ਕੀ ਅਸੀਂ ਕਦੇ ਸੋਚਿਐ ……………?

ਕਿ,
ਥੋੜ੍ਹੇ ਬਹੁੱਤ ਬਚੇ ਪਿੰਡਾਂ ਵਿਚ ਵੀ ਆਖਰੀ ਸਾਹਾਂ ਤੇ ਆਏ ਸੱਭਿਆਚਾਰਕ ਜੀਵਨ ਦੇ ਕੁੱਝ ਹਿੱਸਿਆਂ ਨੁੰ ਸੰਜੀਵ ਰੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਜਾਣਕਾਰੀ ਲਈ ਅਸੀਂ :
* ਤ੍ਰਿੰਝਣ ਵਿਚ ਕੁੜੀਆਂ ਚਿੜੀਆਂ ਦੇ ਚੋਲ੍ਹਰ ਨੁੰ ਕੈਮਰੇ ਦੀ ਅੱਖ ਰਾਹੀਂ ਉਸਦੇ ਪੇਟ ਵਿਚ ਸਮੋਂ ਕੇ ਰੱਖ ਲਈਏ ਤੇ ਅਜੇਹੇ ਮਹੌਲ ਨੁੰ ਵੀਡੀਓ ਕੈਸਿਟਾਂ ਰਾਹੀਂ ਨੌਜਵਾਨ ਪੀੜ੍ਹੀਆਂ ਦੇ ਰੂ-ਬ-ਰੂ ਕਰੀਏ।
* ਕਢਾਈ, ਕਰੋਸ਼ੀਏ ਅਤੇ ਕਸ਼ੀਦਾਕਾਰੀ ਦੇ ਦਿਲਕਸ਼ ਨਮੂਨੇ, ਬੋਤਲ ਵਿਚ ਮੰਜੇ ਬੁਣਨੇ ਅਤੇ ਬੋਤੇ ਜਿਹੇ ਵਿਸ਼ਾਲ ਆਕਾਰ ਖੜ੍ਹੇ ਕਰਨ ਦੀਆਂ ਸੂਖਮ ਕਲਾਵਾਂ ਦੇ ਦਿਲਕਸ਼ ਨਮੂਨੇ, ਸਾਂਭ ਕੇ ਰੱਖ ਲਈਏ ਜੋ ਚਿਰਾਂ ਤੱਕ ਸਾਨੁੰ ਖੁਸ਼ੀ ਤੇ ਫਖ਼ਰ ਦੀ ਘੜੀ ਬਖਸ਼ਦੇ ਰਹਿਣਗੇ।
* ਜਨਮ ਸਮੇਂ ਦੇ ਗੀਤ ਦਾਦੀ ਮਾਂ ਦੀਆਂ ਲੋਰੀਆਂ ਅਤੇ ਥਾਲ ਆਦਿ ਸਾਂਭਣ ਲਈ ਯਤਨਸ਼ੀਲ ਹੋਈਏ।
* ਪੇਂਡੂ ਖੇਲ੍ਹਾਂ ਕਬੱਡੀ, ਸੱਤ-ਡੀਟ੍ਹੀ, ਗੁੱਲੀ ਡੰਡਾ, ਕੋਟਲਾ ਛਪਾਕੀ, ਲੁਕਣ-ਮੀਟੀ, ਡੰਡਾ-ਡੁੱਕ, ਲੱਲ੍ਹ-ਮਲੱਲ੍ਹੀ, ਖੇਡਾਂ, ਪਿਲ-ਚੋਟ, ਅਖਰੋਟਾਂ ਦੀ ਖੇਡ, ਬੋਰੀ ਚੁੱਕਣਾ, ਮੁਗਧਰ ਚੁਕਣਾ, ਮੂੰਗਲੀਆਂ ਫੇਰਨਾ ਜਿਹੇ ਸ਼ੌਕ ਨੁੰ ਨਵੀਂ ਪੀੜ੍ਹੀ ਵਿਚ ਬਰਕਰਾਰ ਰੱਖਣ ਲਈ ਹੰਭਲਾ ਮਾਰੀਏ।
* ਮੰਗਣੇ ਅਤੇ ਵਿਆਹ ਸਮੇਂ ਗਾਏ ਜਾਂਦੇ ਗੀਤ, ਘੋੜੀਆਂ, ਸੁਹਾਗ ਸਿਠਣੀਆਂ, ਹੇਰ੍ਹੇ, ਜੰਨ ਬੰਨਣਾਂ, ਜੰਨ ਛੁਡਾਉਣੀ ਆਦਿ ਦੀਆਂ ਆਡੀਓ ਕੈਸਟਾ ਭਰਕੇ ਰੱਖ ਲਈਏ।
* ਖੁਸ਼ੀ ਦੇ ਪਲਾਂ ਚ ਖੁਸ਼ੀ ਸਾਂਝੀ ਕਰਨ ਲਈ ਆਏ ਰਿਸ਼ਤੇਦਾਰ, ਮਿੱਤਰ, ਸਨੇਹੀ ਜਦੋਂ ਮੇਲੀਆਂ (ਨਾਨਕਾ ਮੇਲ) ਦੇ ਰੂਪ ਵਿਚ ਮਿਲਦੇ ਹਨ, ਅਜਿਹੇ ਪਲਾਂ ਨੁੰ ਸਾਂਭ ਲਈਏ।
* ਪੁਰਾਣੇ ਢਾਡੀਆਂ ਵੱਲੋਂ, ਕਵੀਸ਼ਰਾਂ ਵੱਲੋਂ ਦੋਤਾਰੇ ਅਤੇ ਆਲਗੋਜਿਆਂ ਨਾਲ ਗਾਉਣ ਵਾਲੇ ਗਵੱਈਆਂ ਦੀਆਂ ਯਾਦਗਾਰੀ ਰਚਨਾਵਾਂ ਨੁੰ ਸਾਂਭਣ ਲਈ ਤੇ ਇਸ ਦੀ ਖੁਰਦੀ ਜਾ ਰਹੀ ਕਲਾ ਨੁੰ ਜੀਵਤ ਰੱਖਣ ਲਈ ਸਾਰਥਕ ਕਦਮ ਚੁਕੀਏ।
* ਪੰਜਾਬੀ ਲੋਕ ਸਾਜ਼ਾਂ ਢੋਲ, ਅਲਗੋਜ਼ੇ, ਢੋਲਕੀ, ਚਿਮਟਾ, ਸੱਪ, ਤੂੰਬਾ, ਕਾਟੇ ਘੜਾ ਘੜੋਲੀ, ਬੁਗਦੂ ਢੱਡ, ਆਦਿ ਦੀ ਸੰਭਾਲ ਕਰੀਏ ਤੇ ਇਸ ਨੁੰ ਵਜਾਉਣ ਦੇ ਢੰਗ ਤਰੀਕੇ ਨਵੀਆਂ ਪੀੜ੍ਹੀਆਂ ਨੁੰ ਸਿਖਾਈਏ।
* ਨਵੀਂ ਪੀੜ੍ਹੀ ਵਿਚੋਂ ਵਿਸਰ ਰਹੀਆਂ ਸਭਿਆਚਾਰਕ ਕਦਰਾਂ ਕੀਮਤਾਂ ਕੇ ਵੱਡੇ ਨੂੰ ਸਤਿਕਾਰਨ ਅਤੇ ਛੋਟੇ ਨੁੰ ਪਿਆਰਨ ਦੀ ਜਾਚ ਤੇ ਲਗਨ ਬਰਕਰਾਰ ਰੱਖਣ ਲਈ ਇਨ੍ਹਾਂ ਨੁੰ ਉਹੀ ਪੁਰਾਣੀ ਵਿਰਸੇ ਵਾਲੀ ਜੀਵਨ ਜਾਚ ਨਾਲ ਜੋੜੀ ਰੱਖਣ ਲਈ ਤਾਣ ਲਈਏ।
• ਧੀਆਂ ਭੈਣਾਂ ਨੂੰ ਅਜਿਹਾ ਪਹਿਰਾਵਾ ਪਹਿਨਣ ਦੀ ਖੁੱਲ੍ਹ ਨਾ ਦੇਈਏ ਜਿਸ ਨਾਲ ਧੀ-ਭੈਣ ਦੀ ਸ਼ਰਮ ਉਤੇ ਅਤੇ ਸਾਡੇ ਲਈ ਧੋਣ ਅਕੜਾ ਕੇ ਚੱਲਣ ਤੇ ਹਲਫ ਆਉਂਦੀ ਹੋਵੇ।
• ਪੱਛਮੀ ਪ੍ਰਭਾਵ ਤੋਂ ਬਚਾ ਕੇ ਵਿਰਸੇ ਵਿਚ ਮਿਲੇ ਲੋਕ-ਨਾਚ ਭੰਗੜਾ ਤੇ ਗਿੱਧੇ ਨੁੰ ਇਸ ਦੇ ਮੋਲਿਕ ਰੂਪ ਵਿਚ ਸਾਂਭਣ ਲਈ ਯਤਨਸ਼ੀਲ ਹੋਈਏ।
• ਪੰਜਾਬੀ ਗਾਇਕੀ ਨੁੰ ਲੱਚਰ ਗਾਇਕੀ ਰਹਿਤ ਰੱਖ ਕੇ ਸੱਭਿਆਚਾਰਕ ਕਦਰਾਂ ਕੀਮਤਾਂ ਨੁੰ ਉੱਚਾ ਰੱਖਣ ਲਈ ਹੰਭਲਾ ਮਾਰੀਏ ਤੇ ਲੱਚਰ ਗਾਇਕੀ ਵਾਲੇ ਗੀਤਕਾਰਾਂ ਅਤੇ ਗਵੱਈਆਂ ਨੁੰ ਨਕਾਰ ਕੇ ਸਦਾਚਾਰਕ ਗਾਇਕੀ ਵਾਲੇ ਗੀਤਕਾਰਾਂ ਅਤੇ ਗਾਇਕਾਂ ਨੂੰ ਸਤਿਕਾਰੀਏ।

ਜੇਕਰ ਸਰਕਾਰ ਅਜਿਹੇ ਕਦਮ ਚੁਕਣ ਲਈ ਅਵੇਸਲੀ ਹੈ ਤਾਂ ਸੱਭਿਆਚਾਰਕ ਸੰਸਥਾਵਾਂ ਅਜਿਹਾ ਮੰਤਵ ਹਾਸਲ ਕਰਨ ਲਈ ਦ੍ਰਿੜ੍ਹ ਸੰਕਲਪ ਹੋ ਕੇ ਅੱਗੇ ਆਉਣ ਤੇ ਉਸਾਰੂ ਸੋਚ ਰੱਖਦੇ ਹੋਏ ਇਸਨੂੰ ਜਨਤਕ ਲਹਿਰ ਬਣਾ ਕੇ ਪੰਜਾਬੀ ਸੱਭਿਆਚਾਰ ਦੇ ਪਾਸਾਰੇ ਲਈ ਸਮ੍ਰਪਿਤ ਹੋਣ।ਸੋ ਆਉ ਆਪਾਂ ਪੰਜਾਬੀ ਸੱਭਿਆਚਾਰ ਨੂੰ ਵਿਕਸਿਤ ਕਰਨ ਲਈ ਪ੍ਰੋ: ਮੋਹਣ ਸਿੰਘ ਦੇ ਸੁਪਨਿਆਂ ਦਾ ਪੰਜਾਬ ਤਾਬੀਰ ਕਰੀਏ :ਪ੍ਰੋ: ਪੂਰਨ ਸਿੰਘ ਦੀ ਖੁੱਲ੍ਹ-ਦਿਲੀ ਵਾਲਾ ਅਤੇ ਧਨੀ ਰਾਮ ਚਾਤ੍ਰਿਕ ਦੇ ਜਿਹਨ ਵਿਚ ਉਕਰੇ ਪੰਜਾਬ ਦਾ ਅਕਸ਼ ਸਾਕਾਰ ਕਰੀਏ।

ਆਮੀਨ !

ਗੁਰਮਿੰਦਰ ਪਾਲ ਸਿੰਘ ਆਹਲੂਵਾਲੀਆ
001416 500 9331