ਭਾਰਤ ਦੇ ਇਤਿਹਾਸ ਵਿੱਚ ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਹੈ। ਕਈ ਸਦੀਆਂ ਮੁਗਲ ਧਾੜਵੀਆਂ ਤੋਂ ਹਮੇਸ਼ਾਂ ਭਾਰਤ ਦੀ ਢਾਲ ਬਣਿਆ ਹੈ ਪੰਜਾਬ। ਪੰਜਾਬੀਆਂ ਦੀ ਬਹਾਦਰੀ ਸਦਕਾ ਹੀ ਪੰਜਾਬ ਸਭ ਤੋਂ ਘੱਟ ਸਮੇਂ ਲਈ ਗੁਲਾਮ ਰਿਹਾ। ਅਜ਼ਾਦੀ ਦੀ ਲੜਾਈ ਵਿਚ ਸਭ ਤੋਂ ਵੱਧ ਯੋਗਦਾਨ ਪੰਜਾਬੀਆਂ ਨੇ ਪਾਇਆ ਅਤੇ ਸਭ ਤੋਂ ਵੱਧ ਨੁਕਸਾਨ ਵੀ ਪੰਜਾਬੀਆਂ ਦਾ ਹੀ ਹੋਇਆ। ਅਜ਼ਾਦ ਹੋਣ ਸਮੇਂ ਹੋਈ ਦੇਸ਼ ਦੀ ਵੰਡ ਨਾਲ ਜਿੱਥੇ ਅੱਧਾ ਪੰਜਾਬ ਪਾਕਿਸਤਾਨ ਵਿਚ ਚਲਾ ਗਿਆ, ਉਥੇ ਬਹੁਤ ਸਾਰੇ ਪਵਿੱਤਰ ਗੁਰਦੂਆਰਿਆ ਦੇ ਦਰਸ਼ਨਾ ਤੋਂ ਵੀ ਸਿੱਖ ਵਾਂਝੇ ਹੋ ਗਏ। ਹੁਣ ਹਰ ਰੋਜ਼ ਅਰਦਾਸ ਵਿੱਚ ਅਸੀਂ ਇਹ ਬੇਨਤੀ ਕਰਦੇ ਹਾਂ ਕਿ, ”ਸੱਚੇ ਪਾਤਸ਼ਾਹ ਉਨ੍ਹਾਂ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਇਸ਼ਨਾਨ ਅਤੇ ਸੇਵਾ ਸੰਭਾਲ ਦਾ ਦਾਨ ਬਖ਼ਸ਼ੋ ਜਿਨ੍ਹਾ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ।” ਸਾਨੂੰ ਭਾਵੇਂ ਕੁੱਝ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਨ੍ਹਾਂ ਬੇਨਤੀਆਂ-ਜੋਦੜੀਆਂ ਦਾ ਹੀ ਫਲ ਹੈ ਕਿ ਅਸੀਂ ਉਨ੍ਹਾਂ ਵਿਛੜੇ ਗੁਰਧਾਮਾਂ ਦੇ ਦਰਸ਼ਨ ਕੁਝ ਦਿਨਾਂ ਲਈ ਸਾਲ ਵਿੱਚ ਕਈ ਵਾਰ ਕਰ ਸਕਦੇ ਹਾਂ। ਮੈਨੂੰ ਵੀ ਇਸ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 544ਵੇਂ ਪ੍ਰਕਾਸ਼ ਉਤਸਵ (ਗੁਰਪੁਰਬ) ਮੌਕੇ ਇਨ੍ਹਾਂ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਦਾ ਮੌਕਾ ਮਿਲਿਆ। ਮੇਰੀ ਇਹ ਖੁਸ਼ ਕਿਸਮਤੀ ਸੀ ਕਿ ਮੈਂ ਅਜ਼ਾਦ ਤੌਰ ਤੇ ਜਾਣ ਵਾਲਾ ਇਸ ਜੱਥੇ ਦਾ ਸਭ ਤੋਂ ਛੋਟੀ ਉਮਰ ਦਾ ਮੈਂਬਰ ਸੀ। ਕੁੱਝ ਬੱਚੇ ਮੇਰੇ ਤੋਂ ਛੋਟੀ ਉਮਰ ਦੇ ਸਨ ਪਰ ਉਹ ਆਪਣੇ ਮਾਤਾ ਪਿਤਾ ਨਾਲ ਜਾ ਰਹੇ ਸਨ। ਯਾਤਰਾ ਤੇ ਜਾਣ ਤੋਂ ਕੁੱਝ ਦਿਨ ਪਹਿਲਾਂ ਭਾਰਤ ਸਰਕਾਰ ਵੱਲੋਂ ਮੁੰਬਈ ਕਤਲੋਗਾਰਤ ਦੇ ਦੋਸ਼ੀ ਅਜਮਲ ਕਸਾਬ ਨੂੰ ਚੁੱਪ ਚੁਪੀਤੇ ਫਾਂਸੀ ਚਾੜ ਦੇਣ ਕਾਰਨ ਮਾਹੋਲ ਉਨ੍ਹਾਂ ਖੁਸ਼ਗਵਾਰ ਨਹੀਂ ਰਿਹਾ ਸੀ। ਪਾਕਿਸਤਾਨੀਆਂ ਵੱਲੋਂ ਵੀ ਜੱਥੇ ਤੇ ਹਮਲਾ ਕਰ ਦੇਣ ਦੀਆਂ ਅਫਵਾਹਾਂ ਫੈਲ ਰਹੀਆਂ ਸਨ। ਪਰਿਵਾਰ ਇਕੱਠਾ ਹੋਣ ਕਰਕੇ ਬਹੁਤ ਸਾਰੇ ਮੈਂਬਰ ਮੈਨੂੰ ਇਸ ਵਾਰ ਨਾ ਜਾਣ ਲਈ ਕਹਿ ਰਹੇ ਸਨ। ਮੇਰੇ ਦਾਦਾ ਜੀ ਦੇ ਇਹ ਸ਼ਬਦ, ”ਕੀ ਇਸ ਵਾਰੀ ਉਥੇ ਜਾਏ ਬਿਨਾਂ ਸਰਦਾ ਨੀ ਅਗਲੀ ਵਾਰੀ ਚਲਿਆ ਜਾਂਈ, ਮਹੌਲ ਠੀਕ ਨੀ, ਉਨ੍ਹਾਂ ਨੇ ਵੀ ਜੱਥੇ ਤੇ ਹਮਲਾ ਕਰਨ ਦੀ ਧਮਕੀ ਦਿੱਤੀ ਐ।” ਮੇਰੇ ਤਾਇਆ ਜੀ ਦੇ ਦੋਸਤ ਪ੍ਰਸਿੱਧ ਚਿੱਤਰਕਾਰ ਗੋਬਿੰਦਰ ਸੋਹਲ (ਜਿਨਾਂ ਨੂੰ ਪੰਜਾਬੀਆਂ ਦਾ ਨਿਡਰ ਯੋਧਾ ਰਿਵਾਲਵਰ ਫੜੀ ਖੜਾ ਭਗਤ ਸਿੰਘ ਅਤੇ ਸਿੱਖ ਕੌਮ ਤੋਂ ਆਪਣਾ ਸਮੁੱਚਾ ਪਰਿਵਾਰ ਵਾਰ ਦੇਣ ਵਾਲੀ ਮਾਤਾ ਗੁਜਰੀ ਤੇ ਛੋਟੇ ਸਾਹਿਬਜਾਦਿਆਂ ਦੀ ਬਹੁਤ ਮਕਬੂਲ ਹੋਈ ਪੇਟਿੰਗ ਬਣਾਉਣ ਦਾ ਮਾਣ ਹਾਸਲ ਹੈ) ਜੋ ਕਈ ਸਾਲਾਂ ਤੋਂ ਇਕੱਠੇ ਪਾਕਿਸਤਾਨ ਜਾਣ ਦੇ ਲਾਰੇ ਲਗਾ ਰਹੇ ਹਨ ਤੇ ਹਰ ਪ੍ਰੋਗਰਾਮ ਤੇ ”ਲੈ ਬਈ ਦੀਪੂ ਆਪਾ ਅਗਲੀ ਵਾਰੀ ਜਰੂਰ ਚੱਲਾਂਗੇ, ਤੂੰ ਮੈਨੂੰ ਪਹਿਲਾਂ ਦਸ ਦੇਈ” ਆਖ ਕੇ ਸਾਰ ਦਿੰਦੇ ਸਨ, ਵੀ ਇਕ ਦਿਨ ਪਹਿਲਾ ਆ ਕੇ ਦਸਦੇ ਹਨ, ”ਕੀ ਬਣਿਆ ਬਈ ਦੀਪੂ, ਮੈਂ ਸੁਣਿਆ ਜਥੇ ਦੇ ਜਾਣ ਦਾ ਪ੍ਰੋਗਰਾਮ ਤਾਂ ਕੈਂਸਲ ਹੋ ਗਿਆਂ।” ਪਰ ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਅਸੀਂ ਹੁਣੇ ਹੀ ਸ੍ਰੋਮਣੀ ਕਮੇਟੀ ਦੇ ਦਫਤਰ ਤੋਂ ਪਤਾ ਕੀਤਾ ਹੈ, ਮੈਨੂੰ ਵੀਜਾ ਮਿਲ ਗਿਆ ਹੈ ਅਤੇ ਪਰਸੋਂ ਸਵੇਰੇ ਜਥਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਰਵਾਨਾ ਹੋਵੇਗਾ, ਆਖਣ ਲਗੇ, ”ਬੱਚ ਕੇ ਰਹੀ ਮਹੌਲ ਠੀਕ ਨੀ ਹੈਗਾ, ਜੇ ਉਧਰ ਕੋਈ ਝਗੜਾ ਹੋ ਗਿਆ ਤਾਂ ਬਹੁਤੀ ਸਿੱਖੀ ਦਿਖਾਉਣ ਦੀ ਲੋੜ ਨੀ ਚੁੱਪ ਕਰਕੇ ਵਾਪਸ ਖਿਸਕ ਲੀਂ, ਜੇ ਮਹੋਲ ਠੀਕ ਹੋਇਆ ਤਾਂ ਬਜ਼ਾਰ ਜਾਈ ਜੇ ਸਮਾਨ ਨਾ ਵੀ ਆਇਆ ਤਾਂ ਐਡੀ ਕੋਈ ਲੋੜ ਨੀ।” (ਕਿਉਂਕਿ ਉਨ੍ਹਾਂ ਨੇ ਮੈਨੂੰ ਉਧਰੋ ਰੰਗ ਅਤੇ ਪਾਕਿਸਤਾਨੀ ਕਮੇਡੀ ਡਰਾਮਿਆਂ ਦੀਆਂ ਸੀæਡੀæ ਲਿਆਉਣ ਲਈ ਆਖਿਆ ਹੋਇਆ ਸੀ) ਮਾਹੋਲ ਦੇ ਮੱਦੇਨਜ਼ਰ ਕੋਈ ਵੇ ਮੇਰੇ ਜਾਣ ਨੂੰ ਠੀਕ ਨਹੀਂ ਸਮਝ ਰਿਹਾ ਸੀ। ਇਕ ਮੇਰੇ ਤਾਇਆ ਹੀ ਤੇ ਦੂਜੀ ਮੇਰੀ ਮਾਤਾ ਜੋ ਬਹੁਤ ਛੋਟੇ ਦਿਲ ਦੀ ਹੈ, ਪਰ ਗੁਰੂ ਤੇ ਉਸ ਨੂੰ ਪੂਰੀ ਆਸਥਾ ਹੈ ਨੇ ਦਿਲ ਕਰੜਾ ਕਰਕੇ ਅਜਿਹੇ ਘਰੇਲੂ ਤੇ ਅੰਤਰਰਾਸ਼ਟਰੀ ਮਹੋਲ ਵਿਚ ਆਪਣੇ ਇਕਲੋਤੇ ਪੁੱਤਰ ਨੂੰ ਗੁਰੂ ਨਾਨਕ ਦੇਵ ਜੀ ਜਨਮ ਭੂਮੀ ਦੇ ਦਰਸ਼ਨ ਕਰਨ ਦੀ ਇਜਾਜਤ ਦੇ ਦਿੱਤੀ, ਅਤੇ ਮੈਂ ਚਾਚਾ ਸਮਾਨ ਗੁਆਢੀ ਸਤਨਾਮ ਸਿੰਘ ਨਾਲ ਪਟਿਆਲੇ ਤੋਂ ਚਲ ਪਿਆ। ਸਾਡੀ ਇਸ ਯਾਤਰਾ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ ਸੀ। ਯਾਤਰੀਆਂ ਨੂੰ ਜਿਸ ਦਿਨ ਸਵੇਰੇ ਜਾਣਾ ਸੀ ਤੋਂ ਪਹਿਲੇ ਦਿਨ ਸ਼ਾਮ 4 ਵਜੇ ਵੀਜਾ ਲੱਗੇ ਪਾਸਪੋਰਟ ਦਿੱਤੇ ਗਏ। ਜਿਨ੍ਹਾਂ ਨੂੰ ਵੀਜੇ ਨਹੀਂ ਲੱਗੇ ਉਨ੍ਹਾਂ ਨੂੰ ਸ੍ਰੀ ਅੰਮ੍ਰਿਤਸਰ ਤੋਂ ਹੀ ਵਾਪਸ ਮੁੜਨਾ ਪਿਆ। ਅਟਾਰੀ ਸਟੇਸ਼ਨ ਤੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸੀ। ਸਟੇਸ਼ਨ ਨੇ ਯਾਤਰੂਆਂ ਲਈ ਲੰਗਰ ਦਾ ਬਹੁਤ ਵਧੀਆਂ ਪ੍ਰਬੰਧ ਕੀਤਾ ਗਿਆ ਸੀ। ਇਕੱਠ ਜ਼ਿਆਦਾ ਹੋਣ ਕਾਰਨ ਸੰਗਤਾਂ ਇਮੀਗ੍ਰੇਸ਼ਨ ਹਾਲ ਅੰਦਰ ਜਾਣ ਲਈ ਧੱਕਾ ਮੁਕੀ ਹੁੰਦੀਆਂ ਰਹੀਆਂ। ਹਾਲ ਅੰਦਰ ਵੱਖਰੇ-ਵੱਖਰੇ ਰਾਜਾਂ ਦੇ ਨਾਵਾਂ ਦੀਆਂ ਕਤਾਰਾਂ ਬਣੀਆਂ ਹੋਈਆਂ ਸਨ। ਇਮੀਗ੍ਰੇਸ਼ਨ ਤੋਂ ਫਾਰਗ ਹੋ ਕਿ ਯਾਤਰੀ ਵੇਟਿੰਗ ਹਾਲ ਵਿਚ ਜਾ ਬੈਠੇ। ਇਕ ਗੱਡੀ ਸਵੇਰੇ ਜਾ ਚੁੱਕੀ ਸੀ ਦੂਜੀ ਗੱਡੀ ਕਾਫੀ ਲੇਟ ਸ਼ਾਮ ਨੂੰ ਆਈ ਜਿਸ ਤੇ ”ਸਿੱਖ ਪਿਲਗ੍ਰਿਮ ਸਪੈਸ਼ਲ” ਲਿਖਿਆ ਹੋਇਆ ਸੀ। ਯਾਤਰੀਆਂ ਨੂੰ ਬਿਠਾ ਕੇ ਗੱਡੀ ਆਪਣੇ ਨਿਸ਼ਾਨੇ ਵੱਲ (ਸ੍ਰੀ ਨਨਕਾਣਾ ਸਾਹਿਬ) ਤੁਰ ਪਈ। ਜਾਣ ਲੱਗਿਆ ਅਟਾਰੀ ਭਾਰਤ ਦਾ ਆਖਰੀ ਸਟੇਸ਼ਨ ਹੈ ਤੇ ਵਾਹਗਾ ਪਾਕਿਸਤਾਨ ਦਾ ਪਹਿਲਾ ਸਟੇਸ਼ਨ। ਅਟਾਰੀ ਤੋਂ ਵਾਹਗੇ ਦਾ ਫਾਸਲਾ ਲਗਭੱਗ ਇਕ ਕਿਲੋਮੀਟਰ ਹੈ। ਇਸ ਇਕ ਕਿਲੋਮੀਟਰ ਵਿੱਚ ਪੋਣੇ ਕਿਲੋਮੀਟਰ ਦੇ ਰਸਤੇ ਤੇ (ਜੋ ਕਿ ਭਾਰਤ ਵਾਲੇ ਪਾਸੇ ਹੈ) ਕੰਡਿਆਲੀ ਤਾਰ ਲਗੀ ਹੋਈ ਹੈ ਜੋ ਕਿ ਸਰਹੱਦ ਤੇ ਲੱਗੀ ਤਾਰ ਨਾਲ ਜਾ ਮਿਲਦੀ ਹੈ ਇਸ ਪੌਣੇ ਕਿਲੋਮੀਟਰ ਵਿਚ ਰੇਲ ਗੱਡੀ ਦੇ ਦੋਨੋ ਪਾਸੇ ਭਾਰਤੀ ਸੀਮਾ ਸੁਰੱਖਿਆ ਬੱਲ ਦੇ ਜਵਾਨ ਘੋੜਿਆਂ ਅਤੇ ਗੱਡੀਆਂ ਤੇ ਰੇਲ ਗੱਡੀ ਦੇ ਬਰਾਬਰ ਦੌੜਦੇ ਹਨ। ਸਰਹੱਦ ਨੇੜੇ ਪਹੁੰਚ ਕੇ ਗੱਡੀ ਰੁਕ ਜਾਂਦੀ ਹੈ ਤੇ ਕਾਗਜ਼ੀ ਕਾਰਵਾਈ ਤੋਂ ਬਾਅਦ ਗੇਟ ਖੋਲ ਕੇ ਰੇਲ ਗੱਡੀ ਨੂੰ ਪਾਕਿਸਤਾਨ ਵਿਚ ਦਾਖਲ ਹੋਣ ਦੀ ਇਜਾਜਤ ਦੇ ਦਿੱਤੀ ਜਾਂਦੀ ਹੈ। ਗੇਟ ਤੋਂ ਥੋੜਾ ਅੱਗੇ ਭਾਰਤ ਅਤੇ ਪਾਕਿਸਤਾਨ ਦੀ ਹੱਦ ਕਰਦੀ ਵੱਟ ਤੇ ਚਿੱਟੀਆਂ ਬੁਰਜੀਆਂ ਲੱਗੀਆਂ ਹੋਈਆਂ ਸਨ। ਇਨ੍ਹਾਂ ਬੁਰਜੀਆਂ ਤੋਂ ਅੱਗੇ ਪਾਕਿਸਤਾਨ ਦੀ ਜ਼ਮੀਨ ਸ਼ੁਰੂ ਹੋ ਜਾਂਦੀ ਹੈ। ਕੁਝ ਮਿੰਟ ਬਾਅਦ ਹੀ ਅਸੀਂ ਪਾਕਿਸਤਾਨ ਦੀ ਧਰਤੀ ਤੇ ਸੀ। ਪਰੰਤੂ ਚਿੜੀਆਂ ਦੀ ਚੀæਚੀæ ਵਿਚ ਕੋਈ ਫਰਕ ਨਹੀਂ ਸੀ। ਹਵਾ ਦੇ ਬੁਲਿਆਂ ਨੂੰ ਵਾੜ ਦੇ ਆਰ ਪਾਰ ਜਾਣ ਤੋਂ ਕੋਈ ਨਹੀਂ ਰੋਕ ਰਿਹਾ ਸੀ। ਹੋਰ ਪੰਛੀ ਵੀ ਇਕ ਪਾਸਿਓ ਚੁਗ ਕੇ ਦੂਜੇ ਪਾਸੇ ਆਪੋ ਆਪਣੇ ਆਲ੍ਹਣਿਆ ਨੂੰ ਉੱਡੇ ਜਾ ਰਹੇ ਸਨ। ਡੁੱਬ ਰਹੇ ਸੂਰਜ ਦੀ ਰੌਸਨੀ ਬਿਨ੍ਹਾਂ ਕਿਸੇ ਵਿਤਕਰੇ ਤੋਂ ਦੋਨੋ ਪਾਸੇ ਇਕੋ ਜਿਹਾ ਨਿੱਘ ਪ੍ਰਦਾਨ ਕਰ ਰਹੀ ਸੀ। ਘਾਹ ਪੱਠੇ ਸਾਡੇ ਵਰਗੇ ਹੀ ਸਨ ਮੱਝਾਂ ਸਾਡੇ ਵਰਗੀਆਂ ਹੀ ਸਨ। ਪਰੰਤੂ ਸ਼੍ਰਿਸਟੀ ਦੇ ਸਭ ਤੋਂ ਬੁੱਧੀਮਾਨ ਜੀਵ ਦੇ ਪਹਿਰਾਵੇ ਤੋਂ ਇਹ ਅਹਿਸਾਸ ਹੋਇਆ ਕਿ ਅਸੀਂ ਪਾਕਿਸਤਾਨ ਪਹੁੰਚ ਗਏ ਹਾਂ। ਇਕ ਪਾਕਿਸਤਾਨੀ ਕੁੜਤਾ-ਸਲਵਾਰ ਪਾਈ ਡੰਗਰ ਚਾਰ ਰਿਹਾ ਸੀ, ਸਰਹੱਦ ਤੇ ਖੜੋਤੇ ਰਾਖਿਆਂ ਦੀਆਂ ਵਰਦੀਆਂ ਬਦਲ ਗਈਆਂ ਸਨ। ਵਾਹਗਾ ਸਟੇਸ਼ਨ ਤੇ ਪਹੁੰਚਦੇ ਸਾਰ ਹੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨੀ ਅਧਿਕਾਰੀਆਂ ਨੇ ਬੜੀ ਗਰਮਜੋਸ਼ੀ ਨਾਲ ਜੱਥੇ ਦਾ ਸੁਆਗਤ ਕੀਤਾ। ਸਟੇਸ਼ਨ ਬਹੁਤ ਹੀ ਖੂਬਸੂਰਤ ਤੇ ਸਾਫ਼ ਸੁਥਰਾ ਸੀ। ਸਾਰੇ ਯਾਤਰੀਆਂ ਨੂੰ ਇੱਕ ਇੱਕ ਕਰਕੇ ਗੱਡੀ ਵਿਚੋ ਉਤਰਨ ਲਈ ਕਿਹਾ ਗਿਆ। ਸੁਰੱਖਿਆ ਦਾ ਭਾਰ ਹੁਣ ਪਾਕਿਸਤਾਨੀ ਅਧਿਕਾਰੀਆਂ ਦੇ ਸਿਰ ਸੀ। ਸਟੇਸ਼ਨ ਦੇ ਅੰਦਰ ਹੀ ਕਰੰਸੀ ਤਬਦੀਲ ਕਰਨ ਲਈ ਨੈਸ਼ਨਲ ਬੈਂਕ ਆਫ਼ ਪਾਕਿਸਤਾਨ, ਹਬੀਬ ਬੈਂਕ ਲਿਮਟਿਡ ਅਤੇ ਹੋਰ ਪ੍ਰਾਈਵੇਟ ਕਰੰਸੀ ਤਬਦੀਲ ਕਰਨ ਦੇ ਕਾਉਂਟਰ ਲੱਗੇ ਹੋਏ ਸਨ। ਇਮੀਗ੍ਰੇਸ਼ਨ ਤੋਂ ਵੇਹਲੇ ਹੋ ਕਿ ਯਾਤਰੀ ਟਿਕਟ ਲੈਣ ਲਗੇ ਜੋ ਕਿ ਪੂਰੀ ਯਾਤਰਾ ਲਈ 950 ਰੁ: (ਪਾਕਿਸਤਾਨੀ ਰੁਪਏ) ਦੀ ਸੀ। ਇਥੇ ਹੀ ਸਾਰੇ ਯਾਤਰੀਆਂ ਦੇ ਪਾਸਪੋਰਟ ਜਮਾਂ ਕਰਵਾ ਲਏ ਗਏ ਅਤੇ ਯਾਤਰਾ ਦੌਰਾਨ ਨਿਵਾਸ ਲਈ ਕਮਰਾ ਨੰ: ਅਲਾਟ ਕਰ ਦਿੱਤੇ ਗਏ। ਸਾਰੇ ਯਾਤਰੀਆਂ ਨੂੰ ਪ੍ਰੋਗਰਾਮ ਦਾ ਵੇਰਵਾ ਬਹੁਤ ਹੀ ਸੋਹਣੇ ਤਰੀਕੇ ਨਾਲ ਛਪਿਆ ਹੋਇਆ ਵੰਡਿਆ ਗਿਆ। ਲੰਗਰ ਦਾ ਪ੍ਰਬੰਧ ਬੜੇ ਸੋਹਣੇ ਟੈਂਟਾਂ ਹੇਠ ਕੀਤਾ ਗਿਆ ਜੋ ਕਿ ਪੁਰਾਣੇ ਬਾਂਸਾਂ ਵਾਲੇ ਸਨ ਉਸੇ ਤਰ੍ਹਾਂ ਦੀਆਂ ਹੀ ਕਨਾਤਾਂ ਸਨ। ਲੰਗਰ ਛੱਕਣ ਉਪਰੰਤ ਯਾਤਰੀ ਟਿਕਟਾਂ ਤੇ ਸੀਟ ਨੰ: ਲਗਵਾ ਕੇ ਆਪੋ ਆਪਣੀਆਂ ਸੀਟਾਂ ਤੇ ਜਾ ਬੈਠੇ। ਨਿੱਕੇ-ਨਿੱਕੇ ਸਟੇਸ਼ਨਾਂ ਨੂੰ ਪਿਛੇ ਛੱਡਦੀ ਗੱਡੀ ਇਕ ਵੱਡੇ ਸਟੇਸ਼ਨ ਤੇ ਜਾ ਖੜੋਤੀ, ਇਹ ਲਾਹੋਰ ਸੀ। ਇਥੇ ਯਾਤਰੀਆਂ ਨੂੰ ਪਲੇਟ ਫਾਰਮ ਤੇ ਉਤਰਨ ਨਹੀਂ ਦਿੱਤਾ ਗਿਆ ਅਤੇ ਪਾਕਿਸਤਾਨੀ ਨਾਗਰਿਕਾਂ ਨੂੰ ਵੀ ਗੱਡੀ ਵਾਲੇ ਪਲੇਟ ਫਾਰਮ ਦੇ ਨੇੜੇ ਨਹੀਂ ਆਉਣ ਦਿੱਤਾ ਗਿਆ। ਹਰ ਡੱਬੇ ਦੇ ਹਰ ਦਰਵਾਜ਼ੇ ਤੇ ਹਥਿਆਰ ਬੰਦ ਪੁਲਿਸ ਦੇ ਜਵਾਨ ਤੈਨਾਤ ਸਨ। ਕੁਝ ਦੇਰ ਰੁਕਣ ਪਿੱਛੋਂ ਗੱਡੀ ਚਲ ਪਈ ਅਤੇ ਅੱਧੀ ਰਾਤ ਵੇਲੇ ਨਨਕਾਣਾ ਸਾਹਿਬ ਜਾ ਪਹੁੰਚੀ। ਸਟੇਸ਼ਨ ਤੋਂ ਗੁਰਦੁਆਰਾ ਸਾਹਿਬ ਲਈ ਫਰੀ ਬੱਸ ਸੇਵਾ ਲੱਗੀ ਹੋਈ ਸੀ। ਕੁਝ ਹੀ ਮਿੰਟ ਬਾਅਦ ਸੰਗਤ ਉਸ ਅਲੋਕਿਕ ਨਜ਼ਾਰੇ ਦੇ ਰੂ-ਬ-ਰੂ ਸੀ, ਜਿਸ ਲਈ ਰੋਜ ਅਰਦਾਸਾਂ ਹੁੰਦੀਆਂ ਹਨ। ਜਨਮ ਅਸਥਾਨ ਦੇ ਦਰਸ਼ਨ ਕਰਦਿਆਂ ਹੀ ਸੰਗਤ ਨੇ ਜੈਕਾਰੇ ਛੱਡੇ, ਸਾਰੇ ਦਿਨ ਦੀ ਥਕਾਵਟ ਉਤਰ ਗਈ, ਤਨ-ਮਨ ਠਰ ਗਿਆ। ਪ੍ਰਸ਼ਾਦਾ ਪਾਣੀ ਛੱਕਣ ਉਪਰੰਤ ਸਭ ਆਪੋ ਆਪਣੇ ਕਮਰਿਆਂ ਵਿਚ ਜਾ ਸੁੱਤੇ। ਅਗਲੇ ਤਿੰਨ ਦਿਨ ਅਸੀਂ ਇਥੇ ਹੀ ਠਹਿਰਨਾ ਸੀ। ਜਥੇ ਦੁਆਰਾ ਅਖੰਡ ਪਾਠ ਸਾਹਿਬ ਆਰੰਭ ਕਰਕੇ ਭੋਗ ਪਾਇਆ ਜਾਣਾ ਸੀ। ਗੁਰਦੁਆਰਾ ਸਾਹਿਬ ਦੇ ਐਂਟਰੀਗੇਟ ਤੇ ਸੁਰੱਖਿਆ ਦਸਤੇ ਤੈਨਾਤ ਸਨ। ਸਕੈਨਰ ਲਗੇ ਹੋਏ ਸਨ, ਹਰ ਸਮਾਨ ਦੀ ਸਕੈਨਿੰਗ ਤੇ ਤਲਾਸ਼ੀ ਲੈਣ ਉਪਰੰਤ ਹੀ ਅੰਦਰ ਜਾਇਆ ਜਾ ਸਕਦਾ ਸੀ। ਯਾਤਰੂਆਂ ਦੀ ਸੁਰੱਖਿਆ ਲਈ 2000 ਦੇ ਲਗਭਗ ਪੁਲਿਸ ਕਰਮੀ ਬਜ਼ਾਰਾਂ ਅਤੇ ਹੋਰ ਗੁਰਧਾਮਾਂ ਤੇ ਤੈਨਾਤ ਸਨ। ਮਿਤੀ 26 ਨਵੰਬਰ 2012 ਦੀ ਰਾਤ 11-45 ਮਿੰਟ ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। ਅਗਲੀ ਸਵੇਰ ਸਭ ਨੇ ਜਨਮ ਅਸਥਾਨ ਦੇ ਨੇੜੇ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਿਤ ਹੋਰ ਗੁਰਦੁਆਰਿਆਂ (ਗੁ: ਬਾਲ ਲੀਲਾ ਸਾਹਿਬ, ਗੁ: ਪੱਟੀ ਸਾਹਿਬ, ਗੁ: ਕਿਆਰਾ ਸਾਹਿਬ, ਗੁ: ਮਾਲ ਜੀ ਸਾਹਿਬ, ਗੁ: ਤੰਬੂ ਸਾਹਿਬ, ਗੁ: ਹਰਗੋਬਿੰਦ ਸਾਹਿਬ ਪਾæ ਛੇਵੀ) ਦੇ ਦਰਸ਼ਨ ਕਰਨੇ ਸਨ। ਇਹ ਗੁਰਦੁਆਰੇ ਆਮ ਦਿਨਾ ਵਿਚ ਬੰਦ ਰਹਿੰਦੇ ਹਨ ਅਤੇ ਇਹਨਾਂ ਦੀਆਂ ਚਾਬੀਆਂ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਹੁੰਦੀਆਂ ਹਨ। ਯਾਤਰਾ ਦੇ ਦਿਨਾ ਵਿਚ ਹੀ ਇਨ੍ਹਾਂ ਗੁਰਦੁਆਰਿਆਂ ਨੂੰ ਖੋਲਿਆ ਜਾਂਦਾ ਹੈ। ਇਨ੍ਹਾਂ ਸਾਰੇ ਗੁਰਧਾਮਾਂ ਨੂੰ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਡਰ (ਪਾਕਿਸਤਾਨ ਵਕਫ਼ ਬੋਰਡ) ਕੋਲ ਹੈ। ਇਨ੍ਹਾਂ ਸਾਰੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਕੇ ਵਾਪਸ ਆਉਂਦੇ ਤੱਕ ਦੁਪਹਿਰ ਢਲ ਚੁੱਕੀ ਸੀ। ਬਜਾਰਾ ਵਿਚ ਸਵੇਰ ਨਾਲੋਂ ਵੱਧ ਰੋਣਕ ਸੀ। ਪਰੰਤੂ ਇਨ੍ਹਾਂ ਪੁਰਾਣਾ ਹੋਣ ਦੇ ਬਾਵਜੂਦ ਵੀ ਆਰਥਿਕ ਪੱਖੋਂ ਨਨਕਾਣਾ ਸਾਹਿਬ ਬਹੁਤ ਵੱਡਾ ਸ਼ਹਿਰ ਨਹੀਂ ਬਣ ਸਕਿਆ ਸਗੋਂ ਸਾਡੇ ਇਧਰਲੇ ਕਿਸੇ ਵੱਡੇ ਕਸਬੇ ਵਰਗਾ ਹੀ ਹੈ। ਸਭ ਤੋਂ ਪਹਿਲਾਂ ਬੀਬੀ ਨਾਨਕੀ ਅਤੇ ਦੂਜੇ ਨੰਬਰ ਤੇ ਰਾਏ ਬੁਲਾਰ ਜੋ ਪਿੰਡ ਦਾ ਹਾਕਮ ਸੀ ਨੇ ਇਸ ਰੱਬੀ ਨੂਰ ਨੂੰ ਪਹਿਚਾਣਿਆ ਸੀ। ਸੱਪ ਦੇ ਛਾਂ ਕਰਨ ਤੋਂ ਬਾਅਦ ਰਾਏ ਬੁਲਾਰ ਨੇ ਯਕੀਨ ਹੋ ਗਿਆ ਸੀ ਕਿ ਨਾਨਕ ਕੋਈ ਸਧਾਰਣ ਬਾਲਕ ਨਹੀਂ ਹੈ, ਅਤੇ ਉਹ ਗੁਰੂ ਨਾਨਕ ਦਾ ਪੱਕਾ ਮੁਰੀਦ ਬਣ ਗਿਆ। ਆਪਣੇ ਅੰਤਲੇ ਸਮੇਂ ਵੀ ਉਸ ਨੇ ਗੁਰੂ ਨਾਨਕ ਦੇ ਦਰਸ਼ਨ ਕਰਨ ਦੀ ਇੱਛਾ ਮਨ ਵਿਚ ਲਿਆਦੀ ਤੇ ਗੁਰੂ ਉਸ ਨੂੰ ਦਰਸ਼ਨ ਦੇਣ ਰਾਏ ਭੋਏ ਦੀ ਤਲਵੰਡੀ ਆਏ ਸਨ। ਰਾਏ ਬੁਲਾਰ ਨੇ ਆਪਣੀ ਵਸੀਅਤ ਵਿਚ ਅੱਧੀ ਜ਼ਮੀਨ ਆਪਣੇ ਪਰਿਵਾਰ ਅਤੇ ਅੱਧੀ ਗੁਰੂ ਨਾਨਕ ਸਾਹਿਬ ਦੇ ਨਾਂ ਕਰਵਾ ਦਿੱਤੀ ਸੀ ਜੋ ਕੇ 750 ਮੁਰੱਬੇ ਅੱਜ ਵੀ ਗੁਰਦੁਆਰਾ ਸਾਹਿਬ ਦੇ ਨਾਂ ਚਲੀ ਆ ਰਹੀ ਹੈ। ਇਸ ਵੇਲੇ ਰਾਏ ਬੁਲਾਰ ਦੀ ਗਿਆਰਵੀਂ ਪੀੜ੍ਹੀ ਨਨਕਾਣਾ ਸਾਹਿਬ ਵਿਖੇ ਰਹਿ ਰਹੀ ਹੈ। ਪਾਕਿਸਤਾਨੀ ਭਾਈਚਾਰੇ ਵਿਚੋ ਸਿੱਖਾ ਦੇ ਨਾਲ ਸਿੰਧੀ ਹਿੰਦੂ ਵੀ ਵੱਡੀ ਸੰਖਿਆਂ ਵਿਚ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਣ ਲਈ ਆਉਂਦੇ ਹਨ, ਅਤੇ ਦਿਨ ਰਾਤ ਜਨਮ ਅਸਥਾਨ ਵਿਖੇ ਸੇਵਾ ਕਰਦੇ ਹਨ। ਦੂਜੇ ਦਿਨ ਯਾਤਰੂਆਂ ਨੇ ਸਵੇਰੇ ਨਨਕਾਣਾ ਸਾਹਿਬ ਤੋਂ ਕਰੀਬ 30 ਕਿਲੋਮੀਟਰ ਦੂਰ ਮੰਡੀ ਚੁਹੜਕਾਣਾ (ਅੱਜ ਕੱਲ ਇਸ ਦਾ ਨਾ ਫਾਰੂਕਅਬਾਦ ਜ਼ਿਲ੍ਹਾ ਸੇਖੁਪੁਰਾ) ਜਿਥੇ ਗੁਰਦੁਆਰਾ ਸੱਚਾ ਸੋਦਾ ਸ਼ੁਸ਼ੋਭਿਤ ਹੈ ਦਰਸ਼ਨ ਕਰਨ ਜਾਣਾ ਸੀ। ਵਕਫ ਬੋਰਡ ਵੱਲੋਂ ਬੱਸਾ ਮੰਗਵਾਈਆਂ ਗਈਆਂ ਸਨ ਜਿਨ੍ਹਾਂ ਵਿਚ ਯਾਤਰੀ ਆਪੋ ਆਪਣੇ ਕਿਰਾਏ ਤੇ ਜਾਣੇ ਸਨ। ਲੇਟ ਕਰਦੇ ਕਰਾਉਂਦੇ 10 ਕੁ ਵਜੇ ਦੇ ਕਰੀਬ ਬੱਸਾਂ ਗੁਰਦੁਆਰਾ ਸੱਚਾ ਸੌਦਾ ਲਈ ਚਲ ਪਈਆਂ। ਬੱਸਾਂ ਬਹੁਤ ਜ਼ਿਆਦਾ ਸਿੰਗਾਰੀਆਂ ਹੋਈਆਂ ਸਨ। ਕੋਈ ਜਗ੍ਹਾਂ ਜਾਂ ਸ਼ੀਸ਼ਾ ਅਜਿਹਾ ਹੋਵੇਗਾ। ਜਿਥੇ ਫੁਲ ਬੂਟੇ ਨਾ ਪਾਏ ਹੋਣ ਜਾਂ ਉਰਦੂ ਵਿਚ ਕੁੱਝ ਲਿਖਿਆ ਨਾ ਹੋਵੇ। ਸੰਗਤ ਜ਼ਿਆਦਾ ਹੋਣ ਕਾਰਨ ਬੱਸਾਂ ਦਾ ਕਾਫਲਾ ਬਹੁਤ ਵੱਡਾ ਸੀ। ਪੁਲਿਸ ਦੀਆਂ ਗੱਡੀਆਂ, ਐਂਬੂਲੈਸ ਯਾਤਰੀ ਬੱਸਾਂ ਦੇ ਨਾਲ ਚਲ ਰਹੀਆਂ ਸਨ। ਪਿੰਡਾਂ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਸੀ। ਘਰ ਕੱਚੇ ਹੀ ਸਨ। ਪੱਕੇ ਅਤੇ ਵੱਡੇ ਘਰ ਕਿਤੇ ਹੀ ਨਜ਼ਰੀਂ ਪੈਦੇ ਸਨ। ਮੇਰੇ ਨਾਲ ਬੈਠਾ ਇਕ ਪੇਂਡੂ ਬਜੁਰਗ ਦਸ ਰਿਹਾ ਸੀ, ਜਮੀਨਾ ਬਹੁਤ ਭਾਰੀਆਂ ਹਨ ਪਰ ਇਨ੍ਹਾਂ ਕੋਲ ਖੇਤੀ ਦੇ ਨਵੇਂ ਸਾਧਨ ਨਹੀਂ ਹਨ। ਅਸਲ ਵਿਚ ਤਾਂ ਪਿੰਡਾਂ ਵਿਚ ਸਿਰਫ ਮੁਜਾਰੇ ਹੀ ਰਹਿੰਦੇ ਹਨ ਜ਼ਮੀਨਾਂ ਦੇ ਮਾਲਕ ਤਾਂ ਸ਼ਹਿਰਾਂ ਵਿਚ ਰਹਿੰਦੇ ਹਨ। ਇਸੇ ਲਈ ਪਿੰਡਾਂ ਦੀ ਹਾਲਤ ਤਰਸਯੋਗ ਸੀ। ਹਰ ਗੁਰਦੁਆਰੇ ਚ ਸੰਗਤ ਦੇ ਪਹੁੰਚਣ ਤੋਂ ਪਹਿਲਾਂ ਪੁਲਿਸ ਫੋਰਸ, ਐਂਬੂਲੈਂਸ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਕਫ ਬੋਡਰ ਦੇ ਅਧਿਕਾਰੀ ਤਾਇਨਾਤ ਹੁੰਦੇ ਸਨ। ਗੁਰਦੁਆਰਾ ਸੱਚਾ ਸੋਦਾ ਉਸ ਸਥਾਨ ਤੇ ਬਣਿਆ ਹੋਇਆ ਹੈ ਜਿਥੇ ਗੁਰੂ ਨਾਨਕ ਦੇਵ ਜੀ ਨੇ ਭੁਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ। ਉਦੋਂ ਤੋਂ ਚਲੀ ਇਹ ਪ੍ਰੰਪਰਾ ਸਦੀਆਂ ਬੀਤ ਜਾਣ ਦੇ ਬਾਅਦ ਵੀ ਗੁਰੂ ਘਰਾਂ ਵਿਚ ਘਟੀ ਨਹੀਂ ਸਗੋਂ ਵਧੀ ਹੈ। ਸੱਚਾ ਸੌਦਾ ਵਿਖੇ ਦੀਵਾਨ ਸਜਾਏ ਗਏ, ਇਲਾਹੀ ਬਾਣੀ ਦਾ ਕੀਰਤਨ ਹੋਇਆ। ਸਾਰੀਆਂ ਸੰਗਤਾਂ ਨੇ ਗੁਰੂ ਘਰ ਦੇ ਦਰਸ਼ਨ ਕਰਨ ਉਸੇ ਜਗ੍ਹਾ ਬੈਠ ਕਿ ਲੰਗਰ ਛੱਕਿਆ ਜਿਥੇ ਗੁਰੂ ਨਾਨਕ ਸਾਹਿਬ ਨੇ ਭੁਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ, ਉਪਰੰਤ ਯਾਤਰੂ ਬੱਸਾਂ ਵਿਚ ਬੈਠ ਕੇ ਜਨਮ ਅਸਥਾਨ ਵੱਲ ਵਾਪਸ ਆ ਗਏ ਸਾਰੇ ਰਸਤੇ ਵਿਚ ਸੁਰੱਖਿਆ ਦੇ ਬਹੁਤ ਸਖਤ ਪ੍ਰਬੰਧ ਕੀਤੇ ਹੋਏ ਸਨ। ਸੱਚਾ ਸੌਦਾ ਤੋਂ ਵਾਪਸੀ ਤੇ ਸ਼ਾਮ ਨੂੰ ਅਸੀਂ ਬਜਾਰ ਦੇਖਣ ਲਈ ਨਿਕਲ ਪਏ। ਘਰਾਂ ਦਾ ਹਾਲਤ ਬਹੁਤੀ ਵਧੀਆਂ ਨਹੀਂ ਸੀ। ਹਰ ਘਰ ਦੇ ਦਰਵਾਜੇ ਤੇ ਕਈ ਮੀਟਰ ਲਗੇ ਹੋਏ ਸਨ। ਪੁਛਣ ਤੇ ਪਤਾ ਲੱਗਾ ਕਿ ਇਕ ਮੀਟਰ ਬਿਜਲੀ ਦਾ ਸੀ ਦੂਜਾ ਗੈਸ ਦਾ ਤੇ ਤੀਜਾ ਜੋ ਨੀਵਾਂ ਲੱਗਿਆ ਸੀ ਪਾਣੀ ਦਾ ਸੀ। ਬਜਾਰ ਵਿਚ ਇਧਰਲੇ ਗਾਇਕਾ ਦੀਆਂ ਸੀæਡੀਆ ਦੀ ਭਰਮਾਰ ਸੀ। ਤੀਜੇ ਦਿਨ ਭਾਵ ਮਿਤੀ 28 ਨਵੰਬਰ 2012 ਨੂੰ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਸਜਾਇਆ ਜਾਣਾ ਸੀ। ਜੋ ਕਿ ਪਿਛਲੇ ਕਈ ਸਾਲਾਂ ਤੋਂ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਅੰਦਰ ਹੀ ਕੱਢਿਆ ਜਾਂਦਾ ਰਿਹਾ ਹੈ। ਪਰ ਇਸ ਵਾਰ ਦ੍ਰਿਸ਼ ਕੁਝ ਹੋਰ ਹੀ ਹੋ ਗਿਆ, ਕਿਉਂਕਿ ਪ੍ਰਸ਼ਾਸਨ ਨੇ ਸਿਰਫ਼ 15 ਮਿੰਟ ਪਹਿਲਾਂ ਹੀ ਫੈਸਲਾ ਕੀਤਾ ਕਿ ਨਗਰ ਕੀਰਤਨ ਬਜਾਰਾਂ ਵਿਚ ਵੀ ਲਿਜਾਇਆ ਜਾਵੇਗਾ। ਭਾਰੀ ਸੁਰੱਖਿਆ ਹੇਠ ਨਗਰ ਕੀਰਤਨ ਨੇ ਬਜਾਰਾਂ ਵਿਚ ਪ੍ਰਵੇਸ਼ ਕੀਤਾ। ਬਜਾਰਾਂ ਵਿਚ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਸਨ। ਪ੍ਰਸ਼ਾਸਨ ਵਲੋਂ ਬਜ਼ਾਰ, ਦੁਕਾਨਾਂ ਦੀਆਂ ਅਤੇ ਕਈ ਨੇੜੇ ਦੇ ਘਰਾਂ ਦੀਆਂ ਛੱਤਾਂ ਉਪਰ ਵੀ ਪੁਲਿਸ ਤਾਇਨਾਤ ਕਰ ਦਿੱਤੀ ਗਈ। ਇਸ ਨਗਰ ਕੀਰਤਨ ਵਿਚ ਪਾਕਿਸਤਾਨ, ਭਾਰਤ, ਅਫਗਾਨਿਸਤਾਨ, ਮਲੇਸ਼ੀਆ, ਦੁਬਈ, ਕਨੈਡਾ, ਇੰਗਲੈਂਡ ਆਦਿ ਕਈ ਮੁਲਕਾਂ ਦੀਆਂ ਸੰਗਤਾਂ ਸ਼ਾਮਿਲ ਹੋਈਆਂ। ਨਗਰ ਕੀਰਤਨ ਦੁਪਹਿਰ 1 ਵਜੇ ਦੀ ਕਰੀਬ ਜਨਮ ਅਸਥਾਨ ਤੋਂ ਰਵਾਨਾ ਹੋਇਆ। ਅਤੇ ਵਾਪਸ ਇਥੇ ਆ ਕੇ ਸਮਾਪਤ ਹੋਇਆ। ਇਸੇ ਰਾਤ 11-45 ਮਿੰਟ ਤੇ ਹੀ ਆਰੰਭ ਹੋਏ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਵਾਰ ਸੰਗਤ ਨੂੰ ਆਤਿਸ਼ਬਾਜ਼ੀ ਕਰਨ ਦੀ ਇਜਾਜਤ ਨਹੀਂ ਦਿੱਤੀ ਗਈ। ਸਮਾਪਤੀ ਉਪਰੰਤ ਯਾਤਰੀ ਆਪੋ ਆਪਣੇ ਕਮਰਿਆਂ ਵਿਚ ਸੌਣ ਲਈ ਚਲੇ ਗਏ। ਅਗਲੇ ਦਿਨ ਦੁਪਹਿਰ ਬਾਅਦ ਸੰਗਤ ਗੱਡੀਆਂ ਵਿਚ ਸਵਾਰ ਹੋ ਕਿ ਅਗਲੀ ਮੰਜਿਲ ਸ੍ਰੀ ਪੰਜਾ ਸਾਹਿਬ ਵੱਲ ਚਲ ਪਈ। ਰਸਤੇ ਵਿਚ ਆ ਰਹੇ ਪਿੰਡ ਬਹੁਤੇ ਵੱਡੇ ਨਹੀਂ ਸਨ। ਰੇਲਵੇ ਸਟੇਸ਼ਨਾਂ ਤੋਂ ਲਗਦਾ ਸੀ ਜਿਹੋ ਜਿਹੇ ਅੰਗਰੇਜ਼ ਛੱਡ ਕਿ ਗਏ ਉਹੋ ਜਿਹੇ ਹੀ ਹਨ ਕੋਈ ਨਵੇਂ ਉਸਾਰੀ ਹੋਈ ਨਹੀਂ ਲਗਦੀ ਸੀ। ਇਨੇ ਨੂੰ ਇਕ ਵੱਡਾ ਸਟੇਸ਼ਨ ਆਇਆ ਤੇ ਗੱਡੀ ਰੁਕ ਗਈ। ਬਾਹਰ ਦੇਖਿਆ ਇਹ ਸਟੇਸ਼ਨ ਸਹਾਦਰਾਬਾਗ ਜੰਕਸ਼ਨ ਸੀ। ਇਥੇ ਗੱਡੀ ਅੱਧਾ ਘੰਟਾ ਖੜੀ ਰਹੀ। ਇਥੇ ਵੀ ਕਿਸੇ ਪਾਕਿਸਤਾਨੀ ਨਾਗਰਿਕ ਨੂੰ ਸਾਡੀ ਗੱਡੀ ਵਾਲੇ ਪਲੇਟ ਫਾਰਮ ਤੇ ਨਹੀਂ ਆਉਣ ਦਿੱਤਾ ਗਿਆ। ਹੌਲੀ-ਹੌਲੀ ਹਨੇਰਾ ਹੋਣ ਲੱਗ ਪਿਆ। ਅੱਧੀ ਰਾਤ ਵੇਲੇ ਇਕ ਬਹੁਤ ਵੱਡਾ ਸਟੇਸ਼ਨ ਆਇਆ, ਇਹ ਰਾਵਲਪਿੰਡੀ ਸੀ। ਗੱਡੀ ਬਿਨਾ ਰੁਕੇ ਆਪਣੀ ਮੰਜ਼ਿਲ ਵੱਲ ਵੱਧਦੀ ਗਈ। ਪਹੁ ਫੁਟਾਲੇ ਦੇ ਨਾਲ ਹੀ ਅਸੀਂ ਸੰਸਾਰ ਪ੍ਰਸਿੱਧ ਸਿੰਧੂ ਘਾਟੀ ਦੀ ਸੱਭਿਅਤਾ ਦੇ ਟੈਕਸਲਾ ਸਟੇਸ਼ਨ ਲੰਘਦੇ ਹੋਏ ਹਸਨ ਅਬਦਾਲ (ਪੰਜਾ ਸਾਹਿਬ) ਜਾ ਪਹੁੰਚੇ। ਅੱਖਾ ਸਾਹਮਣੇ ਚਿੱਤਰਕਾਰ ਮਾਸਟਰ ਗੁਰਦਿਤ ਸਿੰਘ ਵਲੋਂ ਬਣੇ ਪੰਜਾ ਸਾਹਿਬ ਦੇ ਸਾਕੇ ਦਾ ਦ੍ਰਿਸ਼ ਹੂ-ਬ-ਹੂ ਸਾਕਾਰ ਸੀ। ਉਹੀ ਸਟੇਸ਼ਨ, ਉਸ ਵਰਗੀ ਹੀ ਰੇਲ ਗੱਡੀ, ਅਸੀਂ ਕੈਦੀ ਨਹੀਂ, ਯਾਤਰੂ ਸਿੱਖ ਸੀ। ਸਿੰਘਾਂ ਨੂੰ ਗੱਡੀ ਦੀ ਲਾਈਨ ਤੇ ਬੈਠ ਗੱਡੀ ਰੋਕਣੀ ਨਹੀਂ ਸੀ ਪਈ ਸਗੋਂ ਸਾਡੀ ਯਾਤਰਾ ਦੇ ਇਕ ਪੜਾਅ ਤੇ ਗੱਡੀ ਆਪਣੇ ਆਪ ਆਣ ਖੜੋਤੀ ਸੀ। ਹਸਨ ਅਬਦਾਲ ਪਹਾੜਾਂ ਦੇ ਪੈਰਾ ਵਿਚ ਵਸਿਆ ਹੋਣ ਕਰਕੇ ਇਥੇ ਠੰਡ ਨਨਕਾਣਾ ਸਾਹਿਬ ਨਾਲੋਂ ਕਾਫੀ ਜ਼ਿਆਦਾ ਸੀ। ਇਸ ਇਲਾਕੇ ਦੀ ਧਰਤੀ ਨੀਮ ਪਹਾੜੀ ਪਥਰੀਲੀ ਜਿਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮੱਕੇ ਤੋਂ ਵਾਪਸ ਆਉਂਦੇ ਹੋਏ ਇਥੇ ਠਹਿਰੇ ਸਨ। ਗੁਰੂ ਨਾਨਕ ਦੇਵ ਜੀ ਸਾਰੀ ਉਮਰ ਭੁਲਿਆ ਨੂੰ ਰਸਤੇ ਪਾਉਣ, ਰੱਬ ਬਣ ਬੈਠਿਆਂ ਨੂੰ ਰੱਬ ਦਾ ਅਹਿਸਾਸ ਕਰਾਉਣ, ਲੋਕਾਈ ਦੇ ਦੁੱਖ ਦਰਦ ਦੂਰ ਕਰਨ ਨੂੰ ਸਮਰਪਿਤ ਰਹੇ। ਇਥੇ ਵੀ ਇਕ ਕਰਨੀ ਵਾਲੇ ਪਰ ਹਾਊਮੈ ਰੋਗ ਤੋਂ ਪੀੜਤ ਫਕੀਰ ਵਲੀ ਕੰਧਾਰੀ ਨੂੰ ਲੋਕਾਈ ਦਾ ਭਲਾ ਕਰਨ ਦਾ ਸਬਕ ਪੜਾਇਆ। ਵਲੀ ਕੰਧਾਰੀ ਦੀ ਪਹਾੜੀ ਦਾ ਚਸ਼ਮਾ ਮੁੜ ਕਦੇ ਨਹੀਂ ਵਗਿਆ। ਬਾਬੇ ਨਾਨਕ ਦੀ ਆਗਿਆ ਨਾਲ ਮਰਦਾਨੇ ਵੱਲੋਂ ਚੁੱਕੇ ਪੱਥਰ ਹੇਠੋਂ ਵਗਿਆ ਉਹ ਨਿਰਮਲ ਚਸ਼ਮਾਂ ਸਦੀਆਂ ਤੋਂ ਲਗਾਤਾਰ ਚਲ ਰਿਹਾ ਹੈ। ਹੁਣ ਵੀ ਸਾਰੇ ਸ਼ਹਿਰ ਨੂੰ ਪਾਣੀ ਇਸੇ ਚਸ਼ਮੇ ਤੋਂ ਹੀ ਸਪਲਾਈ ਹੁੰਦਾ ਹੈ। ਇਥੇ ਕੰਧਾਰੀ ਵੱਲੋਂ ਸੁੱਟੇ ਪੱਥਰ ਉਪਰ ਬਾਬਾ ਨਾਨਕ ਦੇ ਪੰਜੇ ਦਾ ਨਿਸ਼ਾਨ ਅੱਜ ਵੀ ਮੌਜੂਦ ਹੈ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਤਾਮੀਰ ਸਿੱਖ ਜਰਨੈਲ ਹਰੀ ਸਿੰਘ ਨਲੂਆ ਨੇ ਕਰਵਾਈ ਸੀ। ਪੰਜਾ ਸਾਹਿਬ ਵਿਖੇ ਸੰਗਤਾਂ ਨੇ ਦੋ ਦਿਨ ਠਹਿਰਨਾ ਸੀ। ਸੁਰੱਖਿਆ ਦੇ ਮੱਦੇ ਨਜ਼ਰ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਸੁਰੱਖਿਆ ਬਲ ਤਾਇਨਾਤ ਸਨ। ਬਜ਼ਾਰਾਂ ਨੂੰ ਦੋ ਦਿਨਾ ਲਈ ਬੰਦ ਕਰ ਦਿੱਤਾ ਗਿਆ ਸੀ। ਯਾਤਰੂਆਂ ਨੂੰ ਬਾਹਰ ਜਾਣ ਦੀ ਇਜਾਜਤ ਨਹੀਂ ਸੀ। ਮੈਡੀਕਲ ਅਤੇ ਪੀæਸੀæਓæ ਦੀ ਸਹੂਲਤ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਉਪਲੱਬਧ ਸੀ। ਅਗਲਾ ਦਿਨ ਭਾਵ ਮਿਤੀ 1 ਦਸੰਬਰ 2012 ਦਾ ਦਿਨ ਲਾਹੋਰ ਵਾਪਸੀ ਦਾ ਦਿਨ ਸੀ। ਗੱਡੀਆਂ ਆਪਣੇ ਨਿਰਧਾਰਿਤ ਸਮੇਂ ਤੇ ਦੁਪਹਿਰੇ ਸਟੇਸ਼ਨ ਤੇ ਆਣ ਖੜੋਤੀਆਂ। ਸਾਮ ਨੂੰ ਪੰਜਾ ਸਾਹਿਬ ਤੋਂ ਚਲ ਕੇ ਅਗਲੇ ਦਿਨ ਸਵੇਰੇ ਅਸੀਂ ਲਾਹੌਰ ਦੇ ਮੇਨ ਸਟੇਸ਼ਨ ਤੇ ਪਹੁੰਚ ਗਏ। ਇਥੇ ਵੀ ਸਾਰੇ ਯਾਤਰੀਆਂ ਲਈ ਫਰੀ ਬੱਸਾਂ ਦਾ ਇੰਤਜਾਮ ਕੀਤਾ ਗਿਆ ਸੀ। ਲਾਹੌਰ ਗੁ: ਡੇਹਰਾ ਸਾਹਿਬ ਵਿਖੇ ਯਾਤਰੂ ਨਿਵਾਸ ਨਾ ਹੋਣ ਕਰਕੇ ਸੰਗਤ ਨੂੰ ਵੱਖ ਥਾਵਾਂ ਤੇ ਠਹਿਰਾਇਆ ਗਿਆ ਸੀ। ਸਾਡੀ ਠਾਹਰ ਸਿਟੀ ਮੁਸਲਿਮ ਲੀਗ ਹਾਈ ਸਕੂਲ ਮਿੱਠਾ ਬਜਾਰ ਲਾਹੌਰ ਵਿਚ ਸੀ। ਆਪੋ ਆਪਣੇ ਟਿਕਾਣਿਆਂ ਤੇ ਸਮਾਨ ਆਦਿ ਰੱਖ ਕੇ ਸੰਗਤ ਗੁ: ਡੇਹਰਾ ਸਾਹਿਬ ਵਿਖੇ ਜੁੜਨੀ ਸ਼ੁਰੂ ਹੋ ਗਈ ਅਤੇ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ। ਗੁ: ਡੇਹਰਾ ਸਾਹਿਬ ਸਾਹੀ ਕਿਲੇ ਦੇ ਸਾਹਮਣੇ ਬਿਲਕੁਲ ਨੇੜੇ ਹੀ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਵੀ ਗੁ: ਸਾਹਿਬ ਦੇ ਬਿਲਕੁਲ ਨਾਲ ਹੀ ਹੈ। ਇਹ ਲਾਹੌਰ ਵਿਚ ਸਾਡੀ ਪਹਿਲੀ ਸਵੇਰ ਸੀ। ਅਸੀਂ ਉਸ ਲਾਹੌਰ ਵਿਚ ਖੜੋਤੇ ਸੀ ਜਿਸ ਬਾਰੇ ਕਦੇ ਅਜਿਹੀਆਂ ਅਖੌਤਾਂ ਪ੍ਰਸਿਧ ਸਨ ਕਿ, ”ਜਿਸ ਨੇ ਲਾਹੌਰ ਨਹੀਂ ਵੇਖਿਆ, ਸਮਝੋ ਜੰਮਿਆ ਹੀ ਨਹੀਂ।” ਸਦੀਆਂ ਦਾ ਗਵਾਹ ਹੈ ਸ਼ਹਿਰ ਲਾਹੌਰ। ਲਾਹੌਰ ਆਪਣੇ ਵਿਚ ਵਿਰਾਸਤ ਵੀ ਸਾਂਭੀ ਬੈਠਾ ਹੈ ਅਤੇ ਅਧੁਨਿਕਤਾ ਨਾਲ ਵੀ ਮੋਢੇ ਨਾਲ ਮੋਢਾ ਜੋੜ ਕਿ ਤੁਰਦਾ ਹੈ। ਇਤਿਹਾਸਕ ਤੌਰ ਤੇ ਇਹ ਸੱਚ ਵੀ ਲਗਦਾ ਹੈ, ਸਲਤਨਤਾ ਬਦਲ ਗਈਆਂ, ਮਹਾਰਾਜੇ ਬਦਲ ਗਏ; ਦੇਸ ਬਦਲ ਗਏ, ਪਰ ਲਾਹੌਰ ਲਾਹੌਰ ਹੀ ਹੈ। ਕਦੇ ਇਹ ਮੁਗਲਾਂ ਅਧੀਨ ਹੋਇਆ, ਕਦੇ ਸਿੱਖਾਂ ਦੇ, ਕਦੇ ਅੰਗਰੇਜ਼ਾਂ ਦੇ, ਕਦੇ ਭਾਰਤ ਵਿਚ ਸੀ, ਹੁਣ ਪਾਕਿਸਤਾਨ ਵਿਚ ਹੈ। ਇਸ ਲਾਹੌਰ ਨੇ ਬੜੇ ਸ਼ਾਹੀ ਜਸ਼ਨ ਦੇਖੇ ਨੇ ਅਤੇ ਬੜੀਆਂ ਬਰਬਾਦੀਆਂ ਵੀ। ਇਸੇ ਲਾਹੌਰ ਨੇ ਸਿੱਖ ਧਰਮ ਵਿਚ ਸ਼ਹਾਦਤ ਦੀ ਪ੍ਰੰਪਰਾ ਦੀ ਸ਼ਰੂਆਤ ਵੀ ਵੇਖੀ ਹੈ। ਸਿੱਖੀ ਸਹਾਦਤਾਂ ਦੀ ਪਹਿਲੀ ਪੌੜੀ ਡੇਹਰਾ ਸਾਹਿਬ ਲਾਹੌਰ ਹੈ। ਇਸੇ ਸਥਾਨ ਤੇ ਹੀ ਚੰਦੂਸ਼ਾਹ ਵਰਗੇ ਸਰਕਾਰੀ ਟੁੱਕੜ ਬੋਚ ਕਰਮਚਾਰੀਆਂ ਨੇ ਆਪਣੀਆਂ ਜਾਤੀ ਰੰਜਸਾਂ ਕੱਢਣ ਲਈ, ਸ਼ੇਖ ਅਹਿਮਦ ਸਰਹੰਦੀ ਅਤੇ ਕੁੱਝ ਹੋਰ ਤੁਅਸਬੀ ਮੁਲਾਵਾਂ ਦੀ ਚੁੱਕ ਤੇ ਅਕਬਰ ਦੇ ਪੁੱਤਰ ਅਤੇ ਜਾਨਸ਼ੀਨ ਜਹਾਂਗੀਰ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ। ਰੱਬ ਦੀ ਰਜਾ ਵਿਚ ਰਹਿਣ ਵਾਲੇ ਇਕ ਫਕੀਰ ਮਾਲਾ ਧਰਤੀ ਤੇ ਡਿਗ ਪਈ। ਉਸ ਨੇ ਦੋਵ੍ਵੇ ਹੱਥ ਚੁੱਕ ਕੇ ਦੁਹਾਈ ਦਿੱਤੀ ਕਿ ਏਨਾ ਜੁਲਮ ਨਾ ਕਮਾਓ। ਉਹ ਸਿੱਧਾ ਸ਼ਾਹੀ ਕਿਲੇ ਪਹੁੰਚਿਆ। ਪਹਿਰੇਦਾਨ ਉਸ ਨੂੰ ਰੋਕ ਨਹੀਂ ਸਕਦੇ ਸਨ। ਸਤਿਗੂਰਾਂ ਨੂੰ ਤੱਤੀ ਤਵੀ ਤੇ ਬੈਠਿਆ ਵੇਖ ਕੇ ਉਸ ਦਾ ਹਿਰਦਾ ਰੋ ਪਿਆ। ਸਾਈ ਮੀਆਂ ਮੀਰ ਨੇ ਕੁੱਝ ਸਾਲ ਪਹਿਲਾ ਜਿਸ ਲਾਹੌਰ ਵਿਚ ਗੁਰੂ ਸਾਹਿਬ ਨੂੰ ਕਾਲ ਪੀੜਤਾਂ ਦੀ ਸੇਵਾ ਕਰਦਿਆਂ ਉਨ੍ਹਾਂ ਨੂੰ ਦਵਾ-ਦਾਰੂ ਕਰਦਿਆਂ ਵੇਖਿਆ ਸੀ। ਅੱਜ ਉਸੇ ਲਾਹੌਰ ਵਿੱਚ ਉਹ ਆਪ ਨੂੰ ਅਸਿਹ ਤਸੀਹੇ ਸਹਾਰਦੇ ਹੋਏ ਵੇਖ ਰਿਹਾ ਸੀ। ਪਰ ਰੱਬ ਦੀ ਰਜਾ ਵਿਚ ਰਾਜੀ ਰਹਿੰਦਿਆਂ ਜੋ ਤੁਧੂ ਭਾਵੈ ਪਰਵਾਣੁ ਤੇਰੇ ਭਾਣੇ ਨੋ ਕੁਰਬਾਣ। ਦੀ ਧੁਨ ਉਚਾਰਦਿਆਂ ਆਖਰੀ ਸਮੇਂ ਤੱਕ ਚੜਦੀਕਲਾ ਚ ਵਿਚਰਦਿਆਂ ਗੁਰੂ ਸਾਹਿਬ ਜੀ 30 ਮਈ 1606 ਨੂੰ ਸ਼ਹੀਦ ਹੋ ਗਏ। ਲਾਹੌਰ ਅਤੇ ਇਯ ਦੇ ਆਸ ਪਾਸ ਹੋਰ ਵੀ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਹਨ ਪਰ ਇਨ੍ਹਾਂ ਵਿਚੋਂ ਕੁਝ ਦੇ ਹੀ ਦਰਸ਼ਨ ਸੰਗਤਾਂ ਨੂੰ ਕਰਵਾਏ ਜਾਂਦੇ ਹਨ। ਇਕ ਦਿਨ ਗੁ: ਰੋੜੀ ਸਾਹਿਬ ਅਤੇ ਗੁ: ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਜਾਣ ਦਾ ਪ੍ਰੋਗਰਾਮ ਸੀ। ਯਾਤਰੂ ਵਕਫ ਬੋਰਡ ਵਲੋਂ ਮੰਗਵਾਈਆਂ ਬੱਸਾਂ ਵਿਚ ਬੈਠ ਕਿ ਪਹਿਲਾ ਗੁ: ਰੋੜੀ ਸਾਹਿਬ ਪਹੁੰਚੇ। ਗੁਰੂ ਨਾਨਕ ਦੇਵ ਜੀ ਨੇ ਹਸਨ ਅਬਦਾਲ ਤੋਂ ਵਾਪਸੀ ਵੇਲੇ ਇਸ ਅਸਥਾਨ ਤੇ ਰੋੜੀ ਉਪਰ ਵਿਸ਼ਰਾਮ ਕੀਤਾ ਸੀ। ਰੋੜੀ ਸਾਹਿਬ ਗੁ: ਜ਼ਿਲ੍ਹਾ ਗੁਜਰਾਂਵਾਲਾ ਵਿਚ ਕਸਬਾ ਏਮਨਾਬਾਦ ਦੇ ਨੇੜੇ ਸਥਿਤ ਹੈ। ਦੁਪਹਿਰ 2 ਵਜੇ ਦੇ ਕਰੀਬ ਰੋੜੀ ਸਾਹਿਬ ਤੋਂ ਚਲਕੇ ਗੁ: ਕਰਤਾਰਪੁਰ ਪਹੁੰਚਦਿਆਂ 4 ਵਜ ਗਏ। ਇਹ ਉਹ ਪਾਵਨ ਅਸਥਾਨ ਹੈ ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਤਲਾ ਸਮਾਂ ਗੁਜਾਰਿਆ ਅਤੇ ਜੋਤੀ ਜੋਤ ਸਮਾਏ ਸਨ। ਇਹ ਧਾਰਮਿਕ ਅਸਥਾਨ ਭਾਰਤੀ ਹੱਦ ਦੇ ਨੇੜੇ ਰਾਵੀ ਦਰਿਆ ਦੇ ਪੱਛਮੀ ਪਾਸੇ ਤੇ ਸਥਿਤ ਹੈ। ਇਸ ਦੀ ਇਮਾਰਤ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ ਬਣਵਾਈ ਸੀ। ਹਾਲੇ ਇਹ ਗੁਰਦੁਆਰਾ ਬਣ ਹੀ ਰਿਹਾ ਸੀ ਕਿ ਭਾਰਤ ਦੀ ਵੰਡ ਹੋ ਗਈ ਅਤੇ ਇਹ ਅਸਥਾਨ ਪਾਕਿਸਤਾਨ ਵਿਚ ਚਲਾ ਗਿਆ। ਇਕ ਦਿਨ ਲਾਹੌਰ ਸ਼ਹਿਰ ਵੇਖਣ ਲਈ ਸੀ। ਯਾਤਰੀ ਸਭ ਤੋਂ ਵੱਧ ਖ੍ਰੀਦਦਾਰੀ ਵੀ ਇਥੇ ਹੀ ਕਰਦੇ ਹਨ। ਇਕ ਤਾਂ ਇਹ ਯਾਤਰਾ ਦਾ ਆਖਰੀ ਪੜਾਅ ਹੁੰਦਾ ਹੈ ਅਤੇ ਦੂਜਾ ਸਭ ਤੋਂ ਵੱਡੀ ਮੰਡੀ ਲਾਹੌਰ ਹੀ ਹੈ। ਸ਼ਾਹ ਆਲਮੀ ਮਾਰਕੀਟ, ਅਕਬਰੀ ਮੰਡੀ ਅਤੇ ਕਈ ਪੁਰਾਣੇ ਬਜ਼ਾਰ ਬਹੁਤ ਵੱਡੇ ਅਤੇ ਭੀੜੇ ਹਨ ਜਿਨ੍ਹਾਂ ਵਿਚ ਸਿਰਫ ਪੈਦਲ ਹੀ ਫਿਰਿਆ ਜਾ ਸਕਦਾ ਹੈ। ਇਨ੍ਹਾਂ ਬਜ਼ਾਰਾਂ ਵਿਚ ਘੁੰਮਦੇ ਘਮਾਉਂਦੇ ਅਸੀਂ ਅਨਾਰਕਲੀ ਬਜ਼ਾਰ ਵਿਚ ਪਹੁੰਚ ਗਏ। ਐਤਵਾਰ ਦਾ ਦਿਨ ਹੋਣ ਕਾਰਨ ਭੀੜ ਬਹੁਤ ਸੀ। ਲਾਹੌਰ ਦੀ ਆਧੁਨਿਕਤਾ ਤਾਂ ਲਿਬਰਟੀ ਮਾਰਕੀਟ ਵਿਚ ਦੇਖੀ ਜਾ ਸਕਦੀ ਹੈ। ਵੇਸੈ ਵੀ ਬੁਰਕੇ ਦੀ ਬੰਦਿਸ ਲਾਹੌਰ ਵਿਚ ਕਾਫੀ ਘੱਟ ਹੈ ਪਰ ਲਿਬਰਟੀ ਤਾਂ ਇਸ ਤੋਂ ਬਿਲਕੁਲ ਅਜ਼ਾਦ ਹੈ। ਇਥੇ ਫਿਰਦਿਆਂ ਪ੍ਰੋ: ਸੋਹਣ ਸਿੰਘ ਦੀ ਕਵਿਤਾ ਦੀਆਂ ਸਤਰਾਂ ਯਾਦ ਆਉਂਦੀਆਂ ਹਨ - ਸੱਕ ਮਲ ਦੀਆਂ ਰਾਵੀ ਦੇ ਪੱਤਣਾਂ ਤੇ ਅੱਗ ਲਾਉਣ ਲਾਹੌਰਨਾ ਚੱਲੀਆ ਨੇ। ਯੂਨੀਵਰਸਿਟੀਆਂ, ਕਾਲਜਾਂ ਅਤੇ ਆਧੁਨਿਕ ਸਿੱਖਿਆ ਦਾ ਕੇਂਦਰ ਵੀ ਹੈ ਲਾਹੌਰ। ਇਕ ਸਮੇਂ ਯੂਨੀਵਰਸਿਟੀ ਜਾਂ ਲਾਹੌਰ ਵਿਚ ਸੀ ਜਾ ਦਿੱਲੀ ਵਿਚ। ਸਭ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਲਾਹੌਰ ਵਿਚ ਹੀ ਹੋਈ ਸੀ। ਬਿਲਿਆਰਡ ਤੇ ਸਨੁਕਰ ਖੇਡਣ ਦੀ ਕਾਫੀ ਸ਼ੋਕੀਨ ਹਨ ਲਹੌਰੀਏ। ਹਰ ਗਲੀ ਮੁਹੱਲੇ ਬਿਲਿਆਰਡ ਖੇਡਣ ਦੇ ਕਲੱਬ ਹਨ। ਹਿੰਦੀ ਫਿਲਮਾਂ ਦੇ ਦੀਵਾਨੇ ਹਨ ਪਾਕਿਸਤਾਨੀ। ਕੋਈ ਆਖ ਰਿਹਾ ਸੀ ਸਾਰਾ ਦਿਨ ਭਾਵ੍ਵੇ ਹਿੰਦੂਸਤਾਨੀਆਂ ਨੂੰ ਕੋਸਦੇ ਰਹਿਣ ਪਰ ਰਾਤ ਨੂੰ ਘਰ ਵੜਕੇ ਹਿੰਦੀ ਫਿਲਮਾਂ ਜ਼ਰੂਰ ਦੇਖਦੇ ਹਨ। ਰਾਤ ਹੋਈ ਲਾਹੌਰ ਸ਼ਹਿਰ ਤੋਂ ਵਾਪਸ ਆ ਕੇ ਆਪੋ ਆਪਣੇ ਪਾਸਪੋਰਟ ਪ੍ਰਾਪਤ ਕੀਤੈ। ਕਿਉਂਕਿ ਅਗਲਾ ਦਿਨ ਆਪਣੇ ਵਤਨ ਵਾਪਸੀ ਦਾ ਸੀ। 4 ਨਵੰਬਰ 2012 ਨੂੰ ਸਵੇਰੇ 6 ਵਜੇ ਲਾਹੌਰ ਰੇਲਵੇ ਸਟੇਸ਼ਨ ਤੋਂ ਚਲ ਕੇ ਵਾਹਗੇ ਪਹੁੰਚ ਗਏ। ਵਾਹਗੇ ਤੋਂ ਇਮੀਗਰੇਸ਼ਨ ਕਰਵਾਉਣ ਉਪਰੰਤ ਸਾਰੀਆਂ ਸੰਗਤਾਂ ਲੰਗਰ ਛੱਕਿਆ ਤੇ ਗੱਡੀ ਵਿਚ ਬੈਠ ਉਸੇ ਗੇਟ ਰਾਹੀਂ ਭਾਰਤ ਵਿੱਚ ਪ੍ਰਵੇਸ਼ ਕਰ ਗਏ ਅਤੇ ਅਟਾਰੀ ਤੋਂ ਸਭ ਆਪੋ ਆਪਣੇ ਟਿਕਾਣਿਆਂ ਨੂੰ ਉਡਾਰੀ ਮਾਰ ਗਏ ਜਿੱਥੇ ਜੁੜ ਕੇ ਚਲੇ ਸੀ। ਸੁਖਜੀਤ ਸਿੰਘ ਪਟਿਆਲਾ