ਹਰਾਮ ਦਾ ਪੈਸਾ……….?

ਕਈ ਸਦੀਆਂ ਪਹਿਲਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਆਖ ਗਏ ਸਨ ਕਿ ਮਾਇਆ ਪਾਪਾਂ ਬਗ਼ੈਰ ਇਕਠੀ ਨਹੀਂ ਹੋ ਸਕਦੀ ਅਤੇ ਮਰਨ ਵਕਤ ਨਾਲ ਨਹੀਂ ਜਾਂਦੀ ਹੈ। ਇਸ ਵਾਕ ਦੀ ਵਰਤੋਂ ਹਰ ਧਾਰਮਿਕ ਅਸਥਾਨ ਉਤੇ ਕੀਤੀ ਜਾਂਦੀ ਹੈ ਜਦਕਿ ਇਹ ਧਾਰਮਿਕ ਅਸਥਾਨਾਂ ਵਾਲੇ ਆਪ ਮਾਇਆ ਇਕਠੀ ਕਰਨ ਉਤੇ ਲਗੇ ਹੁੰਦੇ ਹਨ। ਕਿਉਂਕਿ ਉਹ ਕ੍ਰਿਤ ਨਹੀਂ ਕਰ ਰਹੇ ਹੁੰਦੇ ਇਸ ਲਈ ਇਹ ਇਕਠੀ ਕੀਤੀ ਮਾਇਆ ਵੀ ਪਾਪਾਂ ਨਾਲ ਇਕਠੀ ਕਰਨ ਦੇ ਬਰਾਬਰ ਹੀ ਹੁੰਦੀ ਹੈ। ਇਹ ਸਚਾਈ ਹੈ ਕਿ ਜਿਤਨੇ ਵੀ ਸੰਤ ਮਹਾਤਮਾਂ ਮਰ ਗਏ ਹਨ ਕੋਈ ਵੀ ਮਾਇਆ ਨਾਲ ਲੈਕੇ ਨਹੀਂ ਗਿਆ। ਸਾਰਾ ਕੁੱਝ ਇਥੇ ਹੀ ਛਡ ਗਿਆ ਹੈ। ਪਰ ਇਹ ਸਬਕ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗਏ ਸਨ ਇਹ ਸਿਰਫ਼ ਬਾਰ ਬਾਰ ਉਚਾਰਨ ਲਈ ਹੀ ਹੈ ਅਤੇ ਇਸ ਸਿਧਾਂਤ ਉਤੇ ਚਲਣਾ ਅੱਜ ਤੱਕ ਕਿਸੇ ਨੂੰ ਨਹੀਂ ਆਇਆ। ਅਗਰ ਕੋਈ ਹਰਾਮ ਦੀ ਕਮਾਈ ਨਹੀਂ ਕਰਦਾ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਆਦਮੀ ਸਾਧ ਸੰਤ ਬਣ ਗਿਆ ਹੈ, ਬਲਕਿ ਇਹ ਆਖਿਆ ਜਾ ਸਕਦਾ ਹੈ ਕਿ ਹੇਰਾ ਫ਼ੇਰੀ ਨਾਲ ਪੈਸਾ ਇਕਠਾ ਕਰਨਾ ਜਾਂ ਤਾ ਉਸਨੂੰ ਆਉਂਦਾ ਹੀ ਨਹੀਂ ਹੈ ਜਾਂ ਉਹ ਡਰਦਾ ਹੈ ਕਿ ਅਗਰ ਪਕੜਿਆ ਗਿਆ ਤਾਂ ਕੀ ਕਰੇਗਾ।
ਸਾਡੇ ਮੁਲਕ ਦੇ ਸਾਰੇ ਦੇ ਸਾਰੇ ਲੋਕੀਂ ਕਿਸੇ ਨਾ ਕਿਸੇ ਧਰਮ ਨਾਲ ਜੁੜੇ ਹੋਏ ਹਨ ਅਤੇ ਇਹ ਵੀ ਵਿਸ਼ਵਾਸ ਕਰਦੇ ਹਨ ਕਿ ਹਰਾਮ ਨਹੀਂ ਖਾਣਾ ਚਾਹੀਦਾ। ਪਰ ਹਰ ਆਦਮੀ ਦੀ ਮਜੂਂਰੀ ਹੈ ਕਿ ਉਹ ਪੈਸਾ ਇਕਠਾ ਕਰੇ। ਪੈਸੇ ਬਗ਼ੈਰ ਇਥੇ ਨਾਂ ਤਾਂ ਪਾਣੀ ਮਿਲਦਾ ਹੈ ਅਤੇ ਨਾ ਹੀ ਹਵਾਂ ਮਿਲਦੀ ਹੈ। ਕਦੀ ਇਹ ਚੀਜ਼ਾਂ ਮੁਫ਼ਤ ਮਿਲਦੀਆਂ ਸਨæ ਅਤੇ ਇਹ ਵੀ ਆਖ ਦਿੱਤਾ ਗਿਆ ਸੀ ਕਿ ਰੁਖੀ ਸੁੱਕੀ ਖਾਕੇ ਠੰਡਾ ਪਾਣੀ ਪੀ ਅਤੇ ਨਾ ਦੇਖ ਪਰਾਈਆਂ ਚੋਪੜੀਆਂ ਅਤੇ ਨਾ ਤਰਸਾਵੀਂ ਜੀ। ਇਹ ਗਲਾ ਬਹੁਤ ਹੀ ਪੁਰਾਣੀਆਂ ਹੋ ਗਈਆਂ ਹਨ। ਅੱਜ ਵੀ ਲੋਕੀਂ ਬਹੁਤਾ ਖਾਕੇ ਬਿਮਾਰ ਹੋ ਰਹੇ ਹਨ ਅਤੇ ਇਕ ਪਾਸੇ ਲੋਕੀਂ ਭੁਖ ਕਾਰਨ ਮਰ ਰਹੇ ਹਨ, ਪਰ ਲੁਟਣ ਦਾ ਸਿਲਸਿਲਾ ਜਾਰੀ ਹੈ। ਜਿਸ ਕਿਸੇ ਹੱਥ ਪੈਸਾ ਆ ਜਾਦਾ ਹੈ ਉਹ ਇਸ ਪੈਸੇ ਦੀ ਸਹਾਇਤਾਂ ਨਾਲ ਹੋਰ ਪੈਸਾ ਇਕਠਾ ਕਰਨ ਉਤੇ ਲਗਾ ਹੋਇਆ ਹੈ ਅਤੇ ਜਿਸ ਪਾਸ ਤਾਕਤ ਹੈ ਉਹ ਵੀ ਇਸ ਤਾਕਤ ਦੀ ਗ਼ਲਤ ਵਰਮਤੋਂ ਕਰਕੇ ਪੈਸਾ ਇਕਠਾ ਕਰਨ ਉਤੇ ਲਗਾ ਹੋਇਆ ਹੈ। ਜਿਸ ਪਾਸ ਪੈਸਾ ਆ ਗਿਆ ਹੈ ਵੁਹ ਆਦਮੀ ਇਜ਼ਤਦਾਰ ਵੀ ਬਣ ਜਾਂਦਾ ਹੈ ਅਤੇ ਭਾਵੇਂ ਜੋ ਮਰਜ਼ੀ ਹੈ ਕਰੀ ਜਾਵੇ, ਉਸਦਾ ਹਰ ਪਾਪ, ਹਰ ਅਪ੍ਰਾਧ ਅਤੇ ਹਰ ਦੁਰਾਚਾਰ ਛੁਪ ਜਾਂਦਾ ਹੈ। ਕੋਈ ਵੀ ਰਾਣੀ ਨੂੰ ਇਹ ਨਹੀਂ ਆਖਦਾ ਰਾਣੀ ਸਾਹਿਬਾ ਆਪਣਾ ਅਗਲਾ ਢੱਕ ਲਓ। ਇਹ ਹੈ ਇਹ ਮੁਲਕ ਅਤੇ ਇਹ ਗਲਾਂ ਇਥੇ ਅੱਜ ਸਥਾਪਿਤ ਨਹੀਂ ਹੋਈਆਂ ਬਲਕਿ ਸਦੀਆਂ ਪਹਿਲਾਂ ਵੀ ਇਥੇ ਸੁਦਾਮਾ ਹੋਇਆ ਹੈ ਅਤੇ ਇਹ ਸੁਦਾਮਾ ਹਰ ਯੁਗ ਵਿੱਚ ਹਾਜ਼ਰ ਹੈ।
ਆਖਦੇ ਹਨ ਹਰਾਮ ਪਚਦਾ ਨਹੀਂ। ਪਰ ਇਹ ਗਲ ਕਿਸੇ ਹੋਰ ਯੁਗ ਵਿੱਚ ਆਖੀ ਗਈ ਹੋਵੇਗੀ। ਅੱਜ ਤਾਂ ਹਰਾਮ ਖ਼ੂਬ ਪਚ ਰਿਹਾ ਹੈ ਅਤੇ ਇਹ ਜਹਾਜ਼, ਇਹ ਕਾਰਾਂ, ਇਹ ਮਹਿਲ, ਇਹ ਕਪੜੇ, ਇਹ ਖ਼ਰਚੇ, ਇਹ ਮੌਜਾਂ ਅਤੇ ਇਹ ਬਹਾਰਾਂ ਸਾਫ਼ ਪਈਆਂ ਦਸਦੀਆਂ ਹਨ ਕਿ ਹਰਾਮ ਦਾ ਪੈਸਾ ਰੰਗ ਲਿਆ ਰਿਹਾ ਹੈ। ਪੈਸਾ ਬਟੋਰਨ ਵਾਲੇ ਵੀ ਐਸ਼ ਕਰ ਰਹੇ ਹਨ, ਘਰ ਵਾਲੇ ਵੀ ਐਸ਼ ਪਏ ਕਰਦੇ ਹਨ ਅਤੇ ਅਗਰ ਹੋਰ ਨੀਝ ਨਾਲ ਦੇਖਿਆ ਜਾਵੇ ਤਾਂ ਕਈ ਕਈ ਪੀੜ੍ਹੀਆਂ ਮੌਜਾ ਕਰਦੀਆਂ ਆ ਰਹੀਆਂ ਹਨ। ਇਹ ਲੁਟੇਰਿਅੰਾਂ ਨਾਲ ਰੱਬ ਨੇ ਕੀ ਕੀਤਾ ਹੋਵੇਗਾ, ਇਸ ਗਲ ਦਾ ਸਾਨੂੰ ਪਤਾ ਨਹੀਂ ਲਗਾ, ਪਰ ਵਕਤ ਦੀਆਂ ਸਰਕਾਰਾਂ ਵੀ ਇੰਨ੍ਹਾਂ ਨੂੰ ਸਜ਼ਾ ਨਹੀਂ ਦੇ ਰਹੀਆਂ ਅਤੇ ਨਾ ਹੀ ਕੋਈ ਇੰਨ੍ਹਾਂ ਪਾਸੋਂ ਪੈਸਾ ਖੋਹ ਹੀ ਰਿਹਾ ਹੈ। ਲਗਦਾ ਹੈ ਸਾਡਾ ਸੰਵਿਧਾਨ ਇਹ ਲੁੱਟ ਕਰਨ ਦੀ ਆਗਿਆ ਦਿੰਦਾ ਹੈ ਅਤੇ ਇਹ ਵੀ ਆਖਦਾ ਹੈ ਕਿ ਮੇਰੇ ਬਚਿਓ, ਖਾਈ ਜਾਓ ਅਤੇ ਮੌਜਾਂ ਕਰੋ ਕਿਉਂਕਿ ਮੇਰੇ ਹੁਕਮਾਂ ਮੁਤਾਬਿਕ ਤੁਹਾਨੂੰ ਕੋਈ ਵੀ ਪਕੜੇਗਾ ਨਹੀਂ।
ਇਸ ਲਈ ਲੋਕਾਂ ਨੂੰ ਪਤਾ ਲਗ ਗਿਆ ਹੈ ਕਿ ਇਸ ਮੁਲਕ ਅੰਦਰ ਜਿਹੜੇ ਲੋਕੀਂ ਲੁਟੇਰਿਆਂ ਉਤੇ ਟੀਕਾ ਟਿਪਣੀ ਕਰ ਰਹੇ ਹਨ ਉਹ ਵੀ ਜੰਤਾ ਦੀ ਭਲਾਈ ਲਈ ਗਲਾਂ ਨਹੀਂ ਕਰ ਰਹੇ ਬਲਕਿ ਉਹ ਤਾਂ ਇਹ ਚਾਹ ਰਹੇ ਹਨ ਕਿ ਕਿਸੇ ਤਰ੍ਹਾਂ ਇਹ ਵਕਤ ਦੀਆਂ ਸਰਕਾਰਾਂ ਜਾਂਦੀਆਂ ਰਹਿਣ ਅਤੇ ਉਨ੍ਹਾਂ ਦੀ ਵਾਰੀ ਆ ਜਾਵੇ। ਇਹ ਵਾਰੀ ਦੀ ਉਡੀਕ ਕਰਨੀ ਵੀ ਬਹੁਤ ਹੀ ਮੁਸ਼ਕਿਲ ਹੈ। ਇਸ ਲਈ ਜੰਤਾ ਨੂੰ ਵੀ ਇਹ ਗਲ ਸਮਝ ਆ ਗਈ ਹੈ ਅਤੇ ਸਾਡੀਆਂ ਸੰਸਦਾ ਵਿੱਚ ਜਿਹੜੇ ਹੰਗਾਮੇ ਕੀਤੇ ਜਾ ਰਹੇ ਹਨ ਉਹ ਦੇਖਕੇ ਭਾਰਤ ਦਾ ਆਮ ਆਦਮੀ ਖ਼ੁਸ਼ ਨਹੀਂ ਹੋ ਰਿਹਾ, ਬਲਕਿ ਰੋ ਰਿਹਾ ਹੈ ਕਿ ਇਹ ਸੰਸਦਾ ਦੀਆਂ ਬੈਠਕਾਂ ਉਤੇ ਜਿਹੜਾ ਪੈਸਾ ਖ਼ਰਚ ਕੀਤਾ ਜਾ ਰਿਹਾ ਹੈ ਅਤੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਇਹ ਵੀ ਜੰਤਾ ਦੀ ਲੁੱਟ ਹੈ। ਹੋਰ ਕੁੱਝ ਵੀ ਨਹੀਂ ਹੈ। ਇਹ ਹਸਦੇ ਚਿਹਰੇ ਇਹੀ ਦਰਸਾਉਂਦੇ ਹਨ ਕਿ ਜੰਤਾ ਨਾਲ ਕੋਈ ਵੀ ਭਲਾਈ ਨਹੀਂ ਕਰ ਰਿਹਾ। ਸੋ ਦੜ ਵੱਟ ਜ਼ਮਾਨਾ ਕੱਟ ਭਲੇ ਦਿੰਨ ਆਉਣਗੇ, ਵਾਲੀ ਗਲ ਹੈ ਅਤੇ ਅਸੀਂ ਭਾਰਤੀ ਅੱਜ ਐਸੇ ਦੌਰ ਵਿੱਚ ਦੀ ਲੰਘ ਰਹੇ ਹਾਂ। ਗ਼ਮ ਜਿਸਨੇ ਦਿਈਏ ਵਹੀ ਗ਼ਮ ਦੂਰ ਕਰੇਗਾ, ਇਹ ਗਲ ਧਿਆਨ ਵਿੱਚ ਰਖਕੇ ਅਸੀਂ ਭਾਰਤੀ ਸਦੀਆਂ ਦਾ ਸਮਾਂ ਤੈਅ ਕਰ ਆਏ ਹਾਂ, ਪਰ ਹਾਲਾਂ ਵੀ ਉਹ ਉਤਲਾਂ ਸਾਡੀ ਮਦਦ ਲਈ ਨਹੀਂ ਆਇਆ। ਅਸੀਂ ਅੱਜ ਵੀ ਅਰਦਾਸਾਂ ਪਏ ਕਰਦੇ ਹਾਂ ਕਿ ਭਗਵਾਨ ਇੱਕ ਘੜੀ ਇਨਸਾਨ ਬਣਕੇ ਦੇਖ ਤੇ ਸਾਡੇ ਭਾਰਤ ਵਿੱਚ ਆਕੇ ਚਾਰ ਦਿਹਾੜੇ ਰਹਿਕੇ ਤਾਂ ਦੇਖ। ਫ਼ਿਰ ਤੈਨੂੰ ਪੱਤਾ ਲਗੇਗਾ ਕਿ ਹੱਕ ਦੀ ਕਮਾਈ ਕੀ ਹੈ ਅਤੇ ਹਰਾਮ ਦਾ ਪੈਸਾ ਕੀ ਕੀ ਪਿਆ ਕਰਦਾ ਹੈ। ਇਤਨੇ ਧਾਰਮਿਕ ਅਸਥਾਨ ਅਸੀਂ ਸਥਾਪਿਤ ਕਰ ਦਿੱਤੇ ਹਨ ਅਤੇ ਅਸੀਂ ਉਮੀਦਾ ਲਗਾਈ ਬੈਠੇ ਸਾਂ ਤੂੰ ਆਵੇਂਗਾ, ਪਰ ਤੂ ਨਹੀਂ ਆਇਆ ਅਤੇ ਤੇਰੇ ਹੀ ਬੱਚੇ ਤੇਰੇ ਹੀ ਬਚਿਆਂ ਦੀ ਲੁੱਟ ਪਏ ਕਰਦੇ ਹਨ। ਇਹ ਕੈਸਾ ਇਨਸਾਫ਼ ਹੈ।
ਦਲੀਪ ਸਿੰਘ ਵਾਸਨ, ਐਡਵੋਕੇਟ