ਅੱਜ ਅਸੀਂ ਅਗਰ ਸਰਵੇਖਣ ਕਰਕੇ ਦੇਖੀਏ ਤਾਂ ਭਾਰਤ ਦਾ ਹਰ ਆਦਮੀ ਬਿਮਾਰ ਹੈ। ਵੈਸੇ ਵੀ ਲੋਕਾਂ ਦੀ ਭੀੜ ਉਤੇ ਨਿਜ਼ਰ ਟਿਕਾਈਏ ਤਾਂ ਹਰ ਆਦਮੀ ਉਦਾਸ, ਕਮਜ਼ੋਰ ਅਤੇ ਬਿਮਾਰ ਲਗਦਾ ਹੈ। ਇਸ ਦੇ ਕਈ ਕਾਰਣ ਹੋ ਸਕਦੇ ਹਨ। ਇਥੇ ਗੁਰਬਤ ਹੈ ਅਤੇ ਆਮ ਆਦਮੀ ਨੂੰ ਸਹੀ ਖ਼ੁਰਾਕ ਨਹੀਂ ਮਿਲਦੀ। ਮਸਾਂ ਪੇਟ ਭਰਦਾ ਹੈ। ਲੋਕਾਂ ਪਾਸ ਸਹੀ ਕਿਸਮ ਦੀਆਂ ਰਸੋਈਆਂ ਨਹੀਂ ਹਨ ਅਤੇ ਬਰਤਨਾਂ ਦੀ ਸਫ਼ਾਈ ਵੀ ਨਹੀਂ ਹੈ। ਹਰ ਆਦਮੀ ਦੇ ਘਰ ਫ਼੍ਰਿਜ ਵਰਗੀਆਂ ਸਹੂਲਤਾ ਨਾ ਹੋਣ ਕਰਕੇ ਬਚਿਆਂ ਖਾਣਾ ਸੰਭਾਲਕੇ ਨਹੀਂ ਰਖਿਆ ਜਾ ਸਕਦਾ। ਵੈਸੇ ਵੀ ਲੋਕਾਂ ਨੂੰ ਹਾਈਜੀਨ ਦਾ ਘੱਅ ਹੀ ਪਤਾ ਹੈ। ਇਹ ਵੀ ਪਤਾ ਨਹੀਂ ਹੈ ਕਿ ਕਿਸ ਕਿਸ ਖਾਣ ਵਾਲੀ ਚੀਜ਼ ਵਿੱਚ ਖ਼ੁਰਾਕੀ ਤੱਤ ਹਨ ਅਤੇ ਕਿਸ ਕਿਸ ਸ਼ੈਅ ਵਿੱਚ ਖ਼ੁਰਾਕੀ ਤੱਤ ਹਨ ਹੀ ਨਹੀਂ ਹਨ। ਬਸ ਪੇਟ ਭਰਨਾ ਹੁੰਦਾ ਹੈ। ਇਹੀ ਮੁਲਕ ਹੈ ਜਿਥੇ ਬਾਸੀ ਅਤੇ ਪੁਰਾਣੀਆਂ ਚੀਜ਼ਾਂ ਵੀ ਖਾ ਲਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਇਸ ਮੁਲਕ ਵਿੱਚ ਲੋਕਾਂ ਲਈ ਖਾਣ ਵਾਲੀਆਂ ਚੀਜ਼ਾਂ ਵਿੱਚ ਕਈ ਕਿਸਮ ਦੀ ਮਿਲਾਵਟ ਕਰ ਦਿੱਤੀ ਜਾਂਦੀ ਹੈ ਅਤੇ ਇਹ ਸਸਤੀਆਂ ਚੀਜ਼ਾਂ ਲੈਕੇ ਲੋਕੀਂ ਖਾਈ ਜਾਂਦੇ ਹਨ। ਇਹ ਮਿਲਾਵਟਾਂ ਕਰਨ ਵਾਲੇ ਵੀ ਕੋਈ ਕਸਰ ਨਹੀਂ ਛਡਦੇ ਅਤੇ ਐਸੇ ਐਸੇ ਐਸਡ ਪਾ ਦਿੰਦੇ ਹਨ ਜਿਹੜੇ ਕੈਂਸਰ ਤੱਕ ਦੀਆ ਬਿਮਾਰੀਆਂ ਲਗਾ ਸਕਦੇ ਹਨ। ਅਸੀਂ ਅਗਰ ਦੁੱਧ ਦੀ ਹੀ ਗਲ ਕਰੀਏ ਤਾਂ ਜਿਤਨਾ ਦੁੱਧ ਕਿਸੇ ਪ੍ਰਾਂਤ ਵਿੱਚ ਪੈਦਾ ਹੁੰਦਾ ਹੈ ਉਸਤੋਂ ਚਾਰ ਗੁਣਾ ਦੁਧ ਸ਼ਹਿਰਾਂ ਵਿੱਚ ਸਪਲਾਈ ਕਰ ਦਿੱਤਾ ਜਾਂਦਾ ਹੈ। ਇਹ ਤਿੰਨ ਚੋਥਾਈ ਹਿੱਸਾ ਦੁੱਧ ਕਿੱਥੋਂ ਆਉਂਦਾ ਹੈ, ਇਸ ਬਾਰੇ ਹੁਣ ਤੱਕ ਵਕਤ ਦੀਆਂ ਸਰਕਾਰਾਂ ਵੀ ਸੋਚ ਨਹੀਂ ਸਕੀਆਂ ਅਤੇ ਇਹ ਹਲਵਾਈ ਅਤੇ ਹੋਟਲਾਂ ਵਾਲੇ ਆਪਣੀ ਹੀ ਦੁਕਾਨ ਦਾ ਖਾਣਾ ਨਹੀਂ ਖਾਂਦੇ ਕਿਉਂਕਿ ਉਹ ਜਾਣਦੇ ਹਨ ਇਹ ਪਕਵਾਨ ਤਿਆਰ ਕਿਵੇਂ ਕੀਤੇ ਗਏ ਹਨ। ਇਹ ਤਾਂ ਕਾਰਨ ਹਨ ਬਿਮਾਰੀਆਂ ਲਗਣ ਦੇ। ਪਰ ਸਾਡੇ ਦੇਸ਼ ਵਿੱਚ ਹਰ ਆਦਮੀ ਡਾਕਟਰ ਹੈ। ਕਿਸੇ ਨਾਲ ਆਪਣੀ ਬਿਮਾਰੀ ਦੀ ਗਲ ਕਰਕੇ ਤਾਂ ਦੇਖੋ। ਉਹ ਆਦਮੀ ਝੱਟ ਹੀ ਇਲਾਜ ਦੇ ਨੁਖ਼ਸੇ ਦਸਣ ਲਗ ਪਵੇਗਾ ਜਾ ਐਸੇ ਐਸੇ ਸਾਧਾਂ ਅਤੇ ਝੋਲਾ ਛਾਪ ਡਾਕਟਰਾਂ ਬਾਰੇ ਦਸਣ ਲਗ ਪਵੇਗਾ ਜਿਹੜੇ ਭਿਆਨਕ ਤੋਂ ਭਿਆਨਕ ਬਿਮਾਰੀਆਂ ਦਾ ਇਲਾਜ ਕਰ ਸਕਦਾ ਹੈ। ਅਰਥਾਤ ਇਸ ਮੁਲਕ ਅੰਦਰ ਐਸੇ ਡਾਕਟਰਾ ਦੀ ਇਤਨੀ ਬਹੁਤਾਤ ਹੈ ਕਿ ਇੱਟ ਚੁੱਕੋ ਤਾਂ ਹੇਠਾਂ ਤੋਂ ਦਸ ਡਾਕਟਰ ਸਿਰ ਕੱਢਕੇ ਆਖਦੇ ਹਨ, ਮੈਂ ਇਲਾਜ ਕਰਨ ਲਈ ਤਿਆਰ ਹਾਂ। ਇਹ ਗਲ ਵੀ ਸਪਸ਼ਟ ਹੈ ਕਿ ਇੰਨ੍ਹਾ ਡਾਕਟਰਾਂ ਦੀ ਚਾਂਦੀ ਹੋ ਗਈ ਹੈ। ਹਰ ਕਿਸੇ ਦਾ ਕੰਮ ਚਲ ਰਿਹਾ ਹੈ। ਬੇਸ਼ਕ ਆਖ਼ਰ ਵਿੱਚ ਮਰੀਜ਼ ਦੀ ਮੌਤ ਹਸਪਤਾਲ ਵਿੱਚ ਹੀ ਜਾਕੇ ਹੁੰਦੀ ਹੈ ਕਿਉਂਕਿ ਇੰਨ੍ਹਾਂ ਹਸਪਤਾਲਾਂ ਪਾਸ ਵੀ ਦਵਾਈਆਂ ਦੀ ਘਾਟ ਹੈ ਅਤੇ ਸਾਡੇ ਦੇਸ਼ ਦਾ ਆਮ ਆਦਮੀ ਦਵਾਈਆਂ ਖਰੀਦਣ ਦੀ ਸਮਰਥਾ ਹੀ ਨਹੀਂ ਰਖਦਾ ਅਤੇ ਆਮ ਮਰੀਜ਼ ਮਰ ਜਾਂਦਾ ਹੈ। ਇਸ ਮੁਲਕ ਅੰਦਰ ਹਰ ਸਰਕਾਰੀ ਡਾਕਟਰ ਤਜਰਬਾ ਹਾਸਲ ਕਰਨ ਉਤੇ ਲਗਾ ਹੋਇਆ ਹੈ ਤਾਂਕਿ ਤਜਰਬੇਕਾਰ ਹੋਕੇ ਪ੍ਰਾਈਵੇਟ ਕਲੀਨਿਕ ਖੋਲ੍ਹਿਆ ਜਾਵੇ ਅਤੇ ਚਾਰ ਪੈਸੇ ਕਮਾਉਣ ਦਾ ਸਿਲਸਿਲਾ ਸ਼ਰੂਹ ਕਰ ਦਿੱਤਾ ਜਾਵੇ। ਸਰਕਾਰੀ ਹਸਪਤਾਲਾਂ ਵਾਲੇ ਡਾਕਟਰ ਵੀ ਮਿਲੇ ਹੋਏ ਹਨ ਅਤੇ ਆਮ ਤੋਰ ਤੇ ਮਰੀਜ਼ ਜਾਂ ਉਸ ਨਾਲ ਆਏ ਆਦਮੀਆਂ ਨੂੰ ਇੀ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਪ੍ਰਾਈਵੇਟ ਡਾਕਟਰ ਦੇ ਕਲੀਨਿਕ ਵਿੱਚ ਲੈ ਜਾਓ ਤਾਂਕਿ ਸਹੀ ਇਲਾਜ ਕੀਤਾ ਜਾ ਸਕੇ। ਇਹ ਹੈ ਇਸ ਮੁਲਕ ਦਾ ਹਾਲ। ਇਸ ਮੁਲਕ ਅੰਦਰ ਡਾਕਟਰ ਵੀ ਹਨ, ਮਾਹਿਰ ਵੀ ਹਨ, ਝੋਲਾ-ਛਾਪ ਡਾਕਟਰ ਵੀ ਹਨ, ਸੰਤ ਮਹਾਤਮਾਂ ਵੀ ਹਨ, ਕਈ ਥਾਵਾਂ ਉਤੇ ਇਸ਼ਨਾਨ ਕਰਕੇ ਵੀ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ, ਸੰਤਾ ਦੀ ਧੂੜ ਨਾਲ ਵੀ ਇਲਾਜ ਹੁੰਦਾ ਹੈ, ਮੰਤਰ ਪੜ੍ਹਕੇ ਫ਼ੂਕਣ ਨਾਲ ਵੀ ਇਲਾਜ ਕੀਤਾ ਜਾ ਸਕਦਾ ਹੈ, ਅਰਦਾਸਾਂ ਅਤੇ ਪ੍ਰਾਰਥਨਾਵਾਂ ਨਾਲ ਵੀ ਇਲਾਜ ਕੀਤਾ ਜਾ ਸਕਦਾ ਹੈ, ਧਾਰਮਿਕ ਗ੍ਰੰਥਾਂ ਦਾ ਉਚਾਰਨ ਵੀ ਇਲਾਜ ਕਰਦਾ ਹੈ। ਇਹ ਹੈ ਸਾਡਾ ਭਾਰਤ ਜਿਥੇ ਆਯੁਰਵੈਦਾ ਵੀ ਹੈ ਜਿਥੇ ਮਾਪਿਆਂ ਪਾਸੋਂ ਹੀ ਸਿਖਲਾਈ ਲਈ ਡਾਕਟਰ ਇਲਾਜ ਕਰਨ ਲਗ ਪੈਂਦੇ ਹਨ ਅਤੇ ਕਿਤਨੇ ਹੀ ਹੋਮਿਊਪੈਥੀ ਦੇ ਡਾਕਟਰ ਵੀ ਹਨ ਜਿੰਨ੍ਹਾਂ ਪਾਸ ਸਿਰਫ਼ ਲਾਇਸੈਂਸ ਹੀ ਹੈ ਅਤੇ ਸਿਖਲਾਈ ਦਾ ਕੋਈ ਕੋਰਸ ਨਹੀਂ ਕੀਤਾ ਹੋਇਆ। ਇਸ ਮੁਲਕ ਵਿੱਚ ਹਰ ਆਦਮੀ ਪਾਸ ਚਾਰ ਨੁਖ਼ਸੇ ਹਨ ਅਤੇ ਉਹ ਦਸਣੋਂ ਕਦੀ ਵੀ ਟਲਦਾ ਨਹੀਂ ਹੈ। ਪਰ ਅਫ਼ਸੋਸ ਇਸ ਗਲ ਦਾ ਹੈ ਕਿ ਇਤਨੇ ਡਾਕਟਰ ਹੋਣ ਦੇ ਬਾਵਜੂਦ ਇਸ ਮੁਲਕ ਅੰਦਰ ਬਿਮਾਰਾਂ ਅਤੇ ਕਮਜ਼ੋਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹਰ ਆਦਮੀ ਆਪਣਾ ਇਲਾਜ ਆਪ ਹੀ ਕਰਨ ਲਗ ਪਿਆ ਹੈ। ਫ਼ਿਰ ਵੀ ਹਰ ਆਦਮੀ ਕਈ ਬਿਮਾਰੀਆਂ ਦਾ ਮਰੀਜ਼ ਹੋ ਗਿਆ ਹੈ। ਸਾਡੀਆਂ ਸਰਕਾਰਾਂ ਨੂੰ ਪੱਤਾ ਹੈ ਕਿ ਇਸ ਮੁਲਕ ਅੰਦਰ ਇਲਾਜ ਪ੍ਰਣਾਲੀ ਸਹੀ ਨਹੀਂ ਹੈ। ਜਿਵੇਂ ਹਲਵਾਈ ਅਤੇ ਹੋਟਲਾਂ ਵਾਲੇ ਆਪਣੀ ਦੁਕਾਨ ਦਾ ਭੋਜਨ ਨਹੀਂ ਕਰਦੇ ਇਸੇ ਤਰ੍ਹਾਂ ਇਹ ਸਾਡੇ ਹਾਕਮ ਆਪਣਾ ਇਲਾਜ ਇਸ ਮੁਲਕ ਵਿੱਚ ਨਹੀਂ ਕਰਵਾਂਉਂਦੇ ਅਤੇ ਅਗਰ ਅੱਜ ਅਸੀਂ ਸਰਕਾਰ ਪਾਸੋਂ ਅੰਕੜੇ ਮੰਗੀਏ ਤਾਂ ਇਹ ਅੰਕੜੇ ਪੜ੍ਹਕੇ ਅਸੀਂ ਹੈਰਾਨæ ਪ੍ਰੇਸ਼ਾਨ ਹੋ ਜਾਵਾਂਗੇ ਕਿ ਇਹ ਰਕਮਾਂ ਇਤਨੀਆਂ ਵਡੀਆਂ ਹਨ ਕਿ ਇਸ ਮੁਲਕ ਵਿੱਚ ਜਿਤਨਾ ਪੈਸਾ ਲੋਕਾਂ ਦੇ ਇਲਾਜ ਉਤੇ ਖ਼ਰਚ ਕੀਤਾ ਜਾਂਦਾ ਹੈ ਉਸਤੋਂ ਕਈ ਗੁਣਾ ਵੱਘ ਪੈਸਾ ਸਾਡੇ ਹਾਕਮਾਂ ਦੇ ਇਲਾਜ ਉਤੇ ਬਾਹਰਲੇ ਮੁਲਕਾਂ ਵਿੱਚ ਖ਼ਰਚ ਕੀਤਾ ਜਾ ਚੁਕਿਆ ਹੈ। ਪਰ ਇਹ ਗਲਾਂ ਗੁਪਤ ਹਨ ਅਤੇ ਲੋਕਾਂ ਸਾਹਮਣੇ ਨਹੀਂ ਕੀਤੀਆਂ ਜਾਂਦੀਆਂ ਅਤੇ ਇਉਂ ਇਸ ਦੇਸ਼ ਦੀ ਪਰਜਾਤੰਤਰ ਸਰਕਾਰ ਚਲ ਰਹੀ ਹੈ। ਇਸੇ ਤਰ੍ਹਾਂ ਚਲਦੀ ਰਵੇਗੀ ਕਿਉਂਕਿ ਸਰਕਾਰ ਵੀ ਇਸ ਬਹੁਤੀ ਆਬਾਦੀ ਤੋਂ ਤੰਗ ਹੈ ਅਤੇ ਅਗਰ ਇਹ ਬਿਮਾਰੀਆਂ ਆਬਾਦੀ ਘਟਾਉਂਦੀਆਂ ਹਨ ਤਾਂ ਕੋਈ ਮਾੜੀ ਗਲ ਨਹੀਂ ਹੈ। ਇਸ ਲਈ ਇਲਾਜ ਕਰਨ ਵਾਲੇ ਜਿਉਂਦੇ ਰਹਿਣ ਅਤੇ ਸਾਡੀ ਆਬਾਦੀ ਘਟਦੀ ਰਵੇ। ਦਲੀਪ ਸਿੰਘ ਵਾਸਨ, ਐਡਵੋਕੇਟ 101-ਸੀ ਵਿਕਾਸ ਕਲੋਨੀ, ਪਟਿਆਲਾ-147003