ਪੰਜਾਬ ਦੀ ਧਰਤੀ ਜਿਸਦੇ ਕਣ-ਕਣ ਵਿਚ ਸੰਗੀਤ ਸਮੋਇਆ ਹੈ, ਜਿਸਦੇ ਪਾਣੀਆਂ ਦੀਆਂ ਲਹਿਰਾਂ ਸੰਗੀਤਕ ਧੁਨਾਂ ਛੇੜਦੀਆਂ ਹਨ। ਪੋਣਾ ਚ ਸੰਗੀਤਕ ਰਸ ਹੈ, ਫਸਲਾਂ ਨਚਦੀਆਂ ਨਜ਼ਰ ਆਉਂਦੀਆਂ ਹਨ, ਤੇ ਵਸਦਾ ਹਰੇਕ ਵਿਅਕਤੀ ਸੰਗੀਤ ਦਾ ਆਸ਼ਕ ਤੇ ਦੀਵਾਨਾ ਹੈ। ਇਸ ਧਰਤੀ ਤੇ ਬੜੇ ਮਹਾਨ ਕਵੀਆਂ ਤੇ ਗਾਉਣ ਵਾਲਿਆਂ ਨੇ ਜਨਮ ਲਿਆ ਹੈ। ਪੰਜਾਬੀ ਲੋਕ ਗੀਤਾਂ ਤੇ ਲੋਕ ਨਾਚਾਂ ਦੀਆਂ ਸੰਸਾਰ ਭਰ ਚ ਧੁੰਮਾ ਰਹੀਆਂ ਹਨ। ਅਜ ਵੀ ਹਿੰਦੀ ਫਿਲਮਾਂ ਵਾਲੇ ਪੰਜਾਬੀ ਲੋਕ ਗੀਤ ਨੁੰ ਲੈ ਕੇ ਆਪਣੀਆਂ ਫਿਲਮਾਂ ਹਿੱਟ ਕਰ ਰਹੇ ਹਨ ਪਰ ਦੂਜੇ ਪਾਸੇ ਖੁਦ ਪੰਜਾਬੀ ਫਿਲਮਾਂ ਵਾਲੇ ਇਹਨਾ ਲੋਕ ਗੀਤਾਂ ਨੂੰ ਭੁੱਲ ਕੇ ਪੰਜਾਬੀ ਫਿਲਮਾਂ ਦਾ ਮਿਆਰ ਡੇਗੀ ਬੈਠੇ ਹਨ। ਪੰਜਾਬੀ ਗਾਇਕੀ ਆਪਣੇ ਅਮੀਰ ਸੱਭਿਆਚਾਰ ਨੁੰ ਭੁੱਲ ਕੇ ਲਚਰਤਾ ਵੱਲ ਕਿਉਂ ਵਧੇ ? ਇਸ ਦਾ ਸਭ ਤੋਂ ਵੱਡਾ ਕਾਰਣ ਇਹ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਅਜਿਹੇ ਗਾਇਕ ਮੈਦਾਨ ਵਿਚ ਉਤਰੇ ਜੋ ਸੰਗੀਤ ਦੀ ਸੂਝ ਤੋਂ ਬਿਨਾ ਹੀ ਰਾਤੋ ਰਾਤ ਵੱਡੇ ਨਾਮੀ ਗਾਇਕ ਬਣਨ ਲਈ ਲੱਚਰਤਾ ਦਾ ਸਹਾਰਾ ਲੈਂਦੇ ਰਹੇ।ਇਹ ਰੁਝਾਨ ਐਸਾ ਵਧਿਆ ਕਿ ਲੱਚਰ ਲਿਖਣ ਵਾਲੇ ਤੇ ਗਾਉਣ ਵਾਲੇ ਹੱਦ ਬੰਨ੍ਹੇ ਹੀ ਟੱਪ ਗਏ। ਚਿੱਟੀ ਭਾਸ਼ਾ ਚ ਗੀਤ ਗਾਉਣ ਲੱਗ ਪਏ। ਇਸ ਲਈ ਸਾਡੇ ਸਰੋਤਿਆਂ ਦਾ ਸਵਾਦ ਵੀ ਬਦਲ ਗਿਆ ਤੇ ਲੋਕ ਲੱਚਰ ਗੀਤਾਂ ਨੁੰ ਸ਼ਰੇਆਮ ਸੁਣਨ ਲੱਗੇ। ਇਸ ਲਈ ਗੀਤਕਾਰਾਂ ਤੇ ਗਾਇਕਾਂ ਦੇ ਨਾਲ-ਨਾਲ ਅਸੀਂ ਸੁਣਨ ਵਾਲੇ ਵੀ ਬਰਾਬਰ ਜ਼ਿੰਮੇਵਾਰ ਰਹੇ ਹਾਂ। ਬੀਤੇ ਅਸ਼ਾਂਤੀ ਦੇ ਦਹਾਕੇ ਦੌਰਾਨ ਇਸੇ ਲੱਚਰਤਾ ਕਰਕੇ ਹੀ ਇਕ ਗਾਇਕ ਨੁੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਉਸ ਸਮੇਂ ਜਦੋਂ ਲੱਚਰਤਾ ਜ਼ੋਰਾਂ ਤੇ ਸੀ ਤਾਂ ਕੁਝ ਲੋਕ ਇਸ ਲੱਚਰਤਾ ਦੇ ਹੱਕ ਚ ਅਜਿਹੀਆਂ ਦਲੀਲਾਂ ਦਿੰਦੇ ਕਿ ਆਮ ਆਦਮੀ ਉਹਨਾਂ ਨਾਲ ਸਹਿਮਤ ਹੋ ਜਾਂਦਾ। ਇਕ ਦਿਨ ਮੈਨੁੰ ਆਪਣੀ ਸੱਥ ਵਿਚ ਕੁਝ ਸਮਾਂ ਬੈਠਣ ਦਾ ਮੌਕਾ ਮਿਲਿਆ, ਜਿੱਥੇ ਲੱਚਰ ਗਾਉਣ ਵਾਲਿਆਂ ਬਾਰੇ ਇਕ ਬਜ਼ੁਰਗ ਤੇ ਇਕ ਨੌਜਵਾਨ ਦੀ ਬੜੀ ਦਿਲਚਸਪ ਬਹਿਸ ਚਲ ਰਹੀ ਸੀ। ਨੋਜਵਾਨ ਕਹਿ ਰਿਹਾ ਸੀ ਕਿ ਬਾਬਾ ਅੱਜ ਦੇ ਗੀਤਾਂ ਚ ਜੋ ਦੱਸਿਆਂ ਜਾਂਦਾ ਹੈ ਉਹਦੇ ਚ ਮਾੜੀ ਗੱਲ ਕਿਹੜੀ ਹੈ। ਜ਼ਿੰਦਗੀ ਦੀਆਂ ਸਚਾਈਆਂ ਹੀ ਪੇਸ਼ ਕੀਤੀਆਂ ਹੁੰਦੀਆਂ ਹਨ। ਬਾਬੇ ਨੇ ਕਿਹਾ ਕਿ ਕਾਕਾ ਕੁਝ ਸਚਾਈਆਂ ਐਸੀਆਂ ਹੁੰਦੀਆਂ ਹਨ ਜੋ ਪਰਦੇ ਵਿਚ ਰੱਖਣੀਆਂ ਚਾਹੀਦੀਆਂ ਹਨ। ਪਹਿਲਾਂ ਤਾਂ ਲੋਕ ਆਦਿ ਕਾਲ ਵਿਚ ਵਿਆਹ ਵੀ ਨਹੀਂ ਸਨ ਕਰਵਾਉਂਦੇ। ਪਸ਼ੂਆਂ ਵਾਂਗ ਕੋਈ ਕਿਸੇ ਨਾਲ ਵੀ ਮੇਲ-ਮਿਲਾਪ ਕਰ ਲੈਂਦੇ ਸੀ। ਲੋਕਾਂ ਵਿਚ ਸੂਝ ਪੈਦਾ ਹੋਈ ਸਮਝ ਆਈ ਕਿ ਇਹ ਗਲਤ ਹੈ। ਲੋਕਾਂ ਨੇ ਅਸੂਲ ਬਣਾਏ ਵਿਆਹ ਦੀ ਰਸਮ ਸ਼ੁਰੂ ਹੋਈ। ਇਸ ਕਰਕੇ ਸਾਨੁੰ ਅੱਜ ਇਹ ਸਮਝਣ ਦੀ ਲੋੜ ਹੈ ਕਿ ਇਸ ਲੱਚਰਤਾ ਨਾਲ ਸਾਡੇ ਸਮਾਜ ਦੇ ਨੌਜੁਆਨਾ ਅੰਦਰ ਪਸ਼ੂਬ੍ਰਿਤੀ ਜਾਗਦੀ ਹੈ, ਜਿਸ ਦੇ ਨਤੀਜੇ ਵਜੋਂ ਉਹ ਅਨੈਤਿਕ ਕਾਰੇ ਕਰਨ ਤੇ ਉੱਤਰ ਆਉਂਦੇ ਹਨ। ਇਸ ਵਾਸਤੇ ਸਾਨੁੰ ਲੱਚਰਤਾ ਤੇ ਕਾਬੂ ਪਾਉਣ ਦੀ ਸਖਤ ਲੋੜ ਹੈ। ਥੋੜੇ ਸਮੇਂ ਤੋਂ ਪੰਜਾਬੀਆਂ ਅੰਦਰ ਕਾਫੀ ਜਾਗ੍ਰਿਤੀ ਆਈ ਹੈ ਉਹਨਾਂ ਨੇ ਲੱਚਰ ਗਾਉਣ ਵਾਲਿਆਂ ਨੁੰ ਨਕਾਰਨਾ ਸ਼ੁਰੂ ਕਰ ਦਿੱਤਾ।ਸਾਫ ਸੁਥਰਾ ਗਾ ਕੇ ਕੁਲਦੀਪ ਮਾਣਕ,ਗੁਰਦਾਸ ਮਾਨ,ਹੰਸ ਰਾਜ ਹੰਸ, ਸਰਦੂਲ ਸਿਕੰਦਰ, ਹਰਭਜਨ ਮਾਨ ਆਦਿ ਗਾਇਕ ਵਿਸ਼ਵ ਪ੍ਰਸਿੱਧ ਗਾਇਕ ਬਣੇ ਹਨ। ਇਹਨਾ ਦਾ ਲੋਕਾਂ ਦੇ ਦਿਲਾਂ ਚ ਅਥਾਹ ਮਾਨ ਸਨਮਾਨ ਹੈ। ਸਾਡੇ ਪੰਜਾਬੀ ਸੱਭਿਆਚਾਰ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਸਾਫ ਸੁਥਰੀ ਗਾਇਕੀ ਦੇ ਮਾਲਕ ਹੰਸ ਰਾਜ ਹੰਸ ਨੁੰ ਨਿਊਯਾਰਕ ਯੂਨੀਵਰਸਿਟੀ ਚ ਫ਼ੈਲੋਸ਼ਿਪ ਮਿਲੀ ਹੈ। ਇਸ ਨਾਲ ਸਾਡਾ ਸਭ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਹਰਭਜਨ ਮਾਨ ਅਜਿਹਾ ਗਾਇਕ ਹੈ ਜਿਸਨੇ ਇਸ਼ਕ ਮੁਸ਼ਕ ਤੋਂ ਹਟ ਕੇ ਹੋਰ ਪ੍ਰੇਮ ਭਰੇ ਰਿਸ਼ਤਿਆਂ ਦੇ ਵੈਰਾਗਮਈ ਗੀਤ ਗਾ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਕੁਲਦੀਪ ਮਾਣਕ ਦੀਆਂ ਕਲੀਆਂ ਲੋਕ ਗੀਤਾਂ ਦੇ ਬਰਾਬਰ ਦਾ ਦਰਜਾ ਹਾਸਲ ਕਰਨ ਲੱਗੀਆਂ ਹਨ। ਇਸੇ ਤਰ੍ਹਾਂ ਸਰਦੂਲ ਤੇ ਗੁਰਦਾਸ ਦੇ ਗੀਤ ਵੀ ਘਰਾਂ ਚ ਸੁਣਨਯੋਗ ਹੁੰਦੇ ਹਨ। ਇਹ ਗਾਇਕ ਸੱਚਮੁੱਚ ਗਾਇਕ ਹਨ ਜਿਨ੍ਹਾਂ ਨੇ ਸਖਤ ਮਿਹਨਤ ਤੇ ਲਗਨ ਨਾਲ ਲੋਕਾਂ ਦਾ ਪਿਆਰ ਪਾਇਆ ਹੈ। ਲੇਕਿਨ ਲੱਚਰ ਗਾਉਣ ਵਾਲੇ ਅਸਲ ਵਿਚ ਗਾਇਕ ਨਹੀਂ ਹੁੰਦੇ ਸਗੋਂ ਲੱਚਰਤਾ ਦੇ ਸਹਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਇਹ ਲੱਚਰ ਗੀਤ ਗਾਉਣ ਵਾਲੇ ਪੰਜਾਬੀ ਸੱਭਿਆਚਾਰ ਨੁੰ ਬਦਨਾਮ ਕਰ ਰਹੇ ਹਨ। ਅਜਿਹੇ ਗਾਇਕ ਕੁਝ ਸਮੇਂ ਲਈ ਆਪਣੀਆਂ ਕੈਸਟਾਂ ਦੀ ਵਿਕਰੀ ਵਧਾ ਸਕਦੇ ਹਨ ਪ੍ਰੰਤੂ ਆਪਣਾ ਨਾਮ ਪੰਜਾਬੀ ਗਾਇਕੀ ਦੇ ਖੇਤਰ ਚ ਮੋਟੇ ਅੱਖਰਾਂ ਨਾਲ ਨਹੀਂ ਲਿਖਵਾ ਸਕਦੇ। ਇਸ ਕਰਕੇ ਜੇਕਰ ਕਿਸੇ ਗਾਇਕ ਨੇ ਪੰਜਾਬੀ ਗਾਇਕੀ ਦੇ ਆਸਮਾਨ ਚ ਸਿਤਾਰਾ ਬਣਕੇ ਜ਼ਿਆਦਾ ਦੇਰ ਤੱਕ ਚਮਕਣਾ ਹੈ ਤਾਂ ਉਸਨੂੰ ਪੂਰੀ ਲਗਨ ਨਾਲ ਮਿਹਨਤ ਤੇ ਰਿਆਜ਼ ਦੀ ਲੋੜ ਹੈ ਨਾ ਕਿ ਲੱਚਰਤਾ ਦੇ ਸਹਾਰੇ ਦੀ। ਗੁਰਮਿੰਦਰ ਪਾਲ ਸਿੰਘ ਆਹਲੂਵਾਲੀਆ