਇਹ ਪ੍ਰੰਪਰਾ ਸਦੀਆਂ ਬੀਤ ਜਾਣ ਦੇ ਬਾਅਦ ਵੀ ਗੁਰੂ ਘਰਾਂ ਵਿਚ ਘਟੀ ਨਹੀਂ ਸਗੋਂ ਵਧੀ ਹੈ। ਸੱਚਾ ਸੌਦਾ ਵਿਖੇ ਦੀਵਾਨ ਸਜਾਏ ਗਏ, ਇਲਾਹੀ ਬਾਣੀ ਦਾ ਕੀਰਤਨ ਹੋਇਆ। ਸਾਰੀਆਂ ਸੰਗਤਾਂ ਨੇ ਗੁਰੂ ਘਰ ਦੇ ਦਰਸ਼ਨ ਕਰਨ ਉਸੇ ਜਗ੍ਹਾ ਬੈਠ ਕਿ ਲੰਗਰ ਛੱਕਿਆ ਜਿਥੇ ਗੁਰੂ ਨਾਨਕ ਸਾਹਿਬ ਨੇ ਭੁਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ, ਉਪਰੰਤ ਯਾਤਰੂ ਬੱਸਾਂ ਵਿਚ ਬੈਠ ਕੇ ਜਨਮ ਅਸਥਾਨ ਵੱਲ ਵਾਪਸ ਆ ਗਏ ਸਾਰੇ ਰਸਤੇ ਵਿਚ ਸੁਰੱਖਿਆ ਦੇ ਬਹੁਤ ਸਖਤ ਪ੍ਰਬੰਧ ਕੀਤੇ ਹੋਏ ਸਨ। ਸੱਚਾ ਸੌਦਾ ਤੋਂ ਵਾਪਸੀ ਤੇ ਸ਼ਾਮ ਨੂੰ ਅਸੀਂ ਬਜਾਰ ਦੇਖਣ ਲਈ ਨਿਕਲ ਪਏ। ਘਰਾਂ ਦਾ ਹਾਲਤ ਬਹੁਤੀ ਵਧੀਆਂ ਨਹੀਂ ਸੀ। ਹਰ ਘਰ ਦੇ ਦਰਵਾਜੇ ਤੇ ਕਈ ਮੀਟਰ ਲਗੇ ਹੋਏ ਸਨ। ਪੁਛਣ ਤੇ ਪਤਾ ਲੱਗਾ ਕਿ ਇਕ ਮੀਟਰ ਬਿਜਲੀ ਦਾ ਸੀ ਦੂਜਾ ਗੈਸ ਦਾ ਤੇ ਤੀਜਾ ਜੋ ਨੀਵਾਂ ਲੱਗਿਆ ਸੀ ਪਾਣੀ ਦਾ ਸੀ। ਬਜਾਰ ਵਿਚ ਇਧਰਲੇ ਗਾਇਕਾ ਦੀਆਂ ਸੀæਡੀਆ ਦੀ ਭਰਮਾਰ ਸੀ। ਤੀਜੇ ਦਿਨ ਭਾਵ ਮਿਤੀ 28 ਨਵੰਬਰ 2012 ਨੂੰ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਸਜਾਇਆ ਜਾਣਾ ਸੀ। ਜੋ ਕਿ ਪਿਛਲੇ ਕਈ ਸਾਲਾਂ ਤੋਂ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਅੰਦਰ ਹੀ ਕੱਢਿਆ ਜਾਂਦਾ ਰਿਹਾ ਹੈ। ਪਰ ਇਸ ਵਾਰ ਦ੍ਰਿਸ਼ ਕੁਝ ਹੋਰ ਹੀ ਹੋ ਗਿਆ, ਕਿਉਂਕਿ ਪ੍ਰਸ਼ਾਸਨ ਨੇ ਸਿਰਫ਼ 15 ਮਿੰਟ ਪਹਿਲਾਂ ਹੀ ਫੈਸਲਾ ਕੀਤਾ ਕਿ ਨਗਰ ਕੀਰਤਨ ਬਜਾਰਾਂ ਵਿਚ ਵੀ ਲਿਜਾਇਆ ਜਾਵੇਗਾ। ਭਾਰੀ ਸੁਰੱਖਿਆ ਹੇਠ ਨਗਰ ਕੀਰਤਨ ਨੇ ਬਜਾਰਾਂ ਵਿਚ ਪ੍ਰਵੇਸ਼ ਕੀਤਾ। ਬਜਾਰਾਂ ਵਿਚ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਸਨ। ਪ੍ਰਸ਼ਾਸਨ ਵਲੋਂ ਬਜ਼ਾਰ, ਦੁਕਾਨਾਂ ਦੀਆਂ ਅਤੇ ਕਈ ਨੇੜੇ ਦੇ ਘਰਾਂ ਦੀਆਂ ਛੱਤਾਂ ਉਪਰ ਵੀ ਪੁਲਿਸ ਤਾਇਨਾਤ ਕਰ ਦਿੱਤੀ ਗਈ। ਇਸ ਨਗਰ ਕੀਰਤਨ ਵਿਚ ਪਾਕਿਸਤਾਨ, ਭਾਰਤ, ਅਫਗਾਨਿਸਤਾਨ, ਮਲੇਸ਼ੀਆ, ਦੁਬਈ, ਕਨੈਡਾ, ਇੰਗਲੈਂਡ ਆਦਿ ਕਈ ਮੁਲਕਾਂ ਦੀਆਂ ਸੰਗਤਾਂ ਸ਼ਾਮਿਲ ਹੋਈਆਂ। ਨਗਰ ਕੀਰਤਨ ਦੁਪਹਿਰ 1 ਵਜੇ ਦੀ ਕਰੀਬ ਜਨਮ ਅਸਥਾਨ ਤੋਂ ਰਵਾਨਾ ਹੋਇਆ। ਅਤੇ ਵਾਪਸ ਇਥੇ ਆ ਕੇ ਸਮਾਪਤ ਹੋਇਆ। ਇਸੇ ਰਾਤ 11-45 ਮਿੰਟ ਤੇ ਹੀ ਆਰੰਭ ਹੋਏ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਵਾਰ ਸੰਗਤ ਨੂੰ ਆਤਿਸ਼ਬਾਜ਼ੀ ਕਰਨ ਦੀ ਇਜਾਜਤ ਨਹੀਂ ਦਿੱਤੀ ਗਈ। ਸਮਾਪਤੀ ਉਪਰੰਤ ਯਾਤਰੀ ਆਪੋ ਆਪਣੇ ਕਮਰਿਆਂ ਵਿਚ ਸੌਣ ਲਈ ਚਲੇ ਗਏ। ਅਗਲੇ ਦਿਨ ਦੁਪਹਿਰ ਬਾਅਦ ਸੰਗਤ ਗੱਡੀਆਂ ਵਿਚ ਸਵਾਰ ਹੋ ਕਿ ਅਗਲੀ ਮੰਜਿਲ ਸ੍ਰੀ ਪੰਜਾ ਸਾਹਿਬ ਵੱਲ ਚਲ ਪਈ। ਰਸਤੇ ਵਿਚ ਆ ਰਹੇ ਪਿੰਡ ਬਹੁਤੇ ਵੱਡੇ ਨਹੀਂ ਸਨ। ਰੇਲਵੇ ਸਟੇਸ਼ਨਾਂ ਤੋਂ ਲਗਦਾ ਸੀ ਜਿਹੋ ਜਿਹੇ ਅੰਗਰੇਜ਼ ਛੱਡ ਕਿ ਗਏ ਉਹੋ ਜਿਹੇ ਹੀ ਹਨ ਕੋਈ ਨਵੇਂ ਉਸਾਰੀ ਹੋਈ ਨਹੀਂ ਲਗਦੀ ਸੀ। ਇਨੇ ਨੂੰ ਇਕ ਵੱਡਾ ਸਟੇਸ਼ਨ ਆਇਆ ਤੇ ਗੱਡੀ ਰੁਕ ਗਈ। ਬਾਹਰ ਦੇਖਿਆ ਇਹ ਸਟੇਸ਼ਨ ਸਹਾਦਰਾਬਾਗ ਜੰਕਸ਼ਨ ਸੀ। ਇਥੇ ਗੱਡੀ ਅੱਧਾ ਘੰਟਾ ਖੜੀ ਰਹੀ। ਇਥੇ ਵੀ ਕਿਸੇ ਪਾਕਿਸਤਾਨੀ ਨਾਗਰਿਕ ਨੂੰ ਸਾਡੀ ਗੱਡੀ ਵਾਲੇ ਪਲੇਟ ਫਾਰਮ ਤੇ ਨਹੀਂ ਆਉਣ ਦਿੱਤਾ ਗਿਆ। ਹੌਲੀ-ਹੌਲੀ ਹਨੇਰਾ ਹੋਣ ਲੱਗ ਪਿਆ। ਅੱਧੀ ਰਾਤ ਵੇਲੇ ਇਕ ਬਹੁਤ ਵੱਡਾ ਸਟੇਸ਼ਨ ਆਇਆ, ਇਹ ਰਾਵਲਪਿੰਡੀ ਸੀ। ਗੱਡੀ ਬਿਨਾ ਰੁਕੇ ਆਪਣੀ ਮੰਜ਼ਿਲ ਵੱਲ ਵੱਧਦੀ ਗਈ। ਪਹੁ ਫੁਟਾਲੇ ਦੇ ਨਾਲ ਹੀ ਅਸੀਂ ਸੰਸਾਰ ਪ੍ਰਸਿੱਧ ਸਿੰਧੂ ਘਾਟੀ ਦੀ ਸੱਭਿਅਤਾ ਦੇ ਟੈਕਸਲਾ ਸਟੇਸ਼ਨ ਲੰਘਦੇ ਹੋਏ ਹਸਨ ਅਬਦਾਲ (ਪੰਜਾ ਸਾਹਿਬ) ਜਾ ਪਹੁੰਚੇ। ਅੱਖਾ ਸਾਹਮਣੇ ਚਿੱਤਰਕਾਰ ਮਾਸਟਰ ਗੁਰਦਿਤ ਸਿੰਘ ਵਲੋਂ ਬਣੇ ਪੰਜਾ ਸਾਹਿਬ ਦੇ ਸਾਕੇ ਦਾ ਦ੍ਰਿਸ਼ ਹੂ-ਬ-ਹੂ ਸਾਕਾਰ ਸੀ। ਉਹੀ ਸਟੇਸ਼ਨ, ਉਸ ਵਰਗੀ ਹੀ ਰੇਲ ਗੱਡੀ, ਅਸੀਂ ਕੈਦੀ ਨਹੀਂ, ਯਾਤਰੂ ਸਿੱਖ ਸੀ। ਸਿੰਘਾਂ ਨੂੰ ਗੱਡੀ ਦੀ ਲਾਈਨ ਤੇ ਬੈਠ ਗੱਡੀ ਰੋਕਣੀ ਨਹੀਂ ਸੀ ਪਈ ਸਗੋਂ ਸਾਡੀ ਯਾਤਰਾ ਦੇ ਇਕ ਪੜਾਅ ਤੇ ਗੱਡੀ ਆਪਣੇ ਆਪ ਆਣ ਖੜੋਤੀ ਸੀ। ਹਸਨ ਅਬਦਾਲ ਪਹਾੜਾਂ ਦੇ ਪੈਰਾ ਵਿਚ ਵਸਿਆ ਹੋਣ ਕਰਕੇ ਇਥੇ ਠੰਡ ਨਨਕਾਣਾ ਸਾਹਿਬ ਨਾਲੋਂ ਕਾਫੀ ਜ਼ਿਆਦਾ ਸੀ। ਇਸ ਇਲਾਕੇ ਦੀ ਧਰਤੀ ਨੀਮ ਪਹਾੜੀ ਪਥਰੀਲੀ ਜਿਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮੱਕੇ ਤੋਂ ਵਾਪਸ ਆਉਂਦੇ ਹੋਏ ਇਥੇ ਠਹਿਰੇ ਸਨ। ਗੁਰੂ ਨਾਨਕ ਦੇਵ ਜੀ ਸਾਰੀ ਉਮਰ ਭੁਲਿਆ ਨੂੰ ਰਸਤੇ ਪਾਉਣ, ਰੱਬ ਬਣ ਬੈਠਿਆਂ ਨੂੰ ਰੱਬ ਦਾ ਅਹਿਸਾਸ ਕਰਾਉਣ, ਲੋਕਾਈ ਦੇ ਦੁੱਖ ਦਰਦ ਦੂਰ ਕਰਨ ਨੂੰ ਸਮਰਪਿਤ ਰਹੇ। ਇਥੇ ਵੀ ਇਕ ਕਰਨੀ ਵਾਲੇ ਪਰ ਹਾਊਮੈ ਰੋਗ ਤੋਂ ਪੀੜਤ ਫਕੀਰ ਵਲੀ ਕੰਧਾਰੀ ਨੂੰ ਲੋਕਾਈ ਦਾ ਭਲਾ ਕਰਨ ਦਾ ਸਬਕ ਪੜਾਇਆ। ਵਲੀ ਕੰਧਾਰੀ ਦੀ ਪਹਾੜੀ ਦਾ ਚਸ਼ਮਾ ਮੁੜ ਕਦੇ ਨਹੀਂ ਵਗਿਆ। ਬਾਬੇ ਨਾਨਕ ਦੀ ਆਗਿਆ ਨਾਲ ਮਰਦਾਨੇ ਵੱਲੋਂ ਚੁੱਕੇ ਪੱਥਰ ਹੇਠੋਂ ਵਗਿਆ ਉਹ ਨਿਰਮਲ ਚਸ਼ਮਾਂ ਸਦੀਆਂ ਤੋਂ ਲਗਾਤਾਰ ਚਲ ਰਿਹਾ ਹੈ। ਹੁਣ ਵੀ ਸਾਰੇ ਸ਼ਹਿਰ ਨੂੰ ਪਾਣੀ ਇਸੇ ਚਸ਼ਮੇ ਤੋਂ ਹੀ ਸਪਲਾਈ ਹੁੰਦਾ ਹੈ। ਇਥੇ ਕੰਧਾਰੀ ਵੱਲੋਂ ਸੁੱਟੇ ਪੱਥਰ ਉਪਰ ਬਾਬਾ ਨਾਨਕ ਦੇ ਪੰਜੇ ਦਾ ਨਿਸ਼ਾਨ ਅੱਜ ਵੀ ਮੌਜੂਦ ਹੈ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਤਾਮੀਰ ਸਿੱਖ ਜਰਨੈਲ ਹਰੀ ਸਿੰਘ ਨਲੂਆ ਨੇ ਕਰਵਾਈ ਸੀ। ਪੰਜਾ ਸਾਹਿਬ ਵਿਖੇ ਸੰਗਤਾਂ ਨੇ ਦੋ ਦਿਨ ਠਹਿਰਨਾ ਸੀ। ਸੁਰੱਖਿਆ ਦੇ ਮੱਦੇ ਨਜ਼ਰ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਸੁਰੱਖਿਆ ਬਲ ਤਾਇਨਾਤ ਸਨ। ਬਜ਼ਾਰਾਂ ਨੂੰ ਦੋ ਦਿਨਾ ਲਈ ਬੰਦ ਕਰ ਦਿੱਤਾ ਗਿਆ ਸੀ। ਯਾਤਰੂਆਂ ਨੂੰ ਬਾਹਰ ਜਾਣ ਦੀ ਇਜਾਜਤ ਨਹੀਂ ਸੀ। ਮੈਡੀਕਲ ਅਤੇ ਪੀਸੀਓ ਦੀ ਸਹੂਲਤ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਉਪਲੱਬਧ ਸੀ। ਅਗਲਾ ਦਿਨ ਭਾਵ ਮਿਤੀ 1 ਦਸੰਬਰ 2012 ਦਾ ਦਿਨ ਲਾਹੋਰ ਵਾਪਸੀ ਦਾ ਦਿਨ ਸੀ। ਗੱਡੀਆਂ ਆਪਣੇ ਨਿਰਧਾਰਿਤ ਸਮੇਂ ਤੇ ਦੁਪਹਿਰੇ ਸਟੇਸ਼ਨ ਤੇ ਆਣ ਖੜੋਤੀਆਂ। ਸਾਮ ਨੂੰ ਪੰਜਾ ਸਾਹਿਬ ਤੋਂ ਚਲ ਕੇ ਅਗਲੇ ਦਿਨ ਸਵੇਰੇ ਅਸੀਂ ਲਾਹੌਰ ਦੇ ਮੇਨ ਸਟੇਸ਼ਨ ਤੇ ਪਹੁੰਚ ਗਏ। ਇਥੇ ਵੀ ਸਾਰੇ ਯਾਤਰੀਆਂ ਲਈ ਫਰੀ ਬੱਸਾਂ ਦਾ ਇੰਤਜਾਮ ਕੀਤਾ ਗਿਆ ਸੀ। ਲਾਹੌਰ ਗੁ: ਡੇਹਰਾ ਸਾਹਿਬ ਵਿਖੇ ਯਾਤਰੂ ਨਿਵਾਸ ਨਾ ਹੋਣ ਕਰਕੇ ਸੰਗਤ ਨੂੰ ਵੱਖ ਥਾਵਾਂ ਤੇ ਠਹਿਰਾਇਆ ਗਿਆ ਸੀ। ਸਾਡੀ ਠਾਹਰ ਸਿਟੀ ਮੁਸਲਿਮ ਲੀਗ ਹਾਈ ਸਕੂਲ ਮਿੱਠਾ ਬਜਾਰ ਲਾਹੌਰ ਵਿਚ ਸੀ। ਆਪੋ ਆਪਣੇ ਟਿਕਾਣਿਆਂ ਤੇ ਸਮਾਨ ਆਦਿ ਰੱਖ ਕੇ ਸੰਗਤ ਗੁ: ਡੇਹਰਾ ਸਾਹਿਬ ਵਿਖੇ ਜੁੜਨੀ ਸ਼ੁਰੂ ਹੋ ਗਈ ਅਤੇ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ। ਗੁ: ਡੇਹਰਾ ਸਾਹਿਬ ਸਾਹੀ ਕਿਲੇ ਦੇ ਸਾਹਮਣੇ ਬਿਲਕੁਲ ਨੇੜੇ ਹੀ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਵੀ ਗੁ: ਸਾਹਿਬ ਦੇ ਬਿਲਕੁਲ ਨਾਲ ਹੀ ਹੈ। ਇਹ ਲਾਹੌਰ ਵਿਚ ਸਾਡੀ ਪਹਿਲੀ ਸਵੇਰ ਸੀ। ਅਸੀਂ ਉਸ ਲਾਹੌਰ ਵਿਚ ਖੜੋਤੇ ਸੀ ਜਿਸ ਬਾਰੇ ਕਦੇ ਅਜਿਹੀਆਂ ਅਖੌਤਾਂ ਪ੍ਰਸਿਧ ਸਨ ਕਿ, ”ਜਿਸ ਨੇ ਲਾਹੌਰ ਨਹੀਂ ਵੇਖਿਆ, ਸਮਝੋ ਜੰਮਿਆ ਹੀ ਨਹੀਂ।” ਸਦੀਆਂ ਦਾ ਗਵਾਹ ਹੈ ਸ਼ਹਿਰ ਲਾਹੌਰ। ਲਾਹੌਰ ਆਪਣੇ ਵਿਚ ਵਿਰਾਸਤ ਵੀ ਸਾਂਭੀ ਬੈਠਾ ਹੈ ਅਤੇ ਅਧੁਨਿਕਤਾ ਨਾਲ ਵੀ ਮੋਢੇ ਨਾਲ ਮੋਢਾ ਜੋੜ ਕਿ ਤੁਰਦਾ ਹੈ। ਇਤਿਹਾਸਕ ਤੌਰ ਤੇ ਇਹ ਸੱਚ ਵੀ ਲਗਦਾ ਹੈ, ਸਲਤਨਤਾ ਬਦਲ ਗਈਆਂ, ਮਹਾਰਾਜੇ ਬਦਲ ਗਏ; ਦੇਸ ਬਦਲ ਗਏ, ਪਰ ਲਾਹੌਰ ਲਾਹੌਰ ਹੀ ਹੈ। ਕਦੇ ਇਹ ਮੁਗਲਾਂ ਅਧੀਨ ਹੋਇਆ, ਕਦੇ ਸਿੱਖਾਂ ਦੇ, ਕਦੇ ਅੰਗਰੇਜ਼ਾਂ ਦੇ, ਕਦੇ ਭਾਰਤ ਵਿਚ ਸੀ, ਹੁਣ ਪਾਕਿਸਤਾਨ ਵਿਚ ਹੈ। ਇਸ ਲਾਹੌਰ ਨੇ ਬੜੇ ਸ਼ਾਹੀ ਜਸ਼ਨ ਦੇਖੇ ਨੇ ਅਤੇ ਬੜੀਆਂ ਬਰਬਾਦੀਆਂ ਵੀ। ਇਸੇ ਲਾਹੌਰ ਨੇ ਸਿੱਖ ਧਰਮ ਵਿਚ ਸ਼ਹਾਦਤ ਦੀ ਪ੍ਰੰਪਰਾ ਦੀ ਸ਼ਰੂਆਤ ਵੀ ਵੇਖੀ ਹੈ। ਸਿੱਖੀ ਸਹਾਦਤਾਂ ਦੀ ਪਹਿਲੀ ਪੌੜੀ ਡੇਹਰਾ ਸਾਹਿਬ ਲਾਹੌਰ ਹੈ। ਇਸੇ ਸਥਾਨ ਤੇ ਹੀ ਚੰਦੂਸ਼ਾਹ ਵਰਗੇ ਸਰਕਾਰੀ ਟੁੱਕੜ ਬੋਚ ਕਰਮਚਾਰੀਆਂ ਨੇ ਆਪਣੀਆਂ ਜਾਤੀ ਰੰਜਸਾਂ ਕੱਢਣ ਲਈ, ਸ਼ੇਖ ਅਹਿਮਦ ਸਰਹੰਦੀ ਅਤੇ ਕੁੱਝ ਹੋਰ ਤੁਅਸਬੀ ਮੁਲਾਵਾਂ ਦੀ ਚੁੱਕ ਤੇ ਅਕਬਰ ਦੇ ਪੁੱਤਰ ਅਤੇ ਜਾਨਸ਼ੀਨ ਜਹਾਂਗੀਰ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ। ਰੱਬ ਦੀ ਰਜਾ ਵਿਚ ਰਹਿਣ ਵਾਲੇ ਇਕ ਫਕੀਰ ਮਾਲਾ ਧਰਤੀ ਤੇ ਡਿਗ ਪਈ। ਉਸ ਨੇ ਦੋਵ੍ਵੇ ਹੱਥ ਚੁੱਕ ਕੇ ਦੁਹਾਈ ਦਿੱਤੀ ਕਿ ਏਨਾ ਜੁਲਮ ਨਾ ਕਮਾਓ। ਉਹ ਸਿੱਧਾ ਸ਼ਾਹੀ ਕਿਲੇ ਪਹੁੰਚਿਆ। ਪਹਿਰੇਦਾਨ ਉਸ ਨੂੰ ਰੋਕ ਨਹੀਂ ਸਕਦੇ ਸਨ। ਸਤਿਗੂਰਾਂ ਨੂੰ ਤੱਤੀ ਤਵੀ ਤੇ ਬੈਠਿਆ ਵੇਖ ਕੇ ਉਸ ਦਾ ਹਿਰਦਾ ਰੋ ਪਿਆ। ਸਾਈ ਮੀਆਂ ਮੀਰ ਨੇ ਕੁੱਝ ਸਾਲ ਪਹਿਲਾ ਜਿਸ ਲਾਹੌਰ ਵਿਚ ਗੁਰੂ ਸਾਹਿਬ ਨੂੰ ਕਾਲ ਪੀੜਤਾਂ ਦੀ ਸੇਵਾ ਕਰਦਿਆਂ ਉਨ੍ਹਾਂ ਨੂੰ ਦਵਾ-ਦਾਰੂ ਕਰਦਿਆਂ ਵੇਖਿਆ ਸੀ। ਅੱਜ ਉਸੇ ਲਾਹੌਰ ਵਿੱਚ ਉਹ ਆਪ ਨੂੰ ਅਸਿਹ ਤਸੀਹੇ ਸਹਾਰਦੇ ਹੋਏ ਵੇਖ ਰਿਹਾ ਸੀ। ਪਰ ਰੱਬ ਦੀ ਰਜਾ ਵਿਚ ਰਾਜੀ ਰਹਿੰਦਿਆਂ ਜੋ ਤੁਧੂ ਭਾਵੈ ਪਰਵਾਣੁ ਤੇਰੇ ਭਾਣੇ ਨੋ ਕੁਰਬਾਣ। ਦੀ ਧੁਨ ਉਚਾਰਦਿਆਂ ਆਖਰੀ ਸਮੇਂ ਤੱਕ ਚੜਦੀਕਲਾ ਚ ਵਿਚਰਦਿਆਂ ਗੁਰੂ ਸਾਹਿਬ ਜੀ 30 ਮਈ 1606 ਨੂੰ ਸ਼ਹੀਦ ਹੋ ਗਏ। ਲਾਹੌਰ ਅਤੇ ਇਯ ਦੇ ਆਸ ਪਾਸ ਹੋਰ ਵੀ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਹਨ ਪਰ ਇਨ੍ਹਾਂ ਵਿਚੋਂ ਕੁਝ ਦੇ ਹੀ ਦਰਸ਼ਨ ਸੰਗਤਾਂ ਨੂੰ ਕਰਵਾਏ ਜਾਂਦੇ ਹਨ। ਇਕ ਦਿਨ ਗੁ: ਰੋੜੀ ਸਾਹਿਬ ਅਤੇ ਗੁ: ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਜਾਣ ਦਾ ਪ੍ਰੋਗਰਾਮ ਸੀ। ਯਾਤਰੂ ਵਕਫ ਬੋਰਡ ਵਲੋਂ ਮੰਗਵਾਈਆਂ ਬੱਸਾਂ ਵਿਚ ਬੈਠ ਕਿ ਪਹਿਲਾ ਗੁ: ਰੋੜੀ ਸਾਹਿਬ ਪਹੁੰਚੇ। ਗੁਰੂ ਨਾਨਕ ਦੇਵ ਜੀ ਨੇ ਹਸਨ ਅਬਦਾਲ ਤੋਂ ਵਾਪਸੀ ਵੇਲੇ ਇਸ ਅਸਥਾਨ ਤੇ ਰੋੜੀ ਉਪਰ ਵਿਸ਼ਰਾਮ ਕੀਤਾ ਸੀ। ਰੋੜੀ ਸਾਹਿਬ ਗੁ: ਜ਼ਿਲ੍ਹਾ ਗੁਜਰਾਂਵਾਲਾ ਵਿਚ ਕਸਬਾ ਏਮਨਾਬਾਦ ਦੇ ਨੇੜੇ ਸਥਿਤ ਹੈ। ਦੁਪਹਿਰ 2 ਵਜੇ ਦੇ ਕਰੀਬ ਰੋੜੀ ਸਾਹਿਬ ਤੋਂ ਚਲਕੇ ਗੁ: ਕਰਤਾਰਪੁਰ ਪਹੁੰਚਦਿਆਂ 4 ਵਜ ਗਏ। ਇਹ ਉਹ ਪਾਵਨ ਅਸਥਾਨ ਹੈ ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਤਲਾ ਸਮਾਂ ਗੁਜਾਰਿਆ ਅਤੇ ਜੋਤੀ ਜੋਤ ਸਮਾਏ ਸਨ। ਇਹ ਧਾਰਮਿਕ ਅਸਥਾਨ ਭਾਰਤੀ ਹੱਦ ਦੇ ਨੇੜੇ ਰਾਵੀ ਦਰਿਆ ਦੇ ਪੱਛਮੀ ਪਾਸੇ ਤੇ ਸਥਿਤ ਹੈ। ਇਸ ਦੀ ਇਮਾਰਤ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ ਬਣਵਾਈ ਸੀ। ਹਾਲੇ ਇਹ ਗੁਰਦੁਆਰਾ ਬਣ ਹੀ ਰਿਹਾ ਸੀ ਕਿ ਭਾਰਤ ਦੀ ਵੰਡ ਹੋ ਗਈ ਅਤੇ ਇਹ ਅਸਥਾਨ ਪਾਕਿਸਤਾਨ ਵਿਚ ਚਲਾ ਗਿਆ। ਇਕ ਦਿਨ ਲਾਹੌਰ ਸ਼ਹਿਰ ਵੇਖਣ ਲਈ ਸੀ। ਯਾਤਰੀ ਸਭ ਤੋਂ ਵੱਧ ਖ੍ਰੀਦਦਾਰੀ ਵੀ ਇਥੇ ਹੀ ਕਰਦੇ ਹਨ। ਇਕ ਤਾਂ ਇਹ ਯਾਤਰਾ ਦਾ ਆਖਰੀ ਪੜਾਅ ਹੁੰਦਾ ਹੈ ਅਤੇ ਦੂਜਾ ਸਭ ਤੋਂ ਵੱਡੀ ਮੰਡੀ ਲਾਹੌਰ ਹੀ ਹੈ। ਸ਼ਾਹ ਆਲਮੀ ਮਾਰਕੀਟ, ਅਕਬਰੀ ਮੰਡੀ ਅਤੇ ਕਈ ਪੁਰਾਣੇ ਬਜ਼ਾਰ ਬਹੁਤ ਵੱਡੇ ਅਤੇ ਭੀੜੇ ਹਨ ਜਿਨ੍ਹਾਂ ਵਿਚ ਸਿਰਫ ਪੈਦਲ ਹੀ ਫਿਰਿਆ ਜਾ ਸਕਦਾ ਹੈ। ਇਨ੍ਹਾਂ ਬਜ਼ਾਰਾਂ ਵਿਚ ਘੁੰਮਦੇ ਘਮਾਉਂਦੇ ਅਸੀਂ ਅਨਾਰਕਲੀ ਬਜ਼ਾਰ ਵਿਚ ਪਹੁੰਚ ਗਏ। ਐਤਵਾਰ ਦਾ ਦਿਨ ਹੋਣ ਕਾਰਨ ਭੀੜ ਬਹੁਤ ਸੀ। ਲਾਹੌਰ ਦੀ ਆਧੁਨਿਕਤਾ ਤਾਂ ਲਿਬਰਟੀ ਮਾਰਕੀਟ ਵਿਚ ਦੇਖੀ ਜਾ ਸਕਦੀ ਹੈ। ਵੇਸੈ ਵੀ ਬੁਰਕੇ ਦੀ ਬੰਦਿਸ ਲਾਹੌਰ ਵਿਚ ਕਾਫੀ ਘੱਟ ਹੈ ਪਰ ਲਿਬਰਟੀ ਤਾਂ ਇਸ ਤੋਂ ਬਿਲਕੁਲ ਅਜ਼ਾਦ ਹੈ। ਇਥੇ ਫਿਰਦਿਆਂ ਪ੍ਰੋ: ਸੋਹਣ ਸਿੰਘ ਦੀ ਕਵਿਤਾ ਦੀਆਂ ਸਤਰਾਂ ਯਾਦ ਆਉਂਦੀਆਂ ਹਨ - ਸੱਕ ਮਲ ਦੀਆਂ ਰਾਵੀ ਦੇ ਪੱਤਣਾਂ ਤੇ ਅੱਗ ਲਾਉਣ ਲਾਹੌਰਨਾ ਚੱਲੀਆ ਨੇ। ਯੂਨੀਵਰਸਿਟੀਆਂ, ਕਾਲਜਾਂ ਅਤੇ ਆਧੁਨਿਕ ਸਿੱਖਿਆ ਦਾ ਕੇਂਦਰ ਵੀ ਹੈ ਲਾਹੌਰ। ਇਕ ਸਮੇਂ ਯੂਨੀਵਰਸਿਟੀ ਜਾਂ ਲਾਹੌਰ ਵਿਚ ਸੀ ਜਾ ਦਿੱਲੀ ਵਿਚ। ਸਭ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਲਾਹੌਰ ਵਿਚ ਹੀ ਹੋਈ ਸੀ। ਬਿਲਿਆਰਡ ਤੇ ਸਨੁਕਰ ਖੇਡਣ ਦੀ ਕਾਫੀ ਸ਼ੋਕੀਨ ਹਨ ਲਹੌਰੀਏ। ਹਰ ਗਲੀ ਮੁਹੱਲੇ ਬਿਲਿਆਰਡ ਖੇਡਣ ਦੇ ਕਲੱਬ ਹਨ। ਹਿੰਦੀ ਫਿਲਮਾਂ ਦੇ ਦੀਵਾਨੇ ਹਨ ਪਾਕਿਸਤਾਨੀ। ਕੋਈ ਆਖ ਰਿਹਾ ਸੀ ਸਾਰਾ ਦਿਨ ਭਾਵ੍ਵੇ ਹਿੰਦੂਸਤਾਨੀਆਂ ਨੂੰ ਕੋਸਦੇ ਰਹਿਣ ਪਰ ਰਾਤ ਨੂੰ ਘਰ ਵੜਕੇ ਹਿੰਦੀ ਫਿਲਮਾਂ ਜ਼ਰੂਰ ਦੇਖਦੇ ਹਨ। ਰਾਤ ਹੋਈ ਲਾਹੌਰ ਸ਼ਹਿਰ ਤੋਂ ਵਾਪਸ ਆ ਕੇ ਆਪੋ ਆਪਣੇ ਪਾਸਪੋਰਟ ਪ੍ਰਾਪਤ ਕੀਤੈ। ਕਿਉਂਕਿ ਅਗਲਾ ਦਿਨ ਆਪਣੇ ਵਤਨ ਵਾਪਸੀ ਦਾ ਸੀ। 4 ਨਵੰਬਰ 2012 ਨੂੰ ਸਵੇਰੇ 6 ਵਜੇ ਲਾਹੌਰ ਰੇਲਵੇ ਸਟੇਸ਼ਨ ਤੋਂ ਚਲ ਕੇ ਵਾਹਗੇ ਪਹੁੰਚ ਗਏ। ਵਾਹਗੇ ਤੋਂ ਇਮੀਗਰੇਸ਼ਨ ਕਰਵਾਉਣ ਉਪਰੰਤ ਸਾਰੀਆਂ ਸੰਗਤਾਂ ਲੰਗਰ ਛੱਕਿਆ ਤੇ ਗੱਡੀ ਵਿਚ ਬੈਠ ਉਸੇ ਗੇਟ ਰਾਹੀਂ ਭਾਰਤ ਵਿੱਚ ਪ੍ਰਵੇਸ਼ ਕਰ ਗਏ ਅਤੇ ਅਟਾਰੀ ਤੋਂ ਸਭ ਆਪੋ ਆਪਣੇ ਟਿਕਾਣਿਆਂ ਨੂੰ ਉਡਾਰੀ ਮਾਰ ਗਏ ਜਿੱਥੇ ਜੁੜ ਕੇ ਚਲੇ ਸੀ। ਸੁਖਜੀਤ ਸਿੰਘ ਪਟਿਆਲਾ

ਹਰਾਮ ਦਾ ਪੈਸਾ……….?

ਕਈ ਸਦੀਆਂ ਪਹਿਲਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਆਖ ਗਏ ਸਨ ਕਿ ਮਾਇਆ ਪਾਪਾਂ ਬਗ਼ੈਰ ਇਕਠੀ ਨਹੀਂ ਹੋ ਸਕਦੀ ਅਤੇ ਮਰਨ ਵਕਤ ਨਾਲ ਨਹੀਂ ਜਾਂਦੀ ਹੈ। ਇਸ ਵਾਕ ਦੀ ਵਰਤੋਂ ਹਰ ਧਾਰਮਿਕ ਅਸਥਾਨ ਉਤੇ ਕੀਤੀ ਜਾਂਦੀ ਹੈ ਜਦਕਿ ਇਹ ਧਾਰਮਿਕ ਅਸਥਾਨਾਂ ਵਾਲੇ ਆਪ ਮਾਇਆ ਇਕਠੀ ਕਰਨ ਉਤੇ ਲਗੇ ਹੁੰਦੇ ਹਨ। ਕਿਉਂਕਿ ਉਹ ਕ੍ਰਿਤ ਨਹੀਂ ਕਰ ਰਹੇ ਹੁੰਦੇ ਇਸ ਲਈ ਇਹ ਇਕਠੀ ਕੀਤੀ ਮਾਇਆ ਵੀ ਪਾਪਾਂ ਨਾਲ ਇਕਠੀ ਕਰਨ ਦੇ ਬਰਾਬਰ ਹੀ ਹੁੰਦੀ ਹੈ। ਇਹ ਸਚਾਈ ਹੈ ਕਿ ਜਿਤਨੇ ਵੀ ਸੰਤ ਮਹਾਤਮਾਂ ਮਰ ਗਏ ਹਨ ਕੋਈ ਵੀ ਮਾਇਆ ਨਾਲ ਲੈਕੇ ਨਹੀਂ ਗਿਆ। ਸਾਰਾ ਕੁੱਝ ਇਥੇ ਹੀ ਛਡ ਗਿਆ ਹੈ। ਪਰ ਇਹ ਸਬਕ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗਏ ਸਨ ਇਹ ਸਿਰਫ਼ ਬਾਰ ਬਾਰ ਉਚਾਰਨ ਲਈ ਹੀ ਹੈ ਅਤੇ ਇਸ ਸਿਧਾਂਤ ਉਤੇ ਚਲਣਾ ਅੱਜ ਤੱਕ ਕਿਸੇ ਨੂੰ ਨਹੀਂ ਆਇਆ। ਅਗਰ ਕੋਈ ਹਰਾਮ ਦੀ ਕਮਾਈ ਨਹੀਂ ਕਰਦਾ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਆਦਮੀ ਸਾਧ ਸੰਤ ਬਣ ਗਿਆ ਹੈ, ਬਲਕਿ ਇਹ ਆਖਿਆ ਜਾ ਸਕਦਾ ਹੈ ਕਿ ਹੇਰਾ ਫ਼ੇਰੀ ਨਾਲ ਪੈਸਾ ਇਕਠਾ ਕਰਨਾ ਜਾਂ ਤਾ ਉਸਨੂੰ ਆਉਂਦਾ ਹੀ ਨਹੀਂ ਹੈ ਜਾਂ ਉਹ ਡਰਦਾ ਹੈ ਕਿ ਅਗਰ ਪਕੜਿਆ ਗਿਆ ਤਾਂ ਕੀ ਕਰੇਗਾ। ਸਾਡੇ ਮੁਲਕ ਦੇ ਸਾਰੇ ਦੇ ਸਾਰੇ ਲੋਕੀਂ ਕਿਸੇ ਨਾ ਕਿਸੇ ਧਰਮ ਨਾਲ ਜੁੜੇ ਹੋਏ ਹਨ ਅਤੇ ਇਹ ਵੀ ਵਿਸ਼ਵਾਸ ਕਰਦੇ ਹਨ ਕਿ ਹਰਾਮ ਨਹੀਂ ਖਾਣਾ ਚਾਹੀਦਾ। ਪਰ ਹਰ ਆਦਮੀ ਦੀ ਮਜੂਂਰੀ ਹੈ ਕਿ ਉਹ ਪੈਸਾ ਇਕਠਾ ਕਰੇ। ਪੈਸੇ ਬਗ਼ੈਰ ਇਥੇ ਨਾਂ ਤਾਂ ਪਾਣੀ ਮਿਲਦਾ ਹੈ ਅਤੇ ਨਾ ਹੀ ਹਵਾਂ ਮਿਲਦੀ ਹੈ। ਕਦੀ ਇਹ ਚੀਜ਼ਾਂ ਮੁਫ਼ਤ ਮਿਲਦੀਆਂ ਸਨæ ਅਤੇ ਇਹ ਵੀ ਆਖ ਦਿੱਤਾ ਗਿਆ ਸੀ ਕਿ ਰੁਖੀ ਸੁੱਕੀ ਖਾਕੇ ਠੰਡਾ ਪਾਣੀ ਪੀ ਅਤੇ ਨਾ ਦੇਖ ਪਰਾਈਆਂ ਚੋਪੜੀਆਂ ਅਤੇ ਨਾ ਤਰਸਾਵੀਂ ਜੀ। ਇਹ ਗਲਾ ਬਹੁਤ ਹੀ ਪੁਰਾਣੀਆਂ ਹੋ ਗਈਆਂ ਹਨ। ਅੱਜ ਵੀ ਲੋਕੀਂ ਬਹੁਤਾ ਖਾਕੇ ਬਿਮਾਰ ਹੋ ਰਹੇ ਹਨ ਅਤੇ ਇਕ ਪਾਸੇ ਲੋਕੀਂ ਭੁਖ ਕਾਰਨ ਮਰ ਰਹੇ ਹਨ, ਪਰ ਲੁਟਣ ਦਾ ਸਿਲਸਿਲਾ ਜਾਰੀ ਹੈ। ਜਿਸ ਕਿਸੇ ਹੱਥ ਪੈਸਾ ਆ ਜਾਦਾ ਹੈ ਉਹ ਇਸ ਪੈਸੇ ਦੀ ਸਹਾਇਤਾਂ ਨਾਲ ਹੋਰ ਪੈਸਾ ਇਕਠਾ ਕਰਨ ਉਤੇ ਲਗਾ ਹੋਇਆ ਹੈ ਅਤੇ ਜਿਸ ਪਾਸ ਤਾਕਤ ਹੈ ਉਹ ਵੀ ਇਸ ਤਾਕਤ ਦੀ ਗ਼ਲਤ ਵਰਮਤੋਂ ਕਰਕੇ ਪੈਸਾ ਇਕਠਾ ਕਰਨ ਉਤੇ ਲਗਾ ਹੋਇਆ ਹੈ। ਜਿਸ ਪਾਸ ਪੈਸਾ ਆ ਗਿਆ ਹੈ ਵੁਹ ਆਦਮੀ ਇਜ਼ਤਦਾਰ ਵੀ ਬਣ ਜਾਂਦਾ ਹੈ ਅਤੇ ਭਾਵੇਂ ਜੋ ਮਰਜ਼ੀ ਹੈ ਕਰੀ ਜਾਵੇ, ਉਸਦਾ ਹਰ ਪਾਪ, ਹਰ ਅਪ੍ਰਾਧ ਅਤੇ ਹਰ ਦੁਰਾਚਾਰ ਛੁਪ ਜਾਂਦਾ ਹੈ। ਕੋਈ ਵੀ ਰਾਣੀ ਨੂੰ ਇਹ ਨਹੀਂ ਆਖਦਾ ਰਾਣੀ ਸਾਹਿਬਾ ਆਪਣਾ ਅਗਲਾ ਢੱਕ ਲਓ। ਇਹ ਹੈ ਇਹ ਮੁਲਕ ਅਤੇ ਇਹ ਗਲਾਂ ਇਥੇ ਅੱਜ ਸਥਾਪਿਤ ਨਹੀਂ ਹੋਈਆਂ ਬਲਕਿ ਸਦੀਆਂ ਪਹਿਲਾਂ ਵੀ ਇਥੇ ਸੁਦਾਮਾ ਹੋਇਆ ਹੈ ਅਤੇ ਇਹ ਸੁਦਾਮਾ ਹਰ ਯੁਗ ਵਿੱਚ ਹਾਜ਼ਰ ਹੈ। ਆਖਦੇ ਹਨ ਹਰਾਮ ਪਚਦਾ ਨਹੀਂ। ਪਰ ਇਹ ਗਲ ਕਿਸੇ ਹੋਰ ਯੁਗ ਵਿੱਚ ਆਖੀ ਗਈ ਹੋਵੇਗੀ। ਅੱਜ ਤਾਂ ਹਰਾਮ ਖ਼ੂਬ ਪਚ ਰਿਹਾ ਹੈ ਅਤੇ ਇਹ ਜਹਾਜ਼, ਇਹ ਕਾਰਾਂ, ਇਹ ਮਹਿਲ, ਇਹ ਕਪੜੇ, ਇਹ ਖ਼ਰਚੇ, ਇਹ ਮੌਜਾਂ ਅਤੇ ਇਹ ਬਹਾਰਾਂ ਸਾਫ਼ ਪਈਆਂ ਦਸਦੀਆਂ ਹਨ ਕਿ ਹਰਾਮ ਦਾ ਪੈਸਾ ਰੰਗ ਲਿਆ ਰਿਹਾ ਹੈ। ਪੈਸਾ ਬਟੋਰਨ ਵਾਲੇ ਵੀ ਐਸ਼ ਕਰ ਰਹੇ ਹਨ, ਘਰ ਵਾਲੇ ਵੀ ਐਸ਼ ਪਏ ਕਰਦੇ ਹਨ ਅਤੇ ਅਗਰ ਹੋਰ ਨੀਝ ਨਾਲ ਦੇਖਿਆ ਜਾਵੇ ਤਾਂ ਕਈ ਕਈ ਪੀੜ੍ਹੀਆਂ ਮੌਜਾ ਕਰਦੀਆਂ ਆ ਰਹੀਆਂ ਹਨ। ਇਹ ਲੁਟੇਰਿਅੰਾਂ ਨਾਲ ਰੱਬ ਨੇ ਕੀ ਕੀਤਾ ਹੋਵੇਗਾ, ਇਸ ਗਲ ਦਾ ਸਾਨੂੰ ਪਤਾ ਨਹੀਂ ਲਗਾ, ਪਰ ਵਕਤ ਦੀਆਂ ਸਰਕਾਰਾਂ ਵੀ ਇੰਨ੍ਹਾਂ ਨੂੰ ਸਜ਼ਾ ਨਹੀਂ ਦੇ ਰਹੀਆਂ ਅਤੇ ਨਾ ਹੀ ਕੋਈ ਇੰਨ੍ਹਾਂ ਪਾਸੋਂ ਪੈਸਾ ਖੋਹ ਹੀ ਰਿਹਾ ਹੈ। ਲਗਦਾ ਹੈ ਸਾਡਾ ਸੰਵਿਧਾਨ ਇਹ ਲੁੱਟ ਕਰਨ ਦੀ ਆਗਿਆ ਦਿੰਦਾ ਹੈ ਅਤੇ ਇਹ ਵੀ ਆਖਦਾ ਹੈ ਕਿ ਮੇਰੇ ਬਚਿਓ, ਖਾਈ ਜਾਓ ਅਤੇ ਮੌਜਾਂ ਕਰੋ ਕਿਉਂਕਿ ਮੇਰੇ ਹੁਕਮਾਂ ਮੁਤਾਬਿਕ ਤੁਹਾਨੂੰ ਕੋਈ ਵੀ ਪਕੜੇਗਾ ਨਹੀਂ। ਇਸ ਲਈ ਲੋਕਾਂ ਨੂੰ ਪਤਾ ਲਗ ਗਿਆ ਹੈ ਕਿ ਇਸ ਮੁਲਕ ਅੰਦਰ ਜਿਹੜੇ ਲੋਕੀਂ ਲੁਟੇਰਿਆਂ ਉਤੇ ਟੀਕਾ ਟਿਪਣੀ ਕਰ ਰਹੇ ਹਨ ਉਹ ਵੀ ਜੰਤਾ ਦੀ ਭਲਾਈ ਲਈ ਗਲਾਂ ਨਹੀਂ ਕਰ ਰਹੇ ਬਲਕਿ ਉਹ ਤਾਂ ਇਹ ਚਾਹ ਰਹੇ ਹਨ ਕਿ ਕਿਸੇ ਤਰ੍ਹਾਂ ਇਹ ਵਕਤ ਦੀਆਂ ਸਰਕਾਰਾਂ ਜਾਂਦੀਆਂ ਰਹਿਣ ਅਤੇ ਉਨ੍ਹਾਂ ਦੀ ਵਾਰੀ ਆ ਜਾਵੇ। ਇਹ ਵਾਰੀ ਦੀ ਉਡੀਕ ਕਰਨੀ ਵੀ ਬਹੁਤ ਹੀ ਮੁਸ਼ਕਿਲ ਹੈ। ਇਸ ਲਈ ਜੰਤਾ ਨੂੰ ਵੀ ਇਹ ਗਲ ਸਮਝ ਆ ਗਈ ਹੈ ਅਤੇ ਸਾਡੀਆਂ ਸੰਸਦਾ ਵਿੱਚ ਜਿਹੜੇ ਹੰਗਾਮੇ ਕੀਤੇ ਜਾ ਰਹੇ ਹਨ ਉਹ ਦੇਖਕੇ ਭਾਰਤ ਦਾ ਆਮ ਆਦਮੀ ਖ਼ੁਸ਼ ਨਹੀਂ ਹੋ ਰਿਹਾ, ਬਲਕਿ ਰੋ ਰਿਹਾ ਹੈ ਕਿ ਇਹ ਸੰਸਦਾ ਦੀਆਂ ਬੈਠਕਾਂ ਉਤੇ ਜਿਹੜਾ ਪੈਸਾ ਖ਼ਰਚ ਕੀਤਾ ਜਾ ਰਿਹਾ ਹੈ ਅਤੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਇਹ ਵੀ ਜੰਤਾ ਦੀ ਲੁੱਟ ਹੈ। ਹੋਰ ਕੁੱਝ ਵੀ ਨਹੀਂ ਹੈ। ਇਹ ਹਸਦੇ ਚਿਹਰੇ ਇਹੀ ਦਰਸਾਉਂਦੇ ਹਨ ਕਿ ਜੰਤਾ ਨਾਲ ਕੋਈ ਵੀ ਭਲਾਈ ਨਹੀਂ ਕਰ ਰਿਹਾ। ਸੋ ਦੜ ਵੱਟ ਜ਼ਮਾਨਾ ਕੱਟ ਭਲੇ ਦਿੰਨ ਆਉਣਗੇ, ਵਾਲੀ ਗਲ ਹੈ ਅਤੇ ਅਸੀਂ ਭਾਰਤੀ ਅੱਜ ਐਸੇ ਦੌਰ ਵਿੱਚ ਦੀ ਲੰਘ ਰਹੇ ਹਾਂ। ਗ਼ਮ ਜਿਸਨੇ ਦਿਈਏ ਵਹੀ ਗ਼ਮ ਦੂਰ ਕਰੇਗਾ, ਇਹ ਗਲ ਧਿਆਨ ਵਿੱਚ ਰਖਕੇ ਅਸੀਂ ਭਾਰਤੀ ਸਦੀਆਂ ਦਾ ਸਮਾਂ ਤੈਅ ਕਰ ਆਏ ਹਾਂ, ਪਰ ਹਾਲਾਂ ਵੀ ਉਹ ਉਤਲਾਂ ਸਾਡੀ ਮਦਦ ਲਈ ਨਹੀਂ ਆਇਆ। ਅਸੀਂ ਅੱਜ ਵੀ ਅਰਦਾਸਾਂ ਪਏ ਕਰਦੇ ਹਾਂ ਕਿ ਭਗਵਾਨ ਇੱਕ ਘੜੀ ਇਨਸਾਨ ਬਣਕੇ ਦੇਖ ਤੇ ਸਾਡੇ ਭਾਰਤ ਵਿੱਚ ਆਕੇ ਚਾਰ ਦਿਹਾੜੇ ਰਹਿਕੇ ਤਾਂ ਦੇਖ। ਫ਼ਿਰ ਤੈਨੂੰ ਪੱਤਾ ਲਗੇਗਾ ਕਿ ਹੱਕ ਦੀ ਕਮਾਈ ਕੀ ਹੈ ਅਤੇ ਹਰਾਮ ਦਾ ਪੈਸਾ ਕੀ ਕੀ ਪਿਆ ਕਰਦਾ ਹੈ। ਇਤਨੇ ਧਾਰਮਿਕ ਅਸਥਾਨ ਅਸੀਂ ਸਥਾਪਿਤ ਕਰ ਦਿੱਤੇ ਹਨ ਅਤੇ ਅਸੀਂ ਉਮੀਦਾ ਲਗਾਈ ਬੈਠੇ ਸਾਂ ਤੂੰ ਆਵੇਂਗਾ, ਪਰ ਤੂ ਨਹੀਂ ਆਇਆ ਅਤੇ ਤੇਰੇ ਹੀ ਬੱਚੇ ਤੇਰੇ ਹੀ ਬਚਿਆਂ ਦੀ ਲੁੱਟ ਪਏ ਕਰਦੇ ਹਨ। ਇਹ ਕੈਸਾ ਇਨਸਾਫ਼ ਹੈ। ਦਲੀਪ ਸਿੰਘ ਵਾਸਨ, ਐਡਵੋਕੇਟ

ਅਸੀਂ ਇੱਕ ਭੀੜ ਬਣ ਗਏ ਹਾਂ……?

ਮੈਂ ਰਿਸ਼ੀਕੇਸ਼ ਵਿੱਖੇ ਇੱਕ ਅਮਰੀਕਨ ਜੋੜੀ ਪਾਸ ਪ੍ਰਸ਼ਨ ਕਰ ਦਿੱਤਾ ਸੀ ਕਿ ਅਸੀਂ ਭਾਰਤੀਆਂ ਬਾਰੇ ਉਨ੍ਹਾਂ ਦੇ ਕੀ ਵਿੱਚਾਰ ਹਨ। ਉਸ ਮਰਦ ਦਾ ਜਵਾਬ ਸੀ ਕਿ ਭਾਰਤੀ ਇੱਕ ਭੀੜ ਹਨ। ਉਹ ਰਿਸ਼ੀਕੇਸ਼ ਨਾਲ ਲਗਦੇ ਲਛਮਣ ਝੂਲੇ ਪਾਸ ਬੈਠੇ ਲੋਕਾਂ ਦੀ ਭੀੜ ਦੇਖ ਰਹੇ ਸਨ। ਇਹ ਜਵਾਬ ਮੈਨੂੰ ਵੀ ਠੀਕ ਲਗਿਆ ਸੀ ਕਿਉਂਕਿ ਇੱਥੇ ਇਕਠੇ ਹੋਏ ਲੋਕੀਂ ਕਿਸੇ ਧਾਰਮਿਕ ਸੋਚ ਵਿੱਚ ਨਹੀਂ ਸਨ ਸਗੋਂ ਲਗਦਾ ਸੀ ਇਹ ਮੌਜ ਮੇਲਾ ਕਰ ਰਹੇ ਹਨ। ਅਸੀਂ ਹਰ ਧਾਰਮਿਕ ਸਮਾਗਮ ਉਤੇ ਇਕਠੇ ਹੁੰਦੇ ਹਾਂ, ਕਿਤਨੇ ਕੁ ਲੋਕੀਂ ਧਾਰਮਿਕ ਭਾਵਨਾ ਵਿੱਚ ਹੁੰਦੇ ਹਨ ਇਹ ਇੱਕ ਵਖਰਾ ਸਵਾਲ ਹੈ ਅਤੇ ਇਸ ਦਾ ਉਤਰ ਹਰ ਆਦਮੀ ਨੇ ਆਪ ਦੇਣਾ ਹੈ। ਪਰ ਇਹ ਗਲ ਸਵੀਕਾਰ ਕਰਨੀ ਬਣਦੀ ਹੈ ਕਿ ਸਾਡੀ ਆਬਾਦੀ ਜ਼ਿਆਦਾ ਹੈ ਅਤੇ ਇਸ ਕਰਕੇ ਹਰ ਥਾਂ ਭੀੜ ਹੋ ਜਾਣਾ ਸੁਭਾਵਿਕ ਹੈ। ਅਸੀਂ ਭਾਰਤੀ ਅਨਪੜ੍ਹ ਹਾਂ, ਬੇਰੁਜ਼ਗਾਰ ਹਾਂ ਅਤੇ ਵਿਹਲਾ ਫ਼ਿਰਨਾ ਸਾਡੀ ਆਦਮ ਵੀ ਹੈ। ਅਗਰ ਸਾਡੇ ਬਜ਼ਾਰਾਂ ਵਿੱਚ ਚਲਦੀ ਫ਼ਿਰਦੀ ਭੀੜ ਪਾਸੋਂ ਪੁਛਿਆ ਜਾਵੇ ਕਿ ਭਾਈ ਸਾਹਿਬ ਅੱਜ ਕੀ ਕਰਨ ਬਜ਼ਾਰ ਆਏ ਹੋ ਤਾਂ ਬਹੁਤ ਸਾਰੇ ਲੋਕਾਂ ਪਾਸ ਇਸ ਸਵਾਲ ਦਾ ਜਵਾਬ ਨਹੀਂ ਹੁੰਦਾ। ਅਰਥਾਤ ਉਹ ਐਵੇਂ ਹੀ ਟਲਿਣ ਬਜ਼ਾਰ ਵਿੱਚ ਆ ਗਏ ਹੁੰਦੇ ਹਨ। ਇਸੇ ਤਰ੍ਹਾਂ ਸੈਰ ਕਰਦੇ ਵੀ ਕਈ ਆਦਮੀ ਮਿਲ ਜਾਣਗੇ ਜਿਹੜੇ ਜਾਣਦੇ ਹੀ ਨਹੀਂ ਕਿ ਸੈਰ ਕਿਥੇ ਕਰਨੀ ਚੀਦੀ ਹੈ। ਲੋਕੀਂਂ ਬਜ਼ਾਰ ਵਿੱਚ ਫ਼ਿਰਨ ਨੂੰ ਵੀ ਸੈਰ ਆਖਦੇ ਹਨ ਅਤੇ ਗੰਦੀਆਂ ਥਾਵਾਂ ਉਤੇ ਫ਼ਿਰਨ ਨੂੰ ਵੀ ਸੈਰ ਹੀ ਆਖਦੇ ਹਨ। ਉਨ੍ਹਾਂ ਧਾਰਮਿਕ ਅਸਥਾਨਾ ਉਤੇ ਵੀ ਭੀੜ ਬੁਹੁਤ ਹੁੰਦੀ ਹੈ ਜਿਥੇ ਲੰਗਰ ਲਗੇ ਹੁੰਦੇ ਹਨ ਜਾਂ ਰਾਤ ਰਹਿਣ ਦਾ ਪ੍ਰਬੰਧ ਵੀ ਕੀ ਹੁੰਦਾ ਹੈ। ਇਹ ਲੋਕਾਂ ਦੀ ਭੀੜ ਜਿਹੜੀ ਧਾਰਮਿਕ ਅਸਥਾਨਾ ਉਤੇ ਜੁੜੀ ਹੁੰਦੀ ਹੈ, ਇਹ ਵੀ ਇੱਕ ਮੇਲਾ ਹੀ ਹੈ। ਇਥੇ ਕੀ ਕੀ ਗਲਾਂ ਧਾਰਮਿਕ ਕੀਤੀਆਂ ਜਾਦੀਆਂ ਹਨ ਅਤੇ ਆਦਮੀ ਕੀ ਕੀ ਸਿਖਕੇ ਵਾਪਸ ਜਾਂਦਾ ਹੈ ਇਹ ਵੀ ਇਕ ਵਖਰਾ ਪ੍ਰਸ਼ਨ ਹੈ। ਇਹ ਲੋਕੀਂ ਬਸ ਘੁਮਕੇ ਵਾਪਸ ਚਲੇ ਜਾਂਦੇ ਹਨ ਅਤੇ ਅਗਰ ਇੰਨ੍ਹਾਂ ਨੂੰ ਕੋਈ ਪੁੱਛ ਲਵੇ ਕਿ ਕੀ ਕੀ ਸਿਖਕੇ ਆਏ ਹੋ ਤਾਂ ਇਹ ਲੋਕੀਂ ਐਵੇਂ ਹੀ ਲਲੀਆਂ ਕਲੀਆਂ ਮਾਰਨ ਲਗ ਪੈਂਦੇ ਹਨ। ਅਰਥਾਤ ਇੰਨ੍ਹਾਂ ਨੂੰ ਕੁੱਝ ਵੀ ਯਾਦ ਨਹੀਂ ਰਹਿੰਦਾ। ਇੰਨ੍ਹਾਂ ਧਾਰਮਿਕ ਅਸਥਾਨਾ ਉਤੇ ਉਹੀ ਗਲਾ ਆਖੀਆਂ ਜਾਂਦੀਆਂ ਹਨ ਜਿਹੜੀਆਂ ਅਸੀਂ ਕਈ ਵਾਰੀਂ ਸੁਣ ਚੁਕੇ ਹਾਂ ਅਤੇ ਇਹ ਸੋਚਕੇ ਛਡ ਵੀ ਦਿੱਤੀਆਂ ਹਨ ਕਿ ਅੱਜ ਦੇ ਸਮੇਂ ਵਿੱਚ ਇੰਨ੍ਹਾਂ ਉਤੇ ਚਲਿਆ ਨਹੀਂ ਜਾ ਸਕਦਾ। ਇਹ ਜਲਸੇ ਜਲੂਸ, ਇਹ ਰੈਲੀਆਂ, ਇਹ ਇਜਲਾਸ ਬਹੁਤ ਕੁੱਝ ਨਵਾਂ ਆ ਗਿਆ ਹੈ। ਇਹ ਰਾਜਸੀ ਲੋਕਾਂ ਦੇ ਫ਼ਿਰਬ ਹਨ। ਇਹ ਗਲ ਸਵੀਕਾਰ ਕਰਨ ਵਾਲੀ ਹੈ ਕਿ ਇੰਨ੍ਹਾਂ ਇਕਠਾਂ ਵਿੱਚ ਜ਼ਿਆਦਾਤਕ ਕਿਰਾਏ ਉਤੇ ਅਰਥਾਤ ਦਿਹਾੜੀ ਦੇਕੇ ਲੋਕਾਂ ਦਾ ਇਕਠ ਕੀਤਾ ਜਾਂਦਾ ਹੈ। ਪਰ ਆਮ ਆਦਮੀ ਵੀ ਤਮਾਸ਼ਾ ਦੇਖਣ ਲਈ ਖੜਾ ਹੋ ਜਾਂਦਾ ਹੈ। ਕਦੀ ਕਦੀ ਇਥੇ ਹਫ਼ੜਾ ਤੜਫ਼ੀ ਮਚ ਜਾਂਦੀ ਹੈ। ਕਈ ਆਦਮੀ ਲੋਕਾਂ ਦੀ ਭੀੜ ਹੇਠਾ ਦਬੇ ਜਾਂਦੇ ਹਨ, ਕਈਆਂ ਨੂੰ ਪੁਲਿਸ ਦੀਆਂ ਲਾਠੀਆਂ ਵੀ ਪੈਂਦੀਆਂ ਹਨ ਅਤੇ ਕਈ ਵਾਰੀਂ ਗੋਲੀ ਵੀ ਚਲ ਜਾਂਦੀ ਹੈ ਅਤੇ ਕਈ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਇਹ ਭੀੜ ਲੋਕਾਂ ਦੀ ਆਵਾਜਾਈ ਵਿੱਚ ਵੀ ਰੁਕਾਵਟ ਪਾਉਂਦੀ ਹੈ ਅਤੇ ਬਚੇ ਸਕੂਲ ਨਹੀਂ ਜਾਂ ਸਕਦੇ ਅਤੇ ਮਰੀਜ਼ਾਂ ਨੂੰ ਵਕਤ ਸਿਰ ਹਸਪਤਾਲ ਨਹੀਂ ਪੁਚਾਇਆ ਜਾ ਸਕਦਾ। ਕਈ ਵਾਰੀਂ ਗਡੀਆਂ ਵੀ ਬੰਦ ਕਰਨੀਆਂ ਪੈਂਦੀਆਂ ਹਨ ਅਤੇ ਕਈ ਲੋਕਾਂ ਦੇ ਜ਼ਰੂਰੀ ਕੰਮ ਪਿਛੇ ਪੈ ਜਾਂਦੇ ਹਨ। ਇਹ ਹੈ ਭੀੜ ਦਾ ਇਹ ਬਿਸਲਸਿਲਾ। ਇਸ ਦਾ ਲਾਭ ਰਾਜਸੀ ਲੋਕਾਂ ਨੂੰ ਹੋ ਸਕਦਾ ਹੈ। ਪਰ ਆਮ ਆਦਮੀ ਨੂੰ ਪਰੇਸ਼ਾਨੀ ਹੀ ਹੁੰਦੀ ਹੈ। ਇਸ ਭੀੜ ਵਿੱਚ ਨਾਂ ਤਾਂ ਕੋਈ ਧਾਰਮਿਕ ਗਲਾਂ ਹੀ ਸੁਣ ਰਿਹਾ ਹੁੰਦਾ ਹੈ ਅਤੇ ਨਾ ਹੀ ਨੇਤਾਵਾਂ ਦੀਆਂ ਗਲਾਂ ਹੀ ਸੁਣੀਆਂ ਜਾਂਦੀਆਂ ਹਨ। ਹਰ ਕਿਸੇ ਨੂੰ ਇਹ ਫ਼ਿਕਰ ਲਗਾ ਹੁੰਦਾ ਹੈ ਕਿ ਉਸਦੇ ਬਾਕੀ ਜੀਅ ਕਿਥੇ ਹਨ ਅਤੇ ਉਹ ਘਰ ਵਾਪਸ ਕਿਵੇਂ ਜਾਵੇਗਾ ਕਿਉਂਕਿ ਜਿੰਨ੍ਹਾਂ ਗਡੀਆਂ ਨੇ ਉਨ੍ਹਾਂ ਨੂੰ ਲਿਆਂਦਾ ਸੀ, ਪਤਾ ਨਹੀਂ ਉਹ ਵਾਪਸ ਵੀ ਲਿਜਾਣਗੀਆਂ ਜਾਂ ਆਪਣਾ ਹੀ ਕੋਈ ਪ੍ਰਬੰਧ ਕਰਨਾ ਪਵੇਗਾ। ਇਹੀ ਹਾਲ ਘਰ ਵਾਲਿਆਂ ਦਾ ਹੁੰਦਾ ਹੈ ਅਤੇ ਉਹ ਬੇਸਬਰੀ ਨਾਲ ਆਪਣੇ ਘਰ ਦੇ ਜੀਆਂ ਦੀ ਵਾਪਸੀ ਲਈ ਅਰਦਾਸਾਂ ਕਰ ਰਹੇ ਹੁੰਦੇ ਹਨ ਕਿਉਂਕਿ ਇਸ ਭੀੜ ਵਿਚੋਂ ਕਿਹੜਾ ਕਿਹੜਾ ਵਾਪਸਬ ਆਵੇਗਾ, ਇਹ ਵੀ ਕਿਸੇ ਨੂੰ ਪਤਾ ਨਹੀਂ ਹੁੰਦਾ। ਸਾਡੇ ਬਜ਼ਾਰਾਂ ਵਿੱਚ ਰੇਹੜੀਆਂ, ਰਿਕਸ਼ੇ, ਛਾਬੀਆਂ ਵਾਲੇ, ਫ਼ੜੀਆ ਵਾਲੇ ਅਤੇ ਵਿਹਲੜਾਂ ਦੀ ਭੀੜ ਹੈ ਅਤੇ ਲੋਕਾਂ ਨੂੰ ਸਿਵਕ ਸੈਂਸ ਵੀ ਘਟ ਹੈ ਅਤੇ ਇਹ ਲੋਕੀਂ ਇਉਂ ਚਲਦੇ ਹਨ ਕਿ ਆਮ ਆਦਮੀ ਨੂੰ ਰਾਹ ਹੀ ਨਹੀਂ ਲਭਦਾ ਅਤੇ ਇਹ ਭੀੜ ਕਰਾਸ ਕਰਨਾ ਵੀ ਇੱਕ ਆਰਟ ਹੈ। ਹਰ ਆਦਮੀ ਆਪਣੇ ਕੰਮ ਉਤੇ ਵਕਤ ਸਿਰ ਨਹੀਂ ਪੁਜ। ਦੁਕਾਨਦਾਰਾਂ ਨੇ ਵੀ ਸੜਕ ਦਾ ਕਾਫ਼ੀ ਹਿੱਸਾ ਦਬ ਰਖਿਆ ਹੁੰਦਾ ਹੈ। ਉਹ ਆਪਣੇ ਵਾਹਨ ਵੀ ਆਪਣੀ ਦੁਕਾਨ ਅਗੇ ਖੜੇ ਕਰਦੇ ਹਨ ਅਤੇ ੁਨ੍ਹਾਂ ਦੇ ਗਾਹਕ ਵੀ ਆਪਣੇ ਵਾਹਨ ਦੁਕਾਨ ਅਗੇ ਹੀ ਖੜੇ ਕਰਦੇ ਹਨ। ਸੜਕਾਂ ਚੌੜੀਆਂ ਘੱਟ ਹਲ ਅਤੇ ਇਸ ਕਰਕੇ ਆਮ ਸ਼ਹਿਰਾਂ ਵਿੱਚ ਮਸਾਂ ਪæੰਜ ਛੇ ਫ਼ੁਟ ਦਾ ਰਸਤਾ ਰਹਿ ਜਾਂਦਾ ਹੈ। ਇਸ ਲਈ ਇਹ ਕਾਰਾਂ ਜਿਹੋਡੀਆਂ ਹੁਣ ਆਮ ਹੀ ਆ ਗਈਆਂ ਹਨ ਇੱਨ੍ਹਾਂ ਸ਼ਹਿਰਾਂ ਚੋਂ ਲੰਘ ਹੀ ਨਹੀਂ ਸਕਦੀਆਂ ਅਤੇ ਅਗਰ ਕੋਈ ਕਾਰ ਆ ਫ਼ਸੇ ਤਾਂ ਸਾਰੀ ਟਰਾਫ਼ਿਕ ਹੀ ਰੁਕ ਜਾਂਦੀ ਹੈ ਅਤੇ ਜਾਮ ਲਗ ਜਾਂਦਾ ਹੈ। ਇਹ ਹੈ ਸਾਡਾ ਹਾਲ ਅਤੇ ਹੁਣ ਇਹ ਹੀ ਸਮਝ ਨਹੀਂ ਆ ਰਹੀ ਕਿ ਇਸ ਭੀੜ ਦਾ ਬਣੇਗਾ ਕੀ। ਲੋਕਾਂ ਦੀ ਆਬਾਦੀ ਘਟਣੀ ਨਹੀਂ ਕਿਉਂਕਿ ਅਸੀਂ ਕਾਫ਼ੀ ਨਵੀਂ ਪੈਦਾਇਸ਼ ਕਰੀ ਜਾ ਰਹੇ ਹਾਂ ਅਤੇ ਆਬਾਦੀ ਵਧਦੀ ਹੀ ਜਾ ਰਹੀ ਹੈ। ਇਹ ਮਿਲਾਵਟਾ ਅਤੇ ਬਿਮਾਰੀਆਂ ਸਾਡੀ ਆਬਾਦੀ ਘਟਾਉਣ ਵਿੱਚ ਲਗੀਆਂ ਹੋਈਆਂ ਹਨ, ਪਰ ਫ਼ਿਰ ਵੀ ਸਾਡੀ ਪੈਦਾਇਸ਼ ਦਰ ਜ਼ਿਆਦਾ ਹੋਣ ਕਰਕੇ ਅਸੀਂ ਘਟਣ ਦੀ ਬਜਾਏ ਵਧਦੇ ਹੀ ਜਾ ਰਹੇ ਹਾਂ ਅਤੇ ਲਗਦਾ ਹੈ ਇਹ ਜਲਸੇ ਜਲੂਸ ਅਤੇ ਰੈਲੀਆਂ ਸਾਨੂੰ ਕਾਨੂੰਨ ਪਾਸ ਕਰਕੇ ਬੰਦ ਕਰਨੇ ਪੈਣਗੇ। ਦਲੀਪ ਸਿੰਘ ਵਾਸਨ, ਐਡਵੋਕੇਟ 101-ਸੀ ਵਿਕਾਸ ਕਲੋਨੀ, ਪਟਿਆਲਾ-147003

ਗ਼ਰੀਬ ਬਾਰੇ ਕੋਈ ਨਹੀਂ ਸੋਚਦਾ

ਗੁਰਬਤ ਅੱਜ ਦੀ ਸਮਸਿਆ ਨਹੀਂ ਹੈ ਬਲਕਿ ਇਹ ਸਮਸਿਆ ਉਦੋਂ ਤੋਂ ਹੀ ਚਲੀ ਆ ਰਹੀ ਹੈ ਜਦ ਤੋਂ ਰੱਬ ਨੇ ਇਹ ਦੁਨੀਆਂ ਸਾਜੀ ਸੀ। ਕੋਈ ਆਖੇ ਕਿ ਗੁਰਬਤ ਆਦਮੀ ਦੀ ਪੈਦਾ ਕੀਤੀ ਹੋਈ ਸਮਸਿਆ ਹੈ ਤਾਂ ਇਹ ਐਲਾਨ ਵੀ ਸਾਰੇ ਦਾ ਸਾਰਾ ਸਹੀ ਨਹੀਂ ਲਗਦਾ। ਅਗਰ ਐਸਾ ਹੁੰਦਾ ਤਾਂ ਭਾਰਤ ਵਰਗੇ ਦੇਸ਼ ਵਿੱਚ ਚੁਰਬਤ ਹੁੰਦੀ ਹੀ ਨਾ। ਇਹ ਦੇਸ਼ ਤਾ ਭਗਤਾ ਦਾ ਹੈ ਅਤੇ ਇਹ ਗ਼ਰੀਬ ਆਦਮੀ ਜ਼ਿਆਦਾ ਭਗਤੀ ਕਰਦੇ ਹਨ ਅਤੇ ਅਰਦਾਸਾਂ ਵੀ ਜ਼ਿਆਦਾ ਕਰਦੇ ਹਨ ਅਤੇ ਰੱਬ ਕਦੋਂ ਦਾ ਇੰਨ੍ਹਾਂ ਦੀਆਂ ਭਗਤੀਆਂ ਅਰਦਾਸਾਂ ਪਰਵਾਨ ਕਰ ਲੈਂਦਾ। ਪਰ ਐਸਾ ਹੋਇਆ ਨਹੀਂ ਹੈ ਅਤੇ ਇਸ ਦੇ ਉਲਟ ਰੱਬ ਨੇ ਦੁਨੀਆਂ ਭਰ ਦੇ ਗ਼ਰੀਬ ਇਥੇ ਭੇਜ ਦਿੱਤੇ ਹਨ। ਰੱਬ ਅਗਰ ਗ਼ਰੀਬਾਂ ਦੀ ਸਥਾਪਨਾ ਕਰਦਾ ਤਾਂ ਰੱਬ ਇਹ ਵੀ ਕਰ ਸਕਦਾ ਸੀ ਕਿ ਗ਼ਰੀਬਾਂ ਦੀ ਵੰਡ ਐਸੀ ਕਰਦਾ ਕਿ ਦੁਨੀਆਂ ਦੇ ਹਰ ਹਿੱਸੇ ਵਿੱਚ ਗ਼ਰੀਬਾਂ ਦੀ ਗਿਣਤੀ ਬਰਾਬਰ ਰਖਦਾ। ਪਰ ਐਸਾ ਵੀ ਨਹੀਂ ਕੀਤਾ ਗਿਆ। ਗੁਰਬਤ ਦਾ ਸਿੱਘਾ ਸਾਦਾ ਮਤਲਬ ਇਹ ਹੁੰਦਾ ਹੈ ਕਿ ਪੈਸੇ ਦੀ ਘਾਟ। ਅਰਥਾਤ ਜਿਸ ਆਦਮੀ ਪਾਸ ਪੈਸਾ ਘਟ ਹੈ ਉਹ ਗ਼ਰੀਬ ਹੁੰਦਾ ਹੈ। ਉਸਦੀ ਖ਼ਰੀਦ-ਸ਼ਕਤੀ ਇਤਨੀ ਘਟ ਜਾਂਦੀ ਹੈ ਕਿ ਉਹ ਆਪਣਾ ਪੇਟ, ਭਰਨ ਅਤੇ ਤੰਨ ਢਕਣ ਵਾਸਤੇ ਚੀਜ਼ਾਂ ਵੀ ਖ਼ਰੀਦ ਨਹੀਂ ਸਕਦਾ। ਐਸੇ ਹਾਲਾਤ ਕਿਵੇਂ ਪੈਦਾ ਹੋ ਜਾਂਦੇ ਹਨ। ਗੁਰਬਾਣੀ ਵਿੱਚ ਆਇਆ ਹੈ ਕਿ ਪਾਪਾਂ ਬਾਝ ਨਾਂ ਹੋਵੇ ਇਕਠੀ। ਇਸ ਦਾ ਮਤਲਬ ਇਹ ਨਿਕਲ ਆਉਂਦਾ ਹੈ ਕਿ ਇਹ ਅਮੀਰ ਆਦਮੀ ਉਹੀ ਹਨ ਜਿੰਨ੍ਹਾਂ ਨੇ ਇਹ ਪੈਸਾ ਗ਼ਲਤ ਢੰਗ ਨਾਲ ਇਕਠਾ ਕੀਤਾ ਹੈ। ਇਹ ਗ਼ਲਤ ਢੰਗ ਹਨ, ਘੱਟ ਤੋਲਣਾ, ਜ਼ਿਆਦਾ ਲਾਭ ਉਠਾਉਣਾ, ਠਗੀਆਂ ਮਾਰਨਾ, ਚੋਰੀ ਕਰਨਾ, ਗ਼ਬਨ ਕਰਨਾ, ਤਸਕਰੀ ਕਰਨਾਂ, ਜਮਾਖ਼ੋਰੀ ਕਰਨਾ, ਬਲੈਕ ਕਰਨਾ, ਘਪਲੇ ਕਰਨਾ, ਰਿਸ਼ਗਤਾਂ ਲੈਣਾ, ਕਮਿਸ਼ਨਾਂ ਲੈਣਾ ਆਦਿ। ਇਸ ਦਾ ਮਤਬਲ ਇਹ ਨਿਕਲਦਾ ਹੈ ਕਿ ਇਹ ਪਾਪ, ਇਹ ਅਪ੍ਰਾਧ ਅਤੇ ਇਹ ਦੁਰਾਚਾਰ ਕਰਦੇ ਲੋਕੀਂ ਹੀ ਹਨ ਜਿਹੜੇ ਅਮੀਰ ਹੋ ਗਏ ਹਨ। ਇਹ ਵੀ ਆਖਿਆ ਜਾ ਸਦਾ ਹੈ ਕਿ ਇਹ ਹਿੱਸਾ ਆਮ ਲੋਕਾਂ ਦਾ ਸੀ ਅਤੇ ਕੁੱਝ ਲੋਕੀਂ ਹੜ੍ਹਪ ਕਰ ਗਏ ਹਨ ਅਤੇ ਅਮੀਰ ਹੋ ਗਏ ਹਨ। ਨੇਕ ਕਮਾਈ ਨਾਲ ਵੀ ਅਮੀਰ ਹੋਇਆ ਜਾ ਸਕਦਾ ਹੈ। ਪਰ ਇਹ ਅਮੀਰ ਆਦਮੀ ਸਾਧਾਰਣ ਹੀ ਹੁੰਦਾ ਹੈ। ਬਹੁਤਾ ਅਮੀਰ ਆਦਮੀ ਤਾਂ ਹੀ ਹੁੰਦਾ ਹੈ ਜਦ ਉਹ ਪਾਪ, ਅਪ੍ਰਾਧ ਅਤੇ ਦੁਰਾਚਾਰ ਕਰਦਾ ਹੈ। ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਸਾਡੇ ਮੁਲਕ ਅੰਦਰ ਪਾਪੀਆਂ, ਅਪ੍ਰਾਧੀਆਂ ਅਤੇ ਦੁਰਾਚਾਰੀਆਂ ਦੀ ਗਿਣਤੀ ਵਧ ਗਈ ਹੈ। ਇਹ ਗਲ ਸਹੀ ਹੈ ਅਤੇ ਐਸਾ ਸਦੀਆਂ ਤੋਂ ਚਲਿਆ ਆ ਰਿਹਾ ਹੈ। ਰਾਜਿਆਂ, ਮਹਾਰਾਜਿਆਂ, ਬਾਦਸ਼ਾਹਾ ਅਤੇ ਸਾਮਰਾਜੀਆਂ ਦੇ ਸਮਿਆਂ ਵਿੱਚ ਵੀ ਐਸਾ ਸੀ ਅਤੇ ਅੱਜ ਬੇਸ਼ਕ ਅਸੀਂ ਆਜ਼ਾਦ ਵੀ ਹਾਂ ਅਤੇ ਪਰਜਾਤੰਤਰ ਵੀ ਆ ਗਿਆ ਹੈ, ਰਾਜ ਕਰਨ ਦਾ ਉਹੀ ਪੁਰਾਣਾ ਤਰੀਕਾ ਲਾਗੂ ਹੈ ਅਤੇ ਲੋਕਾਂ ਦੀ ਕੁਟਾਈ ਅਤੇ ਲੁੱਟ ਅੱਜ ਵੀ ਜਾਰੀ ਹੈ। ਲੁਟ ਕਰਨ ਦੇ ਤਰੀਕੇ ਬਦਲ ਗਏ ਹਨ, ਪਰ ਲੋਕਾਂ ਦੀ ਲੁੱਟ ਹੋ ਰਹੀ ਹੈ। ਵਰਨਾ ਇਸ ਦੇਸ਼ ਵਿੱਚੋਂ ਗੁਰਬਤ ਖ਼ਤਮ ਕੀਤੀ ਜਾ ਸਕਦੀ ਸੀ। ਇਹ ਅਮੀਰ ਮੁਲਕ ਹੈ। ਇਥੇ ਖਣਿਜ ਪਦਾਰਥ ਹਨ, ਉਪਜਾ ਧਰਤੀ ਹੈ, ਮੇਹਨਤੀ ਲੋਕ ਹਨ, ਪਹਾੜ ਹਨ, ਦਰਿਆ ਹਨ, ਨਦੀਆਂ ਹਨ, ਭਾਂਤ ਭਾਂਤ ਦੀ ਜਲਵਾਯੂ ਹੈ, ਬਾਰਿਸ਼ਾਂ ਹਨ, ਜੰਗਲ ਹਨ, ਤੇਲ ਹੈ, ਗੈਸ ਹੈ , ਕੋਲਾ ਹੈ, ਲੋਹਾ ਹੈ ਅਤੇ ਸਾਡੇ ਪਾਸ ਕੀ ਨਹੀਂ ਹੈ। ਸਾਰਾ ਕੁੱਝ ਹੁਦਿਆਂ ਅਸੀਂ ਜ਼ਿਆਦਾਤਰ ਗ਼ਰੀਬ ਹਾਂ। ਇਸ ਦਾ ਕਾਰਣ ਇਹ ਹੋ ਸਕਦਾ ਹੈ ਕਿ ਸਾਰੀਆਂ ਕੁਦਰਤੀ ਨਿਆਮਤਾਂ ਦੀ ਪਛਾਣ ਨਹੀਂ ਕੀਤੀ ਗਈ, ਉਨ੍ਹਾਂ ਦੀ ਵਰਤੋਂ ਨਹੀਂ ਕੀਤੀ ਗਈ, ਸਰਕਾਰੀ ਲੋਕ ਐਸੀ ਕਾਬਲੀਅਤ ਹੀ ਨਹੀਂ ਰਖਦੇ ਜਾਂ ਉਹ ਇਹ ਕੰਮ ਕਰਨਾ ਹੀ ਨਹੀਂ ਚਾਹੁੰਦੇ। ਇਹ ਵੀ ਹੋ ਸਕਦਾ ਹੈ ਉਹ ਚਾਹੁੰਦੇ ਹੋਣ ਕਿ ਇਹ ਗ਼ਰੀਬਾਂ ਦੀ ਗਿਣਤੀ ਕਾਇਮ ਰਖੋ ਤਾਂਕਿ ਸਸਤੇ ਕਾਮੇ ਮਿਲਦੇ ਰਹਿਣ ਅਤੇ ਅਮੀਰਾਂ ਦੀ ਸੇਵਾ ਕਰਦੇ ਰਹਿਣ। ਹਰ ਰਾਜ ਕਰਦਾ ਆਦਮੀ ਇਹ ਚਾਹੁੰਦਾ ਹੈ ਕਿ ਵਡੀ ਗਿਣਤੀ ਵਿਚ ਐਸੇ ਲੋਕੀਂ ਹੋਣ ਜਿਹੜੇ ਉਸਦੀ ਸੇਵਾ ਕਰਦੇ ਰਹਿਣ ਅਤੇ ਉਸਨੂੰ ਸਲਾਮਾਂ ਮਾਰਦੇ ਰਹਿਣ ਅਤੇ ਅਮੀਰ ਅਤੇ ਸ਼ਕਤੀਸ਼ਾਲੀ ਲੋਕਾਂ ਨੇ ਇਹੋ ਜਿਹੇ ਆਦਮੀਆਂ ਦੀ ਫ਼ੌਜ ਖੜੀ ਕਰ ਰਖੀ ਹੈ। ਇਹ ਹੈ ਫ਼ੌਜ ਗ਼ਰੀਬਾਂ ਦੀ ਜਿਹੜੀ ਸਾਡੇ ਮੁਲਕ ਅੰਦਰ ਵਡੀ ਹੁੰਦੀ ਜਾ ਰਹੀ ਹੈ। 1947 ਬਾਅਦ ਅਮੀਰ ਅਤੇ ਸ਼ਕਤੀਸ਼ਾਲੀ ਲੋਕਾਂ ਦੀ ਤਾਕਤ ਵੱਧੀ ਹੈ ਅਤੇ ਇਹ ਲੋਕ ਆਪਣੀ ਸ਼ਕਤੀ ਦਾ ਨਾਜਾਇਜ਼ ਲਾਭ ਉਠਾਉਂਦੇ ਰਹੇ ਹਨ। ਆਜ਼ਾਦੀ ਤੋਂ ਬਾਹਦ ਲੁਟ ਵੱਧੀ ੈ। ਬਹੁਤ ਹੀ ਵਧੀ ਹੈ। ਕੁੱਝ ਹੀ ਅਰਸੇ ਵਿਚ ਰਾਜਸੀ ਲੋਕ ਅਮੀਰ ਹੋ ਜਾਂਦੇ ਹਨ ਅਤੇ ਇਤਨਾ ਪੈਸਾ ਇਕਠਾ ਕਰ ਲੈਂਦੇ ਹਨ ਕਿ ਆਪਣੇ ਮੁਲਕ ਵਿਚ ਜ਼ਾਹਿਰ ਹੋ ਸਕਦਾ ਹੈ, ਡਰਦੇ ਮਾਰੇ ਦੂਜੇ ਦੇਸ਼ਾਂ ਵਿੱਚ ਜਮਾ ਕਰਵਾ ਦਿੰਦੇ ਹਨ। ਪਰਜਾਤੰਤਰ ਅੰਦਰ ਰਾਜਸੀ ਪਾਰਟੀਆਂ ਦੀ ਗਿਣਤੀ ਵਧ ਜਾਂਦੀ ਹੈ, ਪਰ ਅੰਦਰ ਖਾਤੇ ਇਹ ਇੱਕ ਹੀ ਗਰੋਹ ਦੇ ਮੈਬਰ ਹੁੰਦੇ ਹਨ। ਵਾਰੋ ਵਾਰੀ ਆਕੇ ਸਾਡੀ ਲੁੱਟ ਕਰਦੇ ਹਨ ਅਤੇ ਆਪੋ ਵਿੱਚ ਇਕ ਕਦੀ ਵੀ ਮੁਕਾਬਲਾ ਨਹੀਂ ਕਰਦੇ ਬਲਕਿ ਇਹ ਤਾਂ ਹਮੇਸ਼ਾਂ ਦੌਸਤਾਨਾ ਮੈਚ ਹੀ ਖੇਡਦੇ ਹਨ ਅਤੇ ਕਿਸੇ ਦੀ ਪਕੜਾਪਕੜਾਈ ਨਹੀਂ ਕਰਦੇ ਕਿਉਂਕਿ ਇਹ ਇਕ ਹਨ ਅਤੇ ਇਥੇ ਕਿਉਂਕਿ ਅੱਜ ਅਗਰ ਸਾਡਾ ਰਾਜ ਹੈ ਤਾਂ ਕਲ ਵਿਰੋਧੀਆਂ ਦਾ ਰਾਜ ਵੀ ਆਵੇਗਾ ਅਤੇ ਅਗਰ ਅੱਜ ਅਸੀਂ ਉਨ੍ਹਾਂ ਨਾਲ ਜ਼ਿਆਦਤੀ ਕਰਦੇ ਹਾਂ ਤਾਂ ਕਲ ਉਹ ਸਾਡੇ ਨਾਲ ਕਰਨਗੇ। ਬਦਲਾ ਹਰ ਕੋਈ ਲੈ ਸਕਦਾ ਹੈ ਅਤੇ ਇਸ ਕਰਕੇ ਬਦਲੇ ਤੋਂ ਡਰਦਿਆਂ, ਕੋਈ ਵੀ ਕਿਸੇ ਦੀ ਪਕੜਾਪਕੜਾਈ ਨਹੀਂ ਕਰਦਾ। ਆਪਣਾ ਸਮਾਂ ਕਢਦਾ ਹੈ ਅਤੇ ਫ਼ਿਰ ਆਪਣੀ ਵਾਰੀ ਦੀ ਉਡੀਕ ਕਰਦਾ ਹੈ। ਇਹ ਗ਼ਰੀਬ ਗ਼ਰੀਬ ਹੀ ਰਹਿਣਗੇ ਕਿਉਂਕਿ ਇੰਨ੍ਹਾਂ ਨੂੰ ਅਮੀਰ ਬਨਾਉਣ ਜਾਂ ਆਪਣੇ ਪੈਰਾਂ ਉਤੇ ਖੜਾ ਕਰਨ ਬਾਰੇ ਹਾਲਾਂ ਸੋਚ ਹੀ ਪੈਦਾ ਨਹੀਂ ਹੋਈ ਅਤੇ ਐਸਾ ਕਦੀ ਹੋਣਾ ਵੀ ਨਹੀਂ। ਗ਼ਰੀਬਾਂ ਨੂੰ ਇਸ ਗਲ ਦੀ ਸਮਝ ਆ ਗਈ ਹੈ। ਦਲੀਪ ਸਿੰਘ ਵਾਸਨ, ਐਡਵੋਕੇਟ

ਡਾਕਟਰਾਂ ਦੇ ਦੇਸ਼ ਵਿੱਚ ਬਿਮਾਰ ਲੋਕ

ਅੱਜ ਅਸੀਂ ਅਗਰ ਸਰਵੇਖਣ ਕਰਕੇ ਦੇਖੀਏ ਤਾਂ ਭਾਰਤ ਦਾ ਹਰ ਆਦਮੀ ਬਿਮਾਰ ਹੈ। ਵੈਸੇ ਵੀ ਲੋਕਾਂ ਦੀ ਭੀੜ ਉਤੇ ਨਿਜ਼ਰ ਟਿਕਾਈਏ ਤਾਂ ਹਰ ਆਦਮੀ ਉਦਾਸ, ਕਮਜ਼ੋਰ ਅਤੇ ਬਿਮਾਰ ਲਗਦਾ ਹੈ। ਇਸ ਦੇ ਕਈ ਕਾਰਣ ਹੋ ਸਕਦੇ ਹਨ। ਇਥੇ ਗੁਰਬਤ ਹੈ ਅਤੇ ਆਮ ਆਦਮੀ ਨੂੰ ਸਹੀ ਖ਼ੁਰਾਕ ਨਹੀਂ ਮਿਲਦੀ। ਮਸਾਂ ਪੇਟ ਭਰਦਾ ਹੈ। ਲੋਕਾਂ ਪਾਸ ਸਹੀ ਕਿਸਮ ਦੀਆਂ ਰਸੋਈਆਂ ਨਹੀਂ ਹਨ ਅਤੇ ਬਰਤਨਾਂ ਦੀ ਸਫ਼ਾਈ ਵੀ ਨਹੀਂ ਹੈ। ਹਰ ਆਦਮੀ ਦੇ ਘਰ ਫ਼੍ਰਿਜ ਵਰਗੀਆਂ ਸਹੂਲਤਾ ਨਾ ਹੋਣ ਕਰਕੇ ਬਚਿਆਂ ਖਾਣਾ ਸੰਭਾਲਕੇ ਨਹੀਂ ਰਖਿਆ ਜਾ ਸਕਦਾ। ਵੈਸੇ ਵੀ ਲੋਕਾਂ ਨੂੰ ਹਾਈਜੀਨ ਦਾ ਘੱਅ ਹੀ ਪਤਾ ਹੈ। ਇਹ ਵੀ ਪਤਾ ਨਹੀਂ ਹੈ ਕਿ ਕਿਸ ਕਿਸ ਖਾਣ ਵਾਲੀ ਚੀਜ਼ ਵਿੱਚ ਖ਼ੁਰਾਕੀ ਤੱਤ ਹਨ ਅਤੇ ਕਿਸ ਕਿਸ ਸ਼ੈਅ ਵਿੱਚ ਖ਼ੁਰਾਕੀ ਤੱਤ ਹਨ ਹੀ ਨਹੀਂ ਹਨ। ਬਸ ਪੇਟ ਭਰਨਾ ਹੁੰਦਾ ਹੈ। ਇਹੀ ਮੁਲਕ ਹੈ ਜਿਥੇ ਬਾਸੀ ਅਤੇ ਪੁਰਾਣੀਆਂ ਚੀਜ਼ਾਂ ਵੀ ਖਾ ਲਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਇਸ ਮੁਲਕ ਵਿੱਚ ਲੋਕਾਂ ਲਈ ਖਾਣ ਵਾਲੀਆਂ ਚੀਜ਼ਾਂ ਵਿੱਚ ਕਈ ਕਿਸਮ ਦੀ ਮਿਲਾਵਟ ਕਰ ਦਿੱਤੀ ਜਾਂਦੀ ਹੈ ਅਤੇ ਇਹ ਸਸਤੀਆਂ ਚੀਜ਼ਾਂ ਲੈਕੇ ਲੋਕੀਂ ਖਾਈ ਜਾਂਦੇ ਹਨ। ਇਹ ਮਿਲਾਵਟਾਂ ਕਰਨ ਵਾਲੇ ਵੀ ਕੋਈ ਕਸਰ ਨਹੀਂ ਛਡਦੇ ਅਤੇ ਐਸੇ ਐਸੇ ਐਸਡ ਪਾ ਦਿੰਦੇ ਹਨ ਜਿਹੜੇ ਕੈਂਸਰ ਤੱਕ ਦੀਆ ਬਿਮਾਰੀਆਂ ਲਗਾ ਸਕਦੇ ਹਨ। ਅਸੀਂ ਅਗਰ ਦੁੱਧ ਦੀ ਹੀ ਗਲ ਕਰੀਏ ਤਾਂ ਜਿਤਨਾ ਦੁੱਧ ਕਿਸੇ ਪ੍ਰਾਂਤ ਵਿੱਚ ਪੈਦਾ ਹੁੰਦਾ ਹੈ ਉਸਤੋਂ ਚਾਰ ਗੁਣਾ ਦੁਧ ਸ਼ਹਿਰਾਂ ਵਿੱਚ ਸਪਲਾਈ ਕਰ ਦਿੱਤਾ ਜਾਂਦਾ ਹੈ। ਇਹ ਤਿੰਨ ਚੋਥਾਈ ਹਿੱਸਾ ਦੁੱਧ ਕਿੱਥੋਂ ਆਉਂਦਾ ਹੈ, ਇਸ ਬਾਰੇ ਹੁਣ ਤੱਕ ਵਕਤ ਦੀਆਂ ਸਰਕਾਰਾਂ ਵੀ ਸੋਚ ਨਹੀਂ ਸਕੀਆਂ ਅਤੇ ਇਹ ਹਲਵਾਈ ਅਤੇ ਹੋਟਲਾਂ ਵਾਲੇ ਆਪਣੀ ਹੀ ਦੁਕਾਨ ਦਾ ਖਾਣਾ ਨਹੀਂ ਖਾਂਦੇ ਕਿਉਂਕਿ ਉਹ ਜਾਣਦੇ ਹਨ ਇਹ ਪਕਵਾਨ ਤਿਆਰ ਕਿਵੇਂ ਕੀਤੇ ਗਏ ਹਨ। ਇਹ ਤਾਂ ਕਾਰਨ ਹਨ ਬਿਮਾਰੀਆਂ ਲਗਣ ਦੇ। ਪਰ ਸਾਡੇ ਦੇਸ਼ ਵਿੱਚ ਹਰ ਆਦਮੀ ਡਾਕਟਰ ਹੈ। ਕਿਸੇ ਨਾਲ ਆਪਣੀ ਬਿਮਾਰੀ ਦੀ ਗਲ ਕਰਕੇ ਤਾਂ ਦੇਖੋ। ਉਹ ਆਦਮੀ ਝੱਟ ਹੀ ਇਲਾਜ ਦੇ ਨੁਖ਼ਸੇ ਦਸਣ ਲਗ ਪਵੇਗਾ ਜਾ ਐਸੇ ਐਸੇ ਸਾਧਾਂ ਅਤੇ ਝੋਲਾ ਛਾਪ ਡਾਕਟਰਾਂ ਬਾਰੇ ਦਸਣ ਲਗ ਪਵੇਗਾ ਜਿਹੜੇ ਭਿਆਨਕ ਤੋਂ ਭਿਆਨਕ ਬਿਮਾਰੀਆਂ ਦਾ ਇਲਾਜ ਕਰ ਸਕਦਾ ਹੈ। ਅਰਥਾਤ ਇਸ ਮੁਲਕ ਅੰਦਰ ਐਸੇ ਡਾਕਟਰਾ ਦੀ ਇਤਨੀ ਬਹੁਤਾਤ ਹੈ ਕਿ ਇੱਟ ਚੁੱਕੋ ਤਾਂ ਹੇਠਾਂ ਤੋਂ ਦਸ ਡਾਕਟਰ ਸਿਰ ਕੱਢਕੇ ਆਖਦੇ ਹਨ, ਮੈਂ ਇਲਾਜ ਕਰਨ ਲਈ ਤਿਆਰ ਹਾਂ। ਇਹ ਗਲ ਵੀ ਸਪਸ਼ਟ ਹੈ ਕਿ ਇੰਨ੍ਹਾ ਡਾਕਟਰਾਂ ਦੀ ਚਾਂਦੀ ਹੋ ਗਈ ਹੈ। ਹਰ ਕਿਸੇ ਦਾ ਕੰਮ ਚਲ ਰਿਹਾ ਹੈ। ਬੇਸ਼ਕ ਆਖ਼ਰ ਵਿੱਚ ਮਰੀਜ਼ ਦੀ ਮੌਤ ਹਸਪਤਾਲ ਵਿੱਚ ਹੀ ਜਾਕੇ ਹੁੰਦੀ ਹੈ ਕਿਉਂਕਿ ਇੰਨ੍ਹਾਂ ਹਸਪਤਾਲਾਂ ਪਾਸ ਵੀ ਦਵਾਈਆਂ ਦੀ ਘਾਟ ਹੈ ਅਤੇ ਸਾਡੇ ਦੇਸ਼ ਦਾ ਆਮ ਆਦਮੀ ਦਵਾਈਆਂ ਖਰੀਦਣ ਦੀ ਸਮਰਥਾ ਹੀ ਨਹੀਂ ਰਖਦਾ ਅਤੇ ਆਮ ਮਰੀਜ਼ ਮਰ ਜਾਂਦਾ ਹੈ। ਇਸ ਮੁਲਕ ਅੰਦਰ ਹਰ ਸਰਕਾਰੀ ਡਾਕਟਰ ਤਜਰਬਾ ਹਾਸਲ ਕਰਨ ਉਤੇ ਲਗਾ ਹੋਇਆ ਹੈ ਤਾਂਕਿ ਤਜਰਬੇਕਾਰ ਹੋਕੇ ਪ੍ਰਾਈਵੇਟ ਕਲੀਨਿਕ ਖੋਲ੍ਹਿਆ ਜਾਵੇ ਅਤੇ ਚਾਰ ਪੈਸੇ ਕਮਾਉਣ ਦਾ ਸਿਲਸਿਲਾ ਸ਼ਰੂਹ ਕਰ ਦਿੱਤਾ ਜਾਵੇ। ਸਰਕਾਰੀ ਹਸਪਤਾਲਾਂ ਵਾਲੇ ਡਾਕਟਰ ਵੀ ਮਿਲੇ ਹੋਏ ਹਨ ਅਤੇ ਆਮ ਤੋਰ ਤੇ ਮਰੀਜ਼ ਜਾਂ ਉਸ ਨਾਲ ਆਏ ਆਦਮੀਆਂ ਨੂੰ ਇੀ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਪ੍ਰਾਈਵੇਟ ਡਾਕਟਰ ਦੇ ਕਲੀਨਿਕ ਵਿੱਚ ਲੈ ਜਾਓ ਤਾਂਕਿ ਸਹੀ ਇਲਾਜ ਕੀਤਾ ਜਾ ਸਕੇ। ਇਹ ਹੈ ਇਸ ਮੁਲਕ ਦਾ ਹਾਲ। ਇਸ ਮੁਲਕ ਅੰਦਰ ਡਾਕਟਰ ਵੀ ਹਨ, ਮਾਹਿਰ ਵੀ ਹਨ, ਝੋਲਾ-ਛਾਪ ਡਾਕਟਰ ਵੀ ਹਨ, ਸੰਤ ਮਹਾਤਮਾਂ ਵੀ ਹਨ, ਕਈ ਥਾਵਾਂ ਉਤੇ ਇਸ਼ਨਾਨ ਕਰਕੇ ਵੀ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ, ਸੰਤਾ ਦੀ ਧੂੜ ਨਾਲ ਵੀ ਇਲਾਜ ਹੁੰਦਾ ਹੈ, ਮੰਤਰ ਪੜ੍ਹਕੇ ਫ਼ੂਕਣ ਨਾਲ ਵੀ ਇਲਾਜ ਕੀਤਾ ਜਾ ਸਕਦਾ ਹੈ, ਅਰਦਾਸਾਂ ਅਤੇ ਪ੍ਰਾਰਥਨਾਵਾਂ ਨਾਲ ਵੀ ਇਲਾਜ ਕੀਤਾ ਜਾ ਸਕਦਾ ਹੈ, ਧਾਰਮਿਕ ਗ੍ਰੰਥਾਂ ਦਾ ਉਚਾਰਨ ਵੀ ਇਲਾਜ ਕਰਦਾ ਹੈ। ਇਹ ਹੈ ਸਾਡਾ ਭਾਰਤ ਜਿਥੇ ਆਯੁਰਵੈਦਾ ਵੀ ਹੈ ਜਿਥੇ ਮਾਪਿਆਂ ਪਾਸੋਂ ਹੀ ਸਿਖਲਾਈ ਲਈ ਡਾਕਟਰ ਇਲਾਜ ਕਰਨ ਲਗ ਪੈਂਦੇ ਹਨ ਅਤੇ ਕਿਤਨੇ ਹੀ ਹੋਮਿਊਪੈਥੀ ਦੇ ਡਾਕਟਰ ਵੀ ਹਨ ਜਿੰਨ੍ਹਾਂ ਪਾਸ ਸਿਰਫ਼ ਲਾਇਸੈਂਸ ਹੀ ਹੈ ਅਤੇ ਸਿਖਲਾਈ ਦਾ ਕੋਈ ਕੋਰਸ ਨਹੀਂ ਕੀਤਾ ਹੋਇਆ। ਇਸ ਮੁਲਕ ਵਿੱਚ ਹਰ ਆਦਮੀ ਪਾਸ ਚਾਰ ਨੁਖ਼ਸੇ ਹਨ ਅਤੇ ਉਹ ਦਸਣੋਂ ਕਦੀ ਵੀ ਟਲਦਾ ਨਹੀਂ ਹੈ। ਪਰ ਅਫ਼ਸੋਸ ਇਸ ਗਲ ਦਾ ਹੈ ਕਿ ਇਤਨੇ ਡਾਕਟਰ ਹੋਣ ਦੇ ਬਾਵਜੂਦ ਇਸ ਮੁਲਕ ਅੰਦਰ ਬਿਮਾਰਾਂ ਅਤੇ ਕਮਜ਼ੋਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹਰ ਆਦਮੀ ਆਪਣਾ ਇਲਾਜ ਆਪ ਹੀ ਕਰਨ ਲਗ ਪਿਆ ਹੈ। ਫ਼ਿਰ ਵੀ ਹਰ ਆਦਮੀ ਕਈ ਬਿਮਾਰੀਆਂ ਦਾ ਮਰੀਜ਼ ਹੋ ਗਿਆ ਹੈ। ਸਾਡੀਆਂ ਸਰਕਾਰਾਂ ਨੂੰ ਪੱਤਾ ਹੈ ਕਿ ਇਸ ਮੁਲਕ ਅੰਦਰ ਇਲਾਜ ਪ੍ਰਣਾਲੀ ਸਹੀ ਨਹੀਂ ਹੈ। ਜਿਵੇਂ ਹਲਵਾਈ ਅਤੇ ਹੋਟਲਾਂ ਵਾਲੇ ਆਪਣੀ ਦੁਕਾਨ ਦਾ ਭੋਜਨ ਨਹੀਂ ਕਰਦੇ ਇਸੇ ਤਰ੍ਹਾਂ ਇਹ ਸਾਡੇ ਹਾਕਮ ਆਪਣਾ ਇਲਾਜ ਇਸ ਮੁਲਕ ਵਿੱਚ ਨਹੀਂ ਕਰਵਾਂਉਂਦੇ ਅਤੇ ਅਗਰ ਅੱਜ ਅਸੀਂ ਸਰਕਾਰ ਪਾਸੋਂ ਅੰਕੜੇ ਮੰਗੀਏ ਤਾਂ ਇਹ ਅੰਕੜੇ ਪੜ੍ਹਕੇ ਅਸੀਂ ਹੈਰਾਨæ ਪ੍ਰੇਸ਼ਾਨ ਹੋ ਜਾਵਾਂਗੇ ਕਿ ਇਹ ਰਕਮਾਂ ਇਤਨੀਆਂ ਵਡੀਆਂ ਹਨ ਕਿ ਇਸ ਮੁਲਕ ਵਿੱਚ ਜਿਤਨਾ ਪੈਸਾ ਲੋਕਾਂ ਦੇ ਇਲਾਜ ਉਤੇ ਖ਼ਰਚ ਕੀਤਾ ਜਾਂਦਾ ਹੈ ਉਸਤੋਂ ਕਈ ਗੁਣਾ ਵੱਘ ਪੈਸਾ ਸਾਡੇ ਹਾਕਮਾਂ ਦੇ ਇਲਾਜ ਉਤੇ ਬਾਹਰਲੇ ਮੁਲਕਾਂ ਵਿੱਚ ਖ਼ਰਚ ਕੀਤਾ ਜਾ ਚੁਕਿਆ ਹੈ। ਪਰ ਇਹ ਗਲਾਂ ਗੁਪਤ ਹਨ ਅਤੇ ਲੋਕਾਂ ਸਾਹਮਣੇ ਨਹੀਂ ਕੀਤੀਆਂ ਜਾਂਦੀਆਂ ਅਤੇ ਇਉਂ ਇਸ ਦੇਸ਼ ਦੀ ਪਰਜਾਤੰਤਰ ਸਰਕਾਰ ਚਲ ਰਹੀ ਹੈ। ਇਸੇ ਤਰ੍ਹਾਂ ਚਲਦੀ ਰਵੇਗੀ ਕਿਉਂਕਿ ਸਰਕਾਰ ਵੀ ਇਸ ਬਹੁਤੀ ਆਬਾਦੀ ਤੋਂ ਤੰਗ ਹੈ ਅਤੇ ਅਗਰ ਇਹ ਬਿਮਾਰੀਆਂ ਆਬਾਦੀ ਘਟਾਉਂਦੀਆਂ ਹਨ ਤਾਂ ਕੋਈ ਮਾੜੀ ਗਲ ਨਹੀਂ ਹੈ। ਇਸ ਲਈ ਇਲਾਜ ਕਰਨ ਵਾਲੇ ਜਿਉਂਦੇ ਰਹਿਣ ਅਤੇ ਸਾਡੀ ਆਬਾਦੀ ਘਟਦੀ ਰਵੇ। ਦਲੀਪ ਸਿੰਘ ਵਾਸਨ, ਐਡਵੋਕੇਟ 101-ਸੀ ਵਿਕਾਸ ਕਲੋਨੀ, ਪਟਿਆਲਾ-147003

ਪੰਜਾਬੀ ਸੱਭਿਆਚਾਰ ਬਨਾਮ ਸਰਕਾਰੀ ਨੀਤੀ

ਸੱਭਿਆਚਾਰ ਸ਼ਬਦ ਦੀ ਪਰਿਭਾਸ਼ਾ ਜੇਕਰ ਸਰਲ ਰੂਪ ਵਿੱਚ ਕਰੀਏ ਤਾਂ ਜਿਵੇਂ ਸੰਪੂਰਨ ਮਨੁੱਖ ਬਣਨ ਵਾਸਤੇ ਜੇਕਰ ਭੌਤਿਕ ਵਾਤਾਵਰਣ ਦੀ ਲੋੜ ਹੈ ਤਾਂ ਨਾਲ ਨਾਲ ਸੱਭਿਆਚਾਰਕ ਵਾਤਾਵਰਣ ਦੀ ਲੋੜ ਵੀ ਹੁੰਦੀ ਹੈ। ਸਭਿਆਚਾਰ ਵਿਅਕਤੀ ਨੁੰ ਵਿਸ਼ੇਸ਼ ਪ੍ਰਕਾਰ ਦਾ ਭਾਵਕ ਅਤੇ ਮਾਨਸਿਕ ਮਹੱਲ ਪ੍ਰਦਾਨ ਕਰਦਾ ਹੈ। ਸਭਿਆਚਾਰ ਨੁੰ ਸਿਰਜਣ ਦੀ ਸਮਰਥਾ ਹੀ ਮਨੁੱਖ ਨੁੰ ਸਮੂਹ ਪ੍ਰਾਣੀ ਜਗਤ ਤੋਂ ਨਿਖੇੜਦੀ ਹੈ। ਹਰ ਕੌਮ ਨੇ ਆਪਣਾ ਇਕ ਸੱਭਿਆਚਾਰ ਇਕਾਈ ਵਜੋਂ ਸਿਰਜਿਆ ਹੁੰਦਾ ਹੈ। ਜਿਸ ਵਿਚ ਲੋਕ ਸਾਹਿਤ, ਸੰਗੀਤ ਅਤੇ ਲੋਕ ਨਾਚ ਸ਼ਾਮਲ ਹੁੰਦੇ ਹਨ। ਪਰ ਪੰਜਾਬੀ ਸੱਭਿਆਚਾਰ ਦਾ ਵਿਰਸਾ ਜਿੰਨਾ ਅਮੀਰ ਹੈ ਅਸੀਂ ਉਨੇ ਹੀ ਇਸ ਪੱਖਤ ੋਂ ਦੂਰ ਹਾਂ ਜਿਸ ਲਈ ਸਾਡੀ ਸਰਕਾਰ ਦੇ ਸੱਭਿਆਚਾਰਕ ਅਦਾਰੇ ਜਵਾਬ ਦੇਹ ਹਨ। ਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇ-ਗੰਢ ਬੜੇ ਜੋਰਾਂ ਸ਼ੋਰਾਂ ਨਾਲ ਮਨਾਉਣ ਦੇ ਦਮਗਜੇ ਵਜਾਏ ਗਏ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਨੇ ਕਈ ਪ੍ਰੋਗਰਾਮ ਉਲੀਕੇ ਪਰ ਦੇਸ਼ ਦੀ ਬਦਕਿਸਮਤੀ ਕਹਿ ਲਵੋ ਕਿ 50 ਸਾਲਾਂ ਵਿਚ ਭਾਰਤ ਸਰਕਾਰ ਨੇ ਕੋਈ ਵੀ ਸਭਿਆਚਾਰਕ ਨੀਤੀ ਨਹੀਂ ਬਣਾਈ ਅਤੇ ਨਾ ਹੀ ਕੋਈ ਸਰਕਾਰ ਇਸ ਸੰਬੰਧੀ ਸੋਚਦੀ ਹੈ। ਮਹਿਰੂਮ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਜੀਵ ਗਾਂਧੀ ਨੇ ਆਪਣੇ ਕੁਝ ਪੁਰਾਣੇ ਕਲਾਕਾਰ ਮਿੱਤਰਾਂ ਨਾਲ ਮਿਲ ਕੇ ਦੇਸ਼ ਦੇ ਸੱਭਿਆਚਾਰ ਬਾਰੇ ਕੁਝ ਕਰਨ ਲਈ ਠੋਸ ਕਦਮ ਚੁੱਕੇ ਸਨ ਪਰ ਵਿਰੋਧੀ ਧਿਰਾਂ ਅਤੇ ਅਫ਼ਸਰਸ਼ਾਹੀ ਨੇ ਉਹ ਸਾਰੇ ਸੁਪਨੇ ਅਸਫ਼ਲ ਬਣਾ ਦਿੱਤੇ। ਖੇਤਰੀ ਸਭਿਆਚਾਰਕ ਕੇਂਦਰ ਹੋਂਦ ਵਿਚ ਆਏ ਪਰ ਅਫ਼ਸਰਸ਼ਾਹੀ ਦੀ ਪਕੜ ਕਰਕੇ ਉਹ ਆਪਣੇ ਮੰਤਵ ਅਤੇ ਉਦੇਸ਼ਾਂ ਦੀ ਪੂਰਤੀ ਤੋਂ ਵਾਂਝੇ ਰਹਿ ਗਏ ਿਜੰਨ੍ਹਾਂ ਖੇਤਰੀ ਸਭਿਆਚਾਰਕ ਕੇਂਦਰਾਂ ਦਾ ਕੰਟਰੋਲ ਕਰੀਏਟਿਵ ਲੋਕਾਂ ਦੇ ਹੱਥ ਵਿਚ ਸੀ ਉਨਾਂ ਨੇ ਬੜੀਆਂ ਮੱਲਾਂ ਮਾਰੀਆਂ ਜਿਨ੍ਹਾਂ ਵਿਚ ਮਹਾਰਾਸ਼ਟਰ ਸਰਕਾਰ ਦੇ ਅਧੀਨ ਆਉਂਦਾ ਸਾਊਥ ਸੈਂਟਰਲ ਸਭਿਆਚਾਰਕ ਕੇਂਦਰ ਨਾਗਪੁਰ ਇਕ ਸੀ। ਇਹ ਵੀ ਇਸੇ ਕਰਕੇ ਸੰਭਵ ਹੋਇਆ ਕਿਉਂਕਿ ਮਹਾਰਾਸ਼ਟਰ ਸਰਕਾਰ ਨੇ ਸਭਿਆਚਾਰ ਬਾਰੇ ਆਪਣੀ ਨੀਤੀ ਸਪਸ਼ਟ ਕੀਤੀ ਹੋਈ ਹੈ ਕਾਸ਼ ਸਾਡੀ ਪੰਜਾਬ ਸਰਕਾਰ ਵੀ ਅਜਿਹੇ ਕੰਮਾਂ ਵੱਲ ਧਿਆਨ ਦੇਵੇ ਜਿਥੇ ਪੰਜਾਬੀ ਸੱਭਿਆਚਾਰ ਦੇ ਅਮੀਰ ਵਿਰਸੇ ਨੂੰ ਸਾਂਭਣ ਲਈ ਕੋਈ ਯੋਗ ਉਪਰਾਲੇ ਕੀਤੇ ਜਾ ਸਕਣ। ਰਾਜ ਦੇ ਸਭਿਆਚਾਰ ਵਿਭਾਗ ਦਾ ਮੰਤਰੀ ਉਸ ਨੁੰ ਬਣਾਇਆ ਜਾਂਦਾ ਹੈ ਜਿੰਨ੍ਹਾਂ ਦੀ ਇਸ ਪ੍ਰਤੀ ਕੋਈ ਲਗਨ ਨਹੀਂ ਹੁੰਦੀ ਅਤੇ ਰਹਿੰਦੀ ਕਸਰ ਅਫ਼ਸਰਸ਼ਾਹੀ ਕੱਢ ਦਿੰਦੀ ਹੈ। ਜੇਕਰ ਕਿਸੇ ਅਫ਼ਸਰ ਨੂੰ ਕਲਾ-ਪ੍ਰਤੀ ਕੰਮ ਕਰਨ ਦੀ ਲਗਨ ਹੁੰਦੀ ਹੈ ਤਾਂ ਉਸ ਨੁੰ ਇਸ ਮਹਿਕਮੇ ਤੋਂ ਦੂਰ ਰੱਖਿਆ ਜਾਂਦਾ ਹੈ। ਪਿਛਲੀ ਬਰਾੜ ਸਰਕਾਰ ਦੇ ਸੱਭਿਆਚਾਰਕ ਮਹਿਕਮੇ ਦੇ ਮੰਤਰੀ ਅਖੀਰ ਤੱਕ ਮੁੱਖ ਮੰਤਰੀ ਨੁੰ ਕੋਸਦੇ ਰਹੇ ਕਿ ਕਿੱਥੇ ਚੰਦਰਾਂ ਮਹਿਕਮਾ ਮੈਨੁੰ ਦਿੱਤਾ ਹੈ ਅਤੇ ਉਸੇ ਸਰਕਾਰ ਦੇ ਵਿਚ ਇਕ ਹੋਰ ਮੰਤਰੀ ਜੋ ਆਪ ਵੀ ਕਿਸੇ ਵਕਤ ਭੰਗੜੇ ਦਾ ਕਲਾਕਾਰ ਸੀ ਉਹ ਤਰਸਦਾ ਰਿਹਾ ਇਸ ਵਿਭਾਗ ਲਈ ਖੈਰ ਸਾਡੇ ਰਾਜ਼ਸੀ ਪ੍ਰਭੂਆਂ ਨੁੰ ਇੰਨੀ ਫੁਰਸਤ ਕਿੱਕੇ ਕਿ ਇਸ ਬਾਰੇ ਗੰਭੀਰਤਾ ਨਾਲ ਸੋਚ ਸਕਣ ਅਤੇ ਕਿਸੇ ਲਗਨ ਵਾਲੇ ਐਮ ਐਲ਼ ਏ ਨੂੰ ਵਜ਼ੀਰ ਬਣਾ ਕੇ ਮਹਿਕਮਾ ਦੇਣ। ਮੈਂ ਸਮਝਦਾ ਹਾਂ ਪੰਜਾਬ ਵਿਚ ਪੰਜਾਬੀ ਸੱਭਿਆਚਾਰ ਪ੍ਰਤੀ ਉਸਾਰੂ ਸੋਚ ਰੱਖਣ ਵਾਲੀਆਂ ਸ਼ਖ਼ਸੀਅਤਾਂ ਅਤੇ ਸਵੈ ਤੌਰ ਤੇ ਕੰਮ ਕਰ ਰਹੀਆਂ ਸੱਭਿਆਚਾਰਕ ਸੰਸਥਾਵਾਂ ਦੇ ਕਾਰਜਕਰਤਾ ਜਿੰਨੀ ਦੇਰ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਹੋਕਾ ਨਹੀਂ ਦਿੰਦੇ ਉਨੀ ਦੇਰ ਪੰਜਾਬ ਸਰਕਾਰ ਦਾ ਇਸ ਬਾਰੇ ਧਿਆਨ ਨਹੀਂ ਜਾ ਸਕਦਾ ਕਿਉਂਕਿ ਸਾਡੇ ਸਾਹਮਣੇ ਇਕ ਜਿਊਂਦੀ ਜਾਗਦੀ ਮਿਸਾਲ ਹੈ ਕਿ ਪੰਜਾਬੀ ਸਾਡੀ ਰਾਜ ਭਾਸ਼ਾ, 25 ਸਾਲ ਪਹਿਲਾਂ ਸਵ: ਮੁੱਖ ਮੰਤਰੀ ਸ: ਲਛਮਣ ਸਿੰਘ ਗਿੱਲ ਨੇ ਘੋਸ਼ਿਤ ਕੀਤੀ ਸੀ ਪਰ ਅੱਜ ਤੱਕ ਕਿੰਨੀਆਂ ਹੀ ਸਰਕਾਰਾ ਆ ਚੁੱਕੀਆਂ ਹਨ ਜਿਨ੍ਹਾਂ ਵਿਚ ਪੰਜਾਬੀ ਸੂਬੇ ਦੇ ਦਮਗਜੇ ਮਾਰਨ ਵਾਲੀ ਸਰਦਾਰ ਅੱਜ ਵੀ ਮੌਜੂਦ ਹੈ ਉਹ ਵੀ ਆਪਣੇ ਉਚ ਅਫ਼ਸਰਾ ਤੋਂ ਪੰਜਾਬੀ ਭਾਸ਼ਾ ਲਾਗੂ ਨਹੀਂ ਕਰਵਾ ਸਕੀ ਕਿਉਂਕਿ ਫੇਰ ਸਵਾਲ ਉਠਦਾ ਹੈ ਅਫ਼ਸਰਸ਼ਾਹੀ ਦਾ ਪੰਜਾਬ ਵਿਚ ਭਾਵੇਂ 80 ਪ੍ਰਤੀਸ਼ਤ ਤੋਂ ਵੱਧ ਉਚ ਅਫ਼ਸਰ ਪੰਜਾਬੀ ਹਨ ਪਰ ਉਨ੍ਹਾਂ ਦਾ ਆਪਣੀ ਮਾਂ ਬੋਲੀ ਨਾਲ ਮੋਹ ਪਿਆਰ ਹੀ ਖ਼ਤਮ ਹੋ ਚੁੱਕਿਆ ਹੈ। ਉਨਾਂ ਦੇ ਬੱਚੇ ਪੁਰਾਤਨ ਪੰਜਾਬੀ ਵਿਰਸੇ ਨੁੰ ਭੁੱਲ ਚੁੱਕੇ ਹਨ ਅਤੇ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਪੱਛਮੀ ਸੱਭਿਆਚਾਰ ਦੇ ਸ਼ੈਦਾਈ ਬਣ ਗਏ ਹਨ। ਸਰਕਾਰ ਕੋਲ ਸਭਿਆਚਾਰ ਪ੍ਰਤੀ ਕੋਈ ਠੋਸ ਨੀਤੀ ਨਾ ਹੋਣ ਕਰਕੇ ਹਰ ਸਾਲ ਕਰੋੜਾਂ ਰੁਪਏ ਕਾਗਜਾਂ ਦੀਆਂ ਸਕੀਮਾਂ ਵਿਚ ਗੁੱਲ ਹੋ ਜਾਂਦੇ ਹਨ। ਪੰਜਾਬ ਕਲਾ ਪਰੀਸ਼ਦ ਦੀਆਂ ਤਿੰਨੇ ਸਹਿਯੋਗੀ ਸੰਸਥਾਵਾਂ ਪੈਸੇ ਦੀ ਘਾਟ ਕਰਕੇ ਕੋਈ ਉਸਾਰੂ ਕੰਮ ਨਹੀਂ ਕਰ ਸਕਦੀਆਂ। ਭਾਵੇਂ ਉਥੇ ਆਪਣੇ ਆਪਣੇ ਖੇਤਰ ਵਿਚ ਵਿਸ਼ੇਸ਼ ਥਾਂ ਰੱਖਣ ਵਾਲੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ ਪਰ ਅਫ਼ਸਰਸ਼ਾਹੀ ਉਥੇ ਵੀ ਪ੍ਰਧਾਨ ਹੈ। ਇਨ੍ਹਾਂ ਅਦਾਰਿਆਂ ਦੇ ਦਫ਼ਤਰੀ ਢਾਂਚੇ ਵਿਚ ਵੀ ਫੀਲਡ ਸਟਾਫ ਥੀਏਟਰ, ਡਾਂਸ, ਸੰਗੀਤ, ਫਾਈਨ ਆਰਟ, ਸਾਹਿਤ ਅਤੇ ਲੋਕ ਕਲਾਵਾਂ ਵਿਚ ਮੁਹਾਰਤ ਰੱਖਣ ਵਾਲੇ ਹੀ ਹੋਣ ਜੋ ਸਹੀ ਕਲਾਕਾਰਾਂ ਦੀ ਪਹਿਚਾਣ ਕਰ ਸਕਣ ਉਨ੍ਹਾਂ ਦਾ ਕਲਾਕਾਰਾ ਪ੍ਰਤੀ ਵਰਤਾਓ ਅਫ਼ਸਰਾਂ ਵਾਲਾ ਨਾ ਹੋਵੇ ਸਗੋਂ ਕਲਾਕਾਰ ਮਿੱਤਰਾਂ ਵਾਲਾ ਹੋਵੇ ਜੋ ਉਨ੍ਹਾਂ ਦੇ ਦੁੱਖ ਤਕਲੀਫਾਂ ਨੁੰ ਸਮਝ ਸਕਦੇ ਹੋਣ। ਮੇਰੇ ਖਿਆਲ ਅਨੁਸਾਰ ਸੱਭਿਆਚਾਰਕ ਵਿਭਾਗ ਪੰਜਾਬ ਅਤੇ ਉਤਰੀ ਖੇਤਰ ਸੱਭਿਆਚਾਰਕ ਕੇਂਦਰ ਵਿਚ ਸਿਰਫ ਇਕ ਦੋ ਫੀਲਡ ਦੇ ਅਫ਼ਸਰਾਂ ਨੁੰ ਛੱਡ ਕੇ ਬਾਕੀ ਸਾਰੇ ਕਲਾ ਤੋਂ ਸੱਖਣੇ ਹੀ ਹਨ ਪਰ ਅਫ਼ਸੋਸ ਕਿ ਉਨ੍ਹਾਂ ਤੋਂ ਵੀ ਪ੍ਰੋਗਰਾਮ ਸੰਬੰਧੀ ਕੋਈ ਰਾਏ ਨਹੀਂ ਲਈ ਜਾਂਦੀ ਸਿਰਫ ਪ੍ਰੋਗਰਾਮ ਫਿਕਸ ਕਰਕੇ ਡਿਊਟੀ ਹੀ ਲਾਈ ਜਾਂਦੀ ਹੈ ਕਿ ਇਹ ਸਭ ਤੋਂ ਵੱਡੀ ਵਜ੍ਹਾ ਹੈ ਕਿ ਕਿਤੇ ਵੀ ਪੰਜਾਬੀ ਸੱਭਿਆਚਾਰ ਬਾਰੇ ਠੋਸ ਕੰਮ ਨਹੀਂ ਹੋ ਰਿਹਾ ਵੱਡੀ ਕੁਰਸੀ ਤੇ ਬੈਠੇ ਅਫ਼ਸਰ ਇਹ ਸਹਿਣ ਹੀ ਨਹੀਂ ਕਰਦੇ ਕਿ ਆਪ ਦੇ ਛੋਟੇ ਦੀ ਸਹੀ ਰਾਏ ਮੰਨਣ ਭਾਵੇਂ ਉਹ ਉਸ ਖੇਤਰ ਵਿਚ ਕਿੰਨੀ ਮਹਾਰਤ ਰੱਖਦਾ ਹੋਵੇ। ਇਹੀ ਵਜ੍ਹਾ ਹੈ ਕਿ ਜੇਕਰ ਕਰੀਏਟਿਵ ਬੰਦੇ ਨੁੰ ਫੀਲਡ ਵਿਚ ਮੁਹਾਰਤ ਰੱਖਣ ਵਾਲੇ ਅਫ਼ਸਰਾਂ ਦੀ ਟੀਮ ਦਿਤੀ ਜਾਵੇ ਤਾਂ ਉਹ ਹਮੇਸ਼ਾਂ ਹਰ ਪ੍ਰੋਜੈਕਟ ਨੁੰ ਵਿਸਥਾਰ ਨਾਲ ਵਿਚਾਰ ਕੇ ਉਸ ਨੁੰ ਸਹੀ ਅਮਲੀ ਜਾਮਾ ਪਹਿਨਾ ਸਕਦਾ ਹੈ।ਖੈਰ ਇਸ ਵਿਸ਼ੇ ਬਾਰੇ ਪੰਜਾਬ ਸਰਕਾਰ ਨੁੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਹੁਣ ਮੈਂ ਪੰਜਾਬੀ ਸੱਭਿਆਚਾਰਕ ਵਿਰਸੇ ਨਾਲ ਸੰਬੰਧਿਤ ਕੁਝ ਜ਼ਰੂਰੀ ਨੁਕਤੇ ਪੰਜਾਬ ਸਰਕਾਰ ਦੀ ਨਜ਼ਰ ਕਰਨ ਜਾ ਰਿਹਾ ਹਾਂ ਜੋ ਆਪਣੇ ਹੁਕਮਾਂ ਰਾਹੀਂ ਇਨ੍ਹਾਂ ਨੂੰ ਲਾਗੂ ਕਰ ਸਕਦੇ ਹਨ। ਵਸਤੂਆਂ ਜਿਸ ਵਿਚ ਹਰ ਤਰ੍ਹਾਂ ਦੇ ਪੰਜਾਬੀ ਪਹਿਰਾਵੇ, ਗਹਿਣੇ, ਸਾਜ਼, ਕਲਾ ਕ੍ਰਿਤਾਂ ਪੰਜਾਬੀ ਸਾਹਿਤ ਵਿਚ ਪੁਰਾਤਨ ਕਿੱਸੇ, ਚਿੱਠੇ, ਸ਼ਾਮਲ ਕਰਕੇ ਇੱਕ ਵੱਡਾ ਮਿਉਜ਼ੀਅਮ ਤਿਆਰ ਕੀਤਾ ਜਾਵੇ ਤਾਂ ਕਿ ਅਸੀਂ ਵਿਦੇਸ਼ਾਂ ਤੋਂ ਆਉਂਦੇ ਸੈਲਾਨੀਆਂ ਅਤੇ ਨਵੀਂ ਪੀੜ੍ਹੀ ਨੁੰ ਉਹ ਦਿਖਾ ਕੇ ਆਪਣੇ ਵਿਰਸੇ ਤੋਂ ਜਾਣੂ ਕਰਵਾ ਸਕੀਏ। ਇਕ ਫੋਕ ਖੋਜ ਕੇਂਦਰ ਸਥਾਪਿਤ ਕੀਤਾ ਜਾਵੇ। ਜਿਸ ਵਿਚ ਪੰਜਾਬੀ ਸੰਗੀਤ ਉਸ ਦੀਆਂ ਧੁੰਨਾ ਉਸ ਦਾ ਪਿਛੋਕੜ ਅਤੇ ਇਸੇ ਤਰ੍ਹਾਂ ਲੋਕ ਨਾਚਾਂ ਬਾਰੇ ਖੋਜ ਕਰਕੇ ਆਡੀਓ ਅਤੇ ਵੀਡੀਓ ਕੈਸਟਾਂ ਤਿਆਰ ਕਰਕੇ ਇਕ ਰੈਫਰੈਂਸ ਲਾਇਬ੍ਰੇਰੀ ਬਣਾਈ ਜਾਵੇ ਅਤੇ ਉਸ ਵਿਚ ਪੁਰਾਣੇ ਰਿਕਾਰਡ ਅਮਰ ਸਿੰਘ ਸ਼ੌਂਕੀ, ਦਿਦਾਰ ਸਿੰਘ, ਦਲੀਪ ਸਿੰਘ ਦੀਆਂ ਕਲੀਆਂ ਲੋਕ ਗੀਤ ਅਤੇ ਉਸੇ ਤਰ੍ਹਾਂ ਲੋਕ ਨਾਚਾਂ ਵਿਚ ਮਨੋਹਰ ਦੀਪਕ (ਭੰਗੜਾ), ਪੋਖਰ ਸਿੰਘ (ਝੂਮਰ), ਲਾਲ ਸਿੰਘ (ਮਲਵਈ ਗਿੱਧਾ), ਭਾਨਾ ਰਾਮ (ਢੋਲੀ), ਨਾਲ ਜੁੜੀਆਂ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਨੂੰ ਇਕੱਠਾ ਕਰਕੇ ਸਾਂਭਿਆ ਜਾਵੇ। ਪੰਜਾਬ ਦਾ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਵੱਖ-ਵੱਖ ਕਲਾਵਾਂ ਦੇ ਖੇਤਰ ਵਿਚ ਨਾ ਰੋਸ਼ਨ ਕਰਨ ਵਾਲੇ ਕਲਾਕਾਰਾਂ ਨੁੰ ਮਾਨਤਾ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇ। ਪੰਜਾਬੀ ਸੱਭਿਆਚਾਰ ਪ੍ਰਤੀ ਯੋਗਦਾਨ ਪਾਉਣ ਵਾਲੇ ਵਿਦਿਆਰਥੀਆ ਨੁੰ ਸਪੋਰਟਸ ਕੋਟੇ ਵਾਂਗੂੰ ਸਹੂਲਤਾਂ ਮਹੁੱਈਆ ਕੀਤੀ ਜਾਵੇ ਮਸਲਨ ਵਿਦਿਅਕ ਅਦਾਰਿਆਂ ਵਿਚ ਅਤੇ ਸਰਕਾਰੀ ਨੌਕਰੀਆਂ ਲਈ ਰਾਖਵੀਆਂ ਸੀਟਾਂ ਨਿਸ਼ਚਿਤ ਕੀਤੀਆਂ ਜਾਣ ਤਾਂ ਕਿ ਮਾਪੇ ਬੱਚਿਆਂ ਨੁੰ ਇਸ ਪਾਸੇ ਤੋਂ ਹਟਾਉਣ ਦੀ ਪ੍ਰੇਰਣਾ ਦੇਣੀ ਬੰਦ ਕਰ ਦੇਣ। 65 ਸਾਲ ਤੋਂ ਵੱਧ ਉਮਰ ਦੇ ਕਲਾਕਾਰ ਜਿੰਨ੍ਹਾਂ ਨੇ ਪੰਜਾਬ ਦਾ ਨਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਉੱਚਾ ਕੀਤਾ ਹੈ ਉਹਨਾਂ ਨੂੰ ਪੈਨਸ਼ਨ ਲਗਾਈ ਜਾਵੇ ਤਾਂ ਕਿ ਉਨ੍ਹਾਂ ਦੇ ਬੱਚੇ ਵੀ ਇਸ ਖੇਤਰ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ। ਲੱਚਰ ਸਾਹਿਤ ਅਤੇ ਸੰਗੀਤ ਤੇ ਪਾਬੰਦੀ ਲਗਾਈ ਜਾਵੇ ਇਕ ਸੈਂਸਰ ਬੋਰਡ ਦੀ ਸਥਾਪਨਾ ਕਰਕੇ ਪੰਜਾਬੀ ਕੈਸਿਟਾਂ ਰਾਹੀਂ ਪੈ ਰਹੇ ਗੰਦ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਪੰਜਾਬੀ ਸੱਭਿਆਚਾਰ ਨੂੰ ਵਿਕਸਿਤ ਕਰਨ ਲਈ ਪਿੰਡ ਪੱਧਰ ਤੇ ਉਪਰਾਲੇ ਕੀਤੇ ਜਾਣ ਅਤੇ ਪੇਂਡੂ ਕਲਾਕਾਰਾਂ ਨੂੰ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾਣ। ਇਹ ਉਪਰ ਲਿਖੇ ਕੁੱਝ ਸੁਝਾਅ ਜੇਕਰ ਪੰਜਾਬ ਸਰਕਾਰ ਦੇ ਮਨ ਲੱਗ ਜਾਣ ਅਤੇ ਆਪਣੇ ਸੱਭਿਆਚਾਰਕ ਅਦਾਰੇ ਦੇ ਅਫ਼ਸਰਾਂ ਨੁੰ ਚੰਡੀਗੜ੍ਹ ਦੇ ਦਫ਼ਤਰਾਂ ਚੋਂ ਕੱਢ ਕੇ ਪਿੰਡਾਂ ਵਿਚ ਭੇਜਣ ਦਾ ਉਪਰਾਲਾ ਕਰਨ ਤਾਂ ਸਾਡੇ ਉਹ ਲੋਕ ਜੋ ਕਲਚਰ ਅਤੇ ਐਗਰੀਕਲਚਰ ਦੇ ਫ਼ਰਕ ਤੋਂ ਅਨਜਾਨ ਹਨ ਉਨ੍ਹਾਂ ਨੁੰ ਜਾਗਰਿਤ ਕੀਤਾ ਜਾ ਸਕੇ। ਭਾਰੀ ਗਿਣਤੀ ਵਿਚ ਪੱਛਮੀ ਪ੍ਰਭਾਵ ਤੋਂ ਅਕਰਸ਼ਿਤ ਲੋਕਾਂ ਨੁੰ ਯੋਜਨਾਬੱਧ ਢੰਗ ਨਾਲ ਆਪਣੇ ਵਿਰਸ਼ੇ ਨਾਲ ਜੋੜਿਆ ਜਾ ਸਕਦਾ ਹੈ। ਇਸ ਲਈ ਜ਼ਰੂਰਤ ਹੈ ਸਾਨੁੰ ਮੀਡੀਏ ਦਾ ਸਹਾਰਾ ਲੈਣ ਦੀ ਪਰ ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਸੱਭਿਆਚਾਰ ਲਈ ਸਾਡੇ ਪੰਜਾਬ ਵਿਚ ਛਪਦੇ ਅਖਬਾਰ ਰੋਜ਼ਾਨਾ ਇਕ ਪੰਨਾ ਵੀ ਨਹੀਂ ਦੇ ਸਕਦੇ ਉਨ੍ਹਾਂ ਦਾ ਹਫ਼ਤੇ ਭਰ ਵਿਚ ਇਕ ਦਿਨ ਦਾ ਸੱਭਿਆਚਾਰਕ ਅੰਕ ਜ਼ਰੂਰ ਨਿਰਧਾਰਤ ਹੈ ਪਰ ਕਈ ਅਖਬਾਰਾਂ ਵਿਚ ਉਸ ਦਿਨ ਵੀ ਅੱਧਾ ਸਫਾ ਇਸਤਿਹਾਰਾਂ ਦੀ ਸਮੱਗਰੀ ਨਾਲ ਭਰਿਆ ਹੁੰਦਾ ਹੈ। ਲੋੜ ਹੈ ਸਾਨੁੰ ਖੇਡਾਂ ਵਾਂਗੂ ਸਾਡੇ ਸੱਭਿਆਚਾਰ ਪ੍ਰਤੀ ਉਸਾਰੂ ਪ੍ਰੋਗਰਾਮਾਂ ਦੀ ਪੇਸ਼ਕਾਰੀ ਕਰਨ ਦੀ। ਇਸੇ ਤਰ੍ਹਾਂ ਸਾਡੇ ਜਲੰਧਰ ਦੂਰਦਰਸ਼ਨ ਕੇਂਦਰ ਤੇ ਵੱਧ ਤੋਂ ਵੱਧ ਪੰਜਾਬੀ ਸੱਭਿਆਚਾਰ ਦੇ। ਉਸਾਰੂ ਪ੍ਰੋਗਰਾਮਾਂ ਦੀ ਪੇਸ਼ਕਾਰੀ ਕਰਨ ਦੀ। ਪਰ ਬਦਕਿਸਮਤੀ ਕਹਿ ਲਵੋ ਕਿ ਭ੍ਰਿਸ਼ਟਾਚਾਰ ਨੇ ਕਿੰਨੇ ਹੀ ਵਧੀਆ ਕੰਮ ਕਰਨ ਵਾਲੇ ਪ੍ਰੋਡਿਊਸਰ ਨਿਘਾਰ ਲਏ ਫਿਰ ਅਸੀਂ ਕਿਵੇਂ ਵਿਦੇਸ਼ੀ ਚੈਨਲਾਂ ਦਾ ਮੁਕਾਬਲਾ ਕਰ ਸਕਾਂਗੇ। ਸੋ ਅਖੀਰ ਵਿਚ ਲਿਖਣ ਨੁੰ ਤਾਂ ਹੋਰ ਵੀ ਬਹੁਤ ਕੁਝ ਹੈ ਪਰ ਲੇਖ ਦੀ ਲੰਬਾਈ ਨੁੰ ਧਿਆਨ ਵਿਚ ਰੱਖਦੇ ਐਥੇ ਹੀ ਆਪਣੀਆਂ ਕੌੜੀਆਂ-ਮਿੱਠੀਆਂ ਗੱਲਾਂ ਦਾ ਅੰਤ ਕਰਦਾ ਹਾਂ। ਪਰਮਜੀਤ ਸਿੱਧੂ (ਪੰਮੀ ਬਾਈ)

ਪੰਜਾਬੀ ਗਾਇਕੀ ਤੇ ਲਚਰਤਾ

ਪੰਜਾਬ ਦੀ ਧਰਤੀ ਜਿਸਦੇ ਕਣ-ਕਣ ਵਿਚ ਸੰਗੀਤ ਸਮੋਇਆ ਹੈ, ਜਿਸਦੇ ਪਾਣੀਆਂ ਦੀਆਂ ਲਹਿਰਾਂ ਸੰਗੀਤਕ ਧੁਨਾਂ ਛੇੜਦੀਆਂ ਹਨ। ਪੋਣਾ ਚ ਸੰਗੀਤਕ ਰਸ ਹੈ, ਫਸਲਾਂ ਨਚਦੀਆਂ ਨਜ਼ਰ ਆਉਂਦੀਆਂ ਹਨ, ਤੇ ਵਸਦਾ ਹਰੇਕ ਵਿਅਕਤੀ ਸੰਗੀਤ ਦਾ ਆਸ਼ਕ ਤੇ ਦੀਵਾਨਾ ਹੈ। ਇਸ ਧਰਤੀ ਤੇ ਬੜੇ ਮਹਾਨ ਕਵੀਆਂ ਤੇ ਗਾਉਣ ਵਾਲਿਆਂ ਨੇ ਜਨਮ ਲਿਆ ਹੈ। ਪੰਜਾਬੀ ਲੋਕ ਗੀਤਾਂ ਤੇ ਲੋਕ ਨਾਚਾਂ ਦੀਆਂ ਸੰਸਾਰ ਭਰ ਚ ਧੁੰਮਾ ਰਹੀਆਂ ਹਨ। ਅਜ ਵੀ ਹਿੰਦੀ ਫਿਲਮਾਂ ਵਾਲੇ ਪੰਜਾਬੀ ਲੋਕ ਗੀਤ ਨੁੰ ਲੈ ਕੇ ਆਪਣੀਆਂ ਫਿਲਮਾਂ ਹਿੱਟ ਕਰ ਰਹੇ ਹਨ ਪਰ ਦੂਜੇ ਪਾਸੇ ਖੁਦ ਪੰਜਾਬੀ ਫਿਲਮਾਂ ਵਾਲੇ ਇਹਨਾ ਲੋਕ ਗੀਤਾਂ ਨੂੰ ਭੁੱਲ ਕੇ ਪੰਜਾਬੀ ਫਿਲਮਾਂ ਦਾ ਮਿਆਰ ਡੇਗੀ ਬੈਠੇ ਹਨ। ਪੰਜਾਬੀ ਗਾਇਕੀ ਆਪਣੇ ਅਮੀਰ ਸੱਭਿਆਚਾਰ ਨੁੰ ਭੁੱਲ ਕੇ ਲਚਰਤਾ ਵੱਲ ਕਿਉਂ ਵਧੇ ? ਇਸ ਦਾ ਸਭ ਤੋਂ ਵੱਡਾ ਕਾਰਣ ਇਹ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਅਜਿਹੇ ਗਾਇਕ ਮੈਦਾਨ ਵਿਚ ਉਤਰੇ ਜੋ ਸੰਗੀਤ ਦੀ ਸੂਝ ਤੋਂ ਬਿਨਾ ਹੀ ਰਾਤੋ ਰਾਤ ਵੱਡੇ ਨਾਮੀ ਗਾਇਕ ਬਣਨ ਲਈ ਲੱਚਰਤਾ ਦਾ ਸਹਾਰਾ ਲੈਂਦੇ ਰਹੇ।ਇਹ ਰੁਝਾਨ ਐਸਾ ਵਧਿਆ ਕਿ ਲੱਚਰ ਲਿਖਣ ਵਾਲੇ ਤੇ ਗਾਉਣ ਵਾਲੇ ਹੱਦ ਬੰਨ੍ਹੇ ਹੀ ਟੱਪ ਗਏ। ਚਿੱਟੀ ਭਾਸ਼ਾ ਚ ਗੀਤ ਗਾਉਣ ਲੱਗ ਪਏ। ਇਸ ਲਈ ਸਾਡੇ ਸਰੋਤਿਆਂ ਦਾ ਸਵਾਦ ਵੀ ਬਦਲ ਗਿਆ ਤੇ ਲੋਕ ਲੱਚਰ ਗੀਤਾਂ ਨੁੰ ਸ਼ਰੇਆਮ ਸੁਣਨ ਲੱਗੇ। ਇਸ ਲਈ ਗੀਤਕਾਰਾਂ ਤੇ ਗਾਇਕਾਂ ਦੇ ਨਾਲ-ਨਾਲ ਅਸੀਂ ਸੁਣਨ ਵਾਲੇ ਵੀ ਬਰਾਬਰ ਜ਼ਿੰਮੇਵਾਰ ਰਹੇ ਹਾਂ। ਬੀਤੇ ਅਸ਼ਾਂਤੀ ਦੇ ਦਹਾਕੇ ਦੌਰਾਨ ਇਸੇ ਲੱਚਰਤਾ ਕਰਕੇ ਹੀ ਇਕ ਗਾਇਕ ਨੁੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਉਸ ਸਮੇਂ ਜਦੋਂ ਲੱਚਰਤਾ ਜ਼ੋਰਾਂ ਤੇ ਸੀ ਤਾਂ ਕੁਝ ਲੋਕ ਇਸ ਲੱਚਰਤਾ ਦੇ ਹੱਕ ਚ ਅਜਿਹੀਆਂ ਦਲੀਲਾਂ ਦਿੰਦੇ ਕਿ ਆਮ ਆਦਮੀ ਉਹਨਾਂ ਨਾਲ ਸਹਿਮਤ ਹੋ ਜਾਂਦਾ। ਇਕ ਦਿਨ ਮੈਨੁੰ ਆਪਣੀ ਸੱਥ ਵਿਚ ਕੁਝ ਸਮਾਂ ਬੈਠਣ ਦਾ ਮੌਕਾ ਮਿਲਿਆ, ਜਿੱਥੇ ਲੱਚਰ ਗਾਉਣ ਵਾਲਿਆਂ ਬਾਰੇ ਇਕ ਬਜ਼ੁਰਗ ਤੇ ਇਕ ਨੌਜਵਾਨ ਦੀ ਬੜੀ ਦਿਲਚਸਪ ਬਹਿਸ ਚਲ ਰਹੀ ਸੀ। ਨੋਜਵਾਨ ਕਹਿ ਰਿਹਾ ਸੀ ਕਿ ਬਾਬਾ ਅੱਜ ਦੇ ਗੀਤਾਂ ਚ ਜੋ ਦੱਸਿਆਂ ਜਾਂਦਾ ਹੈ ਉਹਦੇ ਚ ਮਾੜੀ ਗੱਲ ਕਿਹੜੀ ਹੈ। ਜ਼ਿੰਦਗੀ ਦੀਆਂ ਸਚਾਈਆਂ ਹੀ ਪੇਸ਼ ਕੀਤੀਆਂ ਹੁੰਦੀਆਂ ਹਨ। ਬਾਬੇ ਨੇ ਕਿਹਾ ਕਿ ਕਾਕਾ ਕੁਝ ਸਚਾਈਆਂ ਐਸੀਆਂ ਹੁੰਦੀਆਂ ਹਨ ਜੋ ਪਰਦੇ ਵਿਚ ਰੱਖਣੀਆਂ ਚਾਹੀਦੀਆਂ ਹਨ। ਪਹਿਲਾਂ ਤਾਂ ਲੋਕ ਆਦਿ ਕਾਲ ਵਿਚ ਵਿਆਹ ਵੀ ਨਹੀਂ ਸਨ ਕਰਵਾਉਂਦੇ। ਪਸ਼ੂਆਂ ਵਾਂਗ ਕੋਈ ਕਿਸੇ ਨਾਲ ਵੀ ਮੇਲ-ਮਿਲਾਪ ਕਰ ਲੈਂਦੇ ਸੀ। ਲੋਕਾਂ ਵਿਚ ਸੂਝ ਪੈਦਾ ਹੋਈ ਸਮਝ ਆਈ ਕਿ ਇਹ ਗਲਤ ਹੈ। ਲੋਕਾਂ ਨੇ ਅਸੂਲ ਬਣਾਏ ਵਿਆਹ ਦੀ ਰਸਮ ਸ਼ੁਰੂ ਹੋਈ। ਇਸ ਕਰਕੇ ਸਾਨੁੰ ਅੱਜ ਇਹ ਸਮਝਣ ਦੀ ਲੋੜ ਹੈ ਕਿ ਇਸ ਲੱਚਰਤਾ ਨਾਲ ਸਾਡੇ ਸਮਾਜ ਦੇ ਨੌਜੁਆਨਾ ਅੰਦਰ ਪਸ਼ੂਬ੍ਰਿਤੀ ਜਾਗਦੀ ਹੈ, ਜਿਸ ਦੇ ਨਤੀਜੇ ਵਜੋਂ ਉਹ ਅਨੈਤਿਕ ਕਾਰੇ ਕਰਨ ਤੇ ਉੱਤਰ ਆਉਂਦੇ ਹਨ। ਇਸ ਵਾਸਤੇ ਸਾਨੁੰ ਲੱਚਰਤਾ ਤੇ ਕਾਬੂ ਪਾਉਣ ਦੀ ਸਖਤ ਲੋੜ ਹੈ। ਥੋੜੇ ਸਮੇਂ ਤੋਂ ਪੰਜਾਬੀਆਂ ਅੰਦਰ ਕਾਫੀ ਜਾਗ੍ਰਿਤੀ ਆਈ ਹੈ ਉਹਨਾਂ ਨੇ ਲੱਚਰ ਗਾਉਣ ਵਾਲਿਆਂ ਨੁੰ ਨਕਾਰਨਾ ਸ਼ੁਰੂ ਕਰ ਦਿੱਤਾ।ਸਾਫ ਸੁਥਰਾ ਗਾ ਕੇ ਕੁਲਦੀਪ ਮਾਣਕ,ਗੁਰਦਾਸ ਮਾਨ,ਹੰਸ ਰਾਜ ਹੰਸ, ਸਰਦੂਲ ਸਿਕੰਦਰ, ਹਰਭਜਨ ਮਾਨ ਆਦਿ ਗਾਇਕ ਵਿਸ਼ਵ ਪ੍ਰਸਿੱਧ ਗਾਇਕ ਬਣੇ ਹਨ। ਇਹਨਾ ਦਾ ਲੋਕਾਂ ਦੇ ਦਿਲਾਂ ਚ ਅਥਾਹ ਮਾਨ ਸਨਮਾਨ ਹੈ। ਸਾਡੇ ਪੰਜਾਬੀ ਸੱਭਿਆਚਾਰ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਸਾਫ ਸੁਥਰੀ ਗਾਇਕੀ ਦੇ ਮਾਲਕ ਹੰਸ ਰਾਜ ਹੰਸ ਨੁੰ ਨਿਊਯਾਰਕ ਯੂਨੀਵਰਸਿਟੀ ਚ ਫ਼ੈਲੋਸ਼ਿਪ ਮਿਲੀ ਹੈ। ਇਸ ਨਾਲ ਸਾਡਾ ਸਭ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਹਰਭਜਨ ਮਾਨ ਅਜਿਹਾ ਗਾਇਕ ਹੈ ਜਿਸਨੇ ਇਸ਼ਕ ਮੁਸ਼ਕ ਤੋਂ ਹਟ ਕੇ ਹੋਰ ਪ੍ਰੇਮ ਭਰੇ ਰਿਸ਼ਤਿਆਂ ਦੇ ਵੈਰਾਗਮਈ ਗੀਤ ਗਾ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਕੁਲਦੀਪ ਮਾਣਕ ਦੀਆਂ ਕਲੀਆਂ ਲੋਕ ਗੀਤਾਂ ਦੇ ਬਰਾਬਰ ਦਾ ਦਰਜਾ ਹਾਸਲ ਕਰਨ ਲੱਗੀਆਂ ਹਨ। ਇਸੇ ਤਰ੍ਹਾਂ ਸਰਦੂਲ ਤੇ ਗੁਰਦਾਸ ਦੇ ਗੀਤ ਵੀ ਘਰਾਂ ਚ ਸੁਣਨਯੋਗ ਹੁੰਦੇ ਹਨ। ਇਹ ਗਾਇਕ ਸੱਚਮੁੱਚ ਗਾਇਕ ਹਨ ਜਿਨ੍ਹਾਂ ਨੇ ਸਖਤ ਮਿਹਨਤ ਤੇ ਲਗਨ ਨਾਲ ਲੋਕਾਂ ਦਾ ਪਿਆਰ ਪਾਇਆ ਹੈ। ਲੇਕਿਨ ਲੱਚਰ ਗਾਉਣ ਵਾਲੇ ਅਸਲ ਵਿਚ ਗਾਇਕ ਨਹੀਂ ਹੁੰਦੇ ਸਗੋਂ ਲੱਚਰਤਾ ਦੇ ਸਹਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਇਹ ਲੱਚਰ ਗੀਤ ਗਾਉਣ ਵਾਲੇ ਪੰਜਾਬੀ ਸੱਭਿਆਚਾਰ ਨੁੰ ਬਦਨਾਮ ਕਰ ਰਹੇ ਹਨ। ਅਜਿਹੇ ਗਾਇਕ ਕੁਝ ਸਮੇਂ ਲਈ ਆਪਣੀਆਂ ਕੈਸਟਾਂ ਦੀ ਵਿਕਰੀ ਵਧਾ ਸਕਦੇ ਹਨ ਪ੍ਰੰਤੂ ਆਪਣਾ ਨਾਮ ਪੰਜਾਬੀ ਗਾਇਕੀ ਦੇ ਖੇਤਰ ਚ ਮੋਟੇ ਅੱਖਰਾਂ ਨਾਲ ਨਹੀਂ ਲਿਖਵਾ ਸਕਦੇ। ਇਸ ਕਰਕੇ ਜੇਕਰ ਕਿਸੇ ਗਾਇਕ ਨੇ ਪੰਜਾਬੀ ਗਾਇਕੀ ਦੇ ਆਸਮਾਨ ਚ ਸਿਤਾਰਾ ਬਣਕੇ ਜ਼ਿਆਦਾ ਦੇਰ ਤੱਕ ਚਮਕਣਾ ਹੈ ਤਾਂ ਉਸਨੂੰ ਪੂਰੀ ਲਗਨ ਨਾਲ ਮਿਹਨਤ ਤੇ ਰਿਆਜ਼ ਦੀ ਲੋੜ ਹੈ ਨਾ ਕਿ ਲੱਚਰਤਾ ਦੇ ਸਹਾਰੇ ਦੀ।

ਗੁਰਮਿੰਦਰ ਪਾਲ ਸਿੰਘ ਆਹਲੂਵਾਲੀਆ

ਕੀ ਅਸੀਂ ਕਦੇ ਸੋਚਿਐ ……………?

ਕਿ,
ਥੋੜ੍ਹੇ ਬਹੁੱਤ ਬਚੇ ਪਿੰਡਾਂ ਵਿਚ ਵੀ ਆਖਰੀ ਸਾਹਾਂ ਤੇ ਆਏ ਸੱਭਿਆਚਾਰਕ ਜੀਵਨ ਦੇ ਕੁੱਝ ਹਿੱਸਿਆਂ ਨੁੰ ਸੰਜੀਵ ਰੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਜਾਣਕਾਰੀ ਲਈ ਅਸੀਂ :

ਤ੍ਰਿੰਝਣ ਵਿਚ ਕੁੜੀਆਂ ਚਿੜੀਆਂ ਦੇ ਚੋਲ੍ਹਰ ਨੁੰ ਕੈਮਰੇ ਦੀ ਅੱਖ ਰਾਹੀਂ ਉਸਦੇ ਪੇਟ ਵਿਚ ਸਮੋਂ ਕੇ ਰੱਖ ਲਈਏ ਤੇ ਅਜੇਹੇ ਮਹੌਲ ਨੁੰ ਵੀਡੀਓ ਕੈਸਿਟਾਂ ਰਾਹੀਂ ਨੌਜਵਾਨ ਪੀੜ੍ਹੀਆਂ ਦੇ ਰੂ-ਬ-ਰੂ ਕਰੀਏ।

ਕਢਾਈ, ਕਰੋਸ਼ੀਏ ਅਤੇ ਕਸ਼ੀਦਾਕਾਰੀ ਦੇ ਦਿਲਕਸ਼ ਨਮੂਨੇ, ਬੋਤਲ ਵਿਚ ਮੰਜੇ ਬੁਣਨੇ ਅਤੇ ਬੋਤੇ ਜਿਹੇ ਵਿਸ਼ਾਲ ਆਕਾਰ ਖੜ੍ਹੇ ਕਰਨ ਦੀਆਂ ਸੂਖਮ ਕਲਾਵਾਂ ਦੇ ਦਿਲਕਸ਼ ਨਮੂਨੇ, ਸਾਂਭ ਕੇ ਰੱਖ ਲਈਏ ਜੋ ਚਿਰਾਂ ਤੱਕ ਸਾਨੁੰ ਖੁਸ਼ੀ ਤੇ ਫਖ਼ਰ ਦੀ ਘੜੀ ਬਖਸ਼ਦੇ ਰਹਿਣਗੇ।

ਜਨਮ ਸਮੇਂ ਦੇ ਗੀਤ ਦਾਦੀ ਮਾਂ ਦੀਆਂ ਲੋਰੀਆਂ ਅਤੇ ਥਾਲ ਆਦਿ ਸਾਂਭਣ ਲਈ ਯਤਨਸ਼ੀਲ ਹੋਈਏ।

ਪੇਂਡੂ ਖੇਲ੍ਹਾਂ ਕਬੱਡੀ, ਸੱਤ-ਡੀਟ੍ਹੀ, ਗੁੱਲੀ ਡੰਡਾ, ਕੋਟਲਾ ਛਪਾਕੀ, ਲੁਕਣ-ਮੀਟੀ, ਡੰਡਾ-ਡੁੱਕ, ਲੱਲ੍ਹ-ਮਲੱਲ੍ਹੀ, ਖੇਡਾਂ, ਪਿਲ-ਚੋਟ, ਅਖਰੋਟਾਂ ਦੀ ਖੇਡ, ਬੋਰੀ ਚੁੱਕਣਾ, ਮੁਗਧਰ ਚੁਕਣਾ, ਮੂੰਗਲੀਆਂ ਫੇਰਨਾ ਜਿਹੇ ਸ਼ੌਕ ਨੁੰ ਨਵੀਂ ਪੀੜ੍ਹੀ ਵਿਚ ਬਰਕਰਾਰ ਰੱਖਣ ਲਈ ਹੰਭਲਾ ਮਾਰੀਏ।

ਮੰਗਣੇ ਅਤੇ ਵਿਆਹ ਸਮੇਂ ਗਾਏ ਜਾਂਦੇ ਗੀਤ, ਘੋੜੀਆਂ, ਸੁਹਾਗ ਸਿਠਣੀਆਂ, ਹੇਰ੍ਹੇ, ਜੰਨ ਬੰਨਣਾਂ, ਜੰਨ ਛੁਡਾਉਣੀ ਆਦਿ ਦੀਆਂ ਆਡੀਓ ਕੈਸਟਾ ਭਰਕੇ ਰੱਖ ਲਈਏ।

ਖੁਸ਼ੀ ਦੇ ਪਲਾਂ ਚ ਖੁਸ਼ੀ ਸਾਂਝੀ ਕਰਨ ਲਈ ਆਏ ਰਿਸ਼ਤੇਦਾਰ, ਮਿੱਤਰ, ਸਨੇਹੀ ਜਦੋਂ ਮੇਲੀਆਂ (ਨਾਨਕਾ ਮੇਲ) ਦੇ ਰੂਪ ਵਿਚ ਮਿਲਦੇ ਹਨ, ਅਜਿਹੇ ਪਲਾਂ ਨੁੰ ਸਾਂਭ ਲਈਏ।

ਪੁਰਾਣੇ ਢਾਡੀਆਂ ਵੱਲੋਂ, ਕਵੀਸ਼ਰਾਂ ਵੱਲੋਂ ਦੋਤਾਰੇ ਅਤੇ ਆਲਗੋਜਿਆਂ ਨਾਲ ਗਾਉਣ ਵਾਲੇ ਗਵੱਈਆਂ ਦੀਆਂ ਯਾਦਗਾਰੀ ਰਚਨਾਵਾਂ ਨੁੰ ਸਾਂਭਣ ਲਈ ਤੇ ਇਸ ਦੀ ਖੁਰਦੀ ਜਾ ਰਹੀ ਕਲਾ ਨੁੰ ਜੀਵਤ ਰੱਖਣ ਲਈ ਸਾਰਥਕ ਕਦਮ ਚੁਕੀਏ।

ਪੰਜਾਬੀ ਲੋਕ ਸਾਜ਼ਾਂ ਢੋਲ, ਅਲਗੋਜ਼ੇ, ਢੋਲਕੀ, ਚਿਮਟਾ, ਸੱਪ, ਤੂੰਬਾ, ਕਾਟੇ ਘੜਾ ਘੜੋਲੀ, ਬੁਗਦੂ ਢੱਡ, ਆਦਿ ਦੀ ਸੰਭਾਲ ਕਰੀਏ ਤੇ ਇਸ ਨੁੰ ਵਜਾਉਣ ਦੇ ਢੰਗ ਤਰੀਕੇ ਨਵੀਆਂ ਪੀੜ੍ਹੀਆਂ ਨੁੰ ਸਿਖਾਈਏ।

ਨਵੀਂ ਪੀੜ੍ਹੀ ਵਿਚੋਂ ਵਿਸਰ ਰਹੀਆਂ ਸਭਿਆਚਾਰਕ ਕਦਰਾਂ ਕੀਮਤਾਂ ਕੇ ਵੱਡੇ ਨੂੰ ਸਤਿਕਾਰਨ ਅਤੇ ਛੋਟੇ ਨੁੰ ਪਿਆਰਨ ਦੀ ਜਾਚ ਤੇ ਲਗਨ ਬਰਕਰਾਰ ਰੱਖਣ ਲਈ ਇਨ੍ਹਾਂ ਨੁੰ ਉਹੀ ਪੁਰਾਣੀ ਵਿਰਸੇ ਵਾਲੀ ਜੀਵਨ ਜਾਚ ਨਾਲ ਜੋੜੀ ਰੱਖਣ ਲਈ ਤਾਣ ਲਈਏ।

ਧੀਆਂ ਭੈਣਾਂ ਨੂੰ ਅਜਿਹਾ ਪਹਿਰਾਵਾ ਪਹਿਨਣ ਦੀ ਖੁੱਲ੍ਹ ਨਾ ਦੇਈਏ ਜਿਸ ਨਾਲ ਧੀ-ਭੈਣ ਦੀ ਸ਼ਰਮ ਉਤੇ ਅਤੇ ਸਾਡੇ ਲਈ ਧੋਣ ਅਕੜਾ ਕੇ ਚੱਲਣ ਤੇ ਹਲਫ ਆਉਂਦੀ ਹੋਵੇ।

ਪੱਛਮੀ ਪ੍ਰਭਾਵ ਤੋਂ ਬਚਾ ਕੇ ਵਿਰਸੇ ਵਿਚ ਮਿਲੇ ਲੋਕ-ਨਾਚ ਭੰਗੜਾ ਤੇ ਗਿੱਧੇ ਨੁੰ ਇਸ ਦੇ ਮੋਲਿਕ ਰੂਪ ਵਿਚ ਸਾਂਭਣ ਲਈ ਯਤਨਸ਼ੀਲ ਹੋਈਏ।

ਪੰਜਾਬੀ ਗਾਇਕੀ ਨੁੰ ਲੱਚਰ ਗਾਇਕੀ ਰਹਿਤ ਰੱਖ ਕੇ ਸੱਭਿਆਚਾਰਕ ਕਦਰਾਂ ਕੀਮਤਾਂ ਨੁੰ ਉੱਚਾ ਰੱਖਣ ਲਈ ਹੰਭਲਾ ਮਾਰੀਏ ਤੇ ਲੱਚਰ ਗਾਇਕੀ ਵਾਲੇ ਗੀਤਕਾਰਾਂ ਅਤੇ ਗਵੱਈਆਂ ਨੁੰ ਨਕਾਰ ਕੇ ਸਦਾਚਾਰਕ ਗਾਇਕੀ ਵਾਲੇ ਗੀਤਕਾਰਾਂ ਅਤੇ ਗਾਇਕਾਂ ਨੂੰ ਸਤਿਕਾਰੀਏ।

ਜੇਕਰ ਸਰਕਾਰ ਅਜਿਹੇ ਕਦਮ ਚੁਕਣ ਲਈ ਅਵੇਸਲੀ ਹੈ ਤਾਂ ਸੱਭਿਆਚਾਰਕ ਸੰਸਥਾਵਾਂ ਅਜਿਹਾ ਮੰਤਵ ਹਾਸਲ ਕਰਨ ਲਈ ਦ੍ਰਿੜ੍ਹ ਸੰਕਲਪ ਹੋ ਕੇ ਅੱਗੇ ਆਉਣ ਤੇ ਉਸਾਰੂ ਸੋਚ ਰੱਖਦੇ ਹੋਏ ਇਸਨੂੰ ਜਨਤਕ ਲਹਿਰ ਬਣਾ ਕੇ ਪੰਜਾਬੀ ਸੱਭਿਆਚਾਰ ਦੇ ਪਾਸਾਰੇ ਲਈ ਸਮ੍ਰਪਿਤ ਹੋਣ।ਸੋ ਆਉ ਆਪਾਂ ਪੰਜਾਬੀ ਸੱਭਿਆਚਾਰ ਨੂੰ ਵਿਕਸਿਤ ਕਰਨ ਲਈ ਪ੍ਰੋ: ਮੋਹਣ ਸਿੰਘ ਦੇ ਸੁਪਨਿਆਂ ਦਾ ਪੰਜਾਬ ਤਾਬੀਰ ਕਰੀਏ :ਪ੍ਰੋ: ਪੂਰਨ ਸਿੰਘ ਦੀ ਖੁੱਲ੍ਹ-ਦਿਲੀ ਵਾਲਾ ਅਤੇ ਧਨੀ ਰਾਮ ਚਾਤ੍ਰਿਕ ਦੇ ਜਿਹਨ ਵਿਚ ਉਕਰੇ ਪੰਜਾਬ ਦਾ ਅਕਸ਼ ਸਾਕਾਰ ਕਰੀਏ। ਆਮੀਨ !

ਗੁਰਮਿੰਦਰ ਪਾਲ ਸਿੰਘ ਆਹਲੂਵਾਲੀਆ


001416 500 9331

canadian punjabi champs